ਪਟਿਆਲਾ: ਅੰਮ੍ਰਿਤਸਰ ‘ਚ ਪੁਲਿਸ ਮੁਲਾਜ਼ਮਾਂ ਵਲੋਂ ਚਾਰ ਔਰਤਾਂ ਦੇ ਮੱਥੇ ‘ਤੇ ‘ਜੇਬਕਤਰੀ’ ਲਿਖਵਾਉਣ ਦੀ ਘਟਨਾ ਦੇ 23 ਸਾਲਾਂ ਬਾਅਦ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਤਿੰਨ ਪੁਲਿਸ ਵਾਲਿਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਹੈ। ‘ਜੇਬਕਤਰੀ’ ਲਿਖਵਾਉਣ ਵਾਲੀ ਘਟਨਾ ਦੀ ਵੱਡੇ ਪੱਧਰ ‘ਤੇ ਨਿੰਦਾ ਹੋਈ ਸੀ।
ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਨੇ ਉਸ ਵੇਲੇ ਦੇ ਪੁਲਿਸ ਕਪਤਾਨ ਸੁਖਦੇਵ ਸਿੰਘ ਚੀਨਾ ਅਤੇ ਰਾਮਬਾਗ ਥਾਣੇ ਦੇ ਉਸ ਵੇਲੇ ਦੇ ਮੁਖੀ ਨਰਿੰਦਰ ਸਿੰਘ ਮੱਲ੍ਹੀ ਨੂੰ ਤਿੰਨ ਸਾਲਾਂ ਦੀ ਕੈਦ ਬਾ-ਮਸ਼ੱਕਤ ਸੁਣਾਈ ਹੈ। ਜੱਜ ਨੇ ਏ.ਐਸ.ਆਈ. ਕੰਵਲਜੀਤ ਸਿੰਘ ਨੂੰ ਵੀ ਇਕ ਸਾਲ ਦੀ ਸਜ਼ਾ ਸੁਣਾਈ ਹੈ।
ਦਸੰਬਰ 1993 ‘ਚ ਹੋਈ ਇਸ ਘਟਨਾ ਦੀ ਵੱਡੇ ਪੱਧਰ ‘ਤੇ ਨਿੰਦਾ ਹੋਈ ਸੀ। ਉਦੋਂ ਅੰਮ੍ਰਿਤਸਰ ਦੇ ਪੁਲਿਸ ਮੁਲਾਜ਼ਮਾਂ ਨੇ 4 ਔਰਤਾਂ ਦੇ ਮੱਥੇ ‘ਤੇ ‘ਜੇਬਕਤਰੀ’ ਸ਼ਬਦ ਲਿਖਵਾ ਦਿੱਤੇ ਸਨ।
ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਪੁਲਿਸ ਨੇ ਸੁਣਵਾਈ ਦੌਰਾਨ ਉਨ੍ਹਾਂ ਔਰਤਾਂ ਦੇ ਮੱਥੇ ਚੁੰਨੀ ਨਾਲ ਢਕ ਕੇ ਅਦਾਲਤ ‘ਚ ਪੇਸ਼ ਕੀਤਾ। ਉਨ੍ਹਾਂ ਚਾਰਾਂ ਵਿਚੋਂ ਇਕ ਔਰਤ ਨੇ ਆਪਣੇ ਮੱਥੇ ‘ਤੇ ਲਿਿਖਆ ‘ਜੇਬਕਤਰੀ’ ਸ਼ਬਦ ਜੱਜ ਨੂੰ ਦਿਖਾ ਦਿੱਤਾ ਤਾਂ ਇਹ ਮਾਮਲਾ ਸੁਰਖੀਆਂ ‘ਚ ਆਇਆ।
ਪੀੜਤਾਂ ਨੇ ਸਾਲ 1994 ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਇਕ ਰਿਟ ਦਾਖਲ ਕਰ ਦੋਸ਼ੀ ਪੁਲਿਸ ਮੁਲਜ਼ਮਾਂ, ਪੰਜਾਬ ਸਰਕਾਰ, ਅੰਮ੍ਰਿਤਸਰ ਪੁਲਿਸ ਕਪਤਾਨ ਅਤੇ ਹੋਰਾਂ ਨੂੰ ਉਘਰੇ ਸ਼ਬਦ ਹਟਾਉਣ ਲਈ ਪਲਾਸਟਿਕ ਸਰਜਰੀ ਕਰਾਉਣ ਦਾ ਇੰਤਜ਼ਾਮ ਕਰਨ, ਅਣਮਨੁੱਖੀ ਕਾਰੇ ਅਤੇ ਹੋਏ ਅਪਮਾਨ ਲਈ ਮੁਆਵਜ਼ਾ ਦੇਣ ਅਤੇ ਦੋਸ਼ੀ ਪੁਲਿਸ ਵਾਲਿਆਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ।