ਲੁਧਿਆਣਾ (28 ਫਰਵਰੀ, 2015): ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਦੇ ਹਮਾਇਤੀ ਸਿੱਖ ਕਾਰਕੂਨਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਬਣ ਰਹੀ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੰਦੀ ਸਿੰਘ ਰਿਹਾਈ ਲਹਿਰ ਨੂੰ ਦਬਾਉਣ ਤਹਿਤ ਹੀ ਅੱਜ ਪੁਲਿਸ ਨੇ ਰੋਜ਼ਾਨਾ ਪੰਜਾਬੀ ਅਖਬਾਰ ਸ੍ਰ. ਜਸਪਾਲ ਸਿੰਘ ਹੇਰਾਂ ਸਮੇਤ ਸੈਕੜੇ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਰੋਜ਼ਾਨਾ ਪਹਿਰੇਦਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਦੀ ਹਮਾਇਤ ਲਈ ਜਗਰਾਉਂ ਤੋਂ ਲੁਧਿਆਣਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ।
ਜਸਪਾਲ ਸਿੰਘ ਹੇਰਾਂ ਅਤੇ ਹੋਰ ਸਿੱਖ ਕਾਰਕੂਨਾਂ ਨੇ ਜਿਉਂ ਹੀ 12: 30 ਵਜੇ ਦੁਪਹਿਰ ਜਗਰਾਉਂ ਤੋਂ ਜਦ ਮਾਰਚ ਆਰੰਭ ਕੀਤਾ ਤਾਂ ਪੁਲਿਸ ਨੇ ਮਾਰਚ ਅੱਗੇ ਨਾ ਜਾਣ ਦਿੱਤਾ। ਲਗਭਗ ਅੱਧੇ ਘੰਟੇ ਦੇ ਤਤਕਾਰ ਤੋਂ ਬਾਅਦ ਪੁਲਿਸ ਨੇ ਸ੍ਰ. ਹੇਰਾਂ ਨੂੰ ਹੋਰ ਦਰਜਨ ਪੱਤਰਕਾਰਾਂ ਨੂੰ ਗ੍ਰਿਫਤਾਰ ਕਰ ਲਿਆ।ਇਸਤੋਂ ਇਲਾਵਾ ਮਾਰਚ ਵਿੱਚ ਭਾਗ ਲੈਣ ਆਏ ਕਾਰਕੂਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਗ੍ਰਿਫਤਾਰ ਵਿਅਕਤੀਆਂ ਨੂੰ ਸਦਰ ਥਾਵਾ ਜਗਰਾਉਂ, ਸਿੱਧਵਾਂ ਬੇਟ ਅਤੇ ਥਾਣਾ ਚੌਕੀਮਾਨ ਵਿੱਚ ਰੱਖਿਆ ਗਿਆ ਹੈ।ਪ੍ਰੈਸ ਨਾਲ ਗੱਲ ਕਰਦਿਆਂ ਸ੍ਰ. ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਬਣ ਰਹੀ ਲਹਿਰ ਨੂੰ ਦਬਾਉਣ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ।