ਚੰਡੀਗੜ੍ਹ( 14 ਦਸੰਬਰ, 2015): ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਿੱਖ ਨੌਜਾਵਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦਾ ਪਰਦਾਫਾਸ਼ ਕਰਨ ਵਾਲੇ ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ‘ਤੇ ਨੌਕਰੀ ਬਹਾਲੀ ਲਈ 50 ਲੱਖ ਰੁਪਏ ਦੀ ਰਿਸ਼ਵਾਤ ਲੈਣ ਦੇ ਦੋਸ਼ ਲਾਉਦਿਆਂ ਸਪੀਡ ਪੋਸਟ ਰਾਹੀਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਭੇਜੀ ਹੈ।
ਪਿੰਕੀ ਨੇ ਸੈਕਟਰ 26 ਥਾਣੇ ਦੇ ਐਸਐਚਓ ਨੂੰ ਦਿੱਤੀ ਸ਼ਿਕਾਇਤ ਦੀਆਂ ਕਾਪੀਆਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪੰਜਾਬ ਦੇ ਪ੍ਰਮੁੱਖ ਸਕੱਤਰ ਗ੍ਰਹਿ ਤੇ ਹੋਰਾਂ ਨੂੰ ਭੇਜ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਸੈਣੀ ਦੇ ਪੀਐਸਓ ਓਮਾ ਸ਼ੰਕਰ ਅਤੇ ਅਮਨਦੀਪ ਕੁਮਾਰ ਉਰਫ ਸਕੌਡਾ ਦੇ ਨਾਂ ਵੀ ਸ਼ਾਮਲ ਹਨ।
ੳੁਸ ਨੇ ਸੈਣੀ ਵਰਗੇ ਉਚ ਅਧਿਕਾਰੀ ਖ਼ਿਲਾਫ਼ ਸ਼ਿਕਾਇਤ ਦੇਣ ਕਾਰਨ ਅਾਪਣੀ ਜਾਨ ਨੂੰ ਖਤਰਾ ਵੀ ਦੱਸਿਅਾ ਹੈ। ਪਿੰਕੀ ਨੇ ਸ਼ਿਕਾਇਤ ਵਿਚ ਲਿਖਿਆ ਹੈ ਕਿ ਸਕੌਡਾ ਨੇ ਖ਼ੁਦ ਨੂੰ ਸੈਣੀ ਦਾ ਖਾਸ ਬੰਦਾ ਦੱਸਦਿਆਂ ਉਸ (ਪਿੰਕੀ) ਦੀ ਬਹਾਲੀ ਲਈ 50 ਲੱਖ ਰੁਪਏ ਰਿਸ਼ਵਤ ਮੰਗੀ ਸੀ। ਪਿੰਕੀ ਅਨੁਸਾਰ ੳੁਸ ਨੇ 1 ਜਨਵਰੀ, 2015 ਨੂੰ ਸਕੌਡਾ ਨੂੰ 30 ਲੱਖ ਰੁਪਏ ਦਿੱਤੇ ਸਨ ਜੋ ਬਾਅਦ ਵਿੱਚ ਡੀਜੀਪੀ ਦਾ ਪੀਐਸਓ ਓਮਾ ਸ਼ੰਕਰ ਲੈ ਗਿਆ ਸੀ।
ਪਿੰਕੀ ਅਨੁਸਾਰ ਲੰਮਾ ਸਮਾਂ ਬਹਾਲੀ ਨਾ ਹੋਣ ’ਤੇ ਸਕੌਡਾ ਨੇ 8 ਅਪਰੈਲ ਨੂੰ ਉਸ ਨੂੰ 30 ਲੱਖ ਰੁਪਏ ਲੈਣ ਦਾ ਹਲਫਨਾਮਾ ਦੇ ਕੇ ਛੇਤੀ ਬਹਾਲੀ ਦਾ ਵਾਅਦਾ ਕੀਤਾ ਸੀ। ੲਿਸ ਦੌਰਾਨ ੳੁਸ ਨੇ ਸਕੌਡਾ ਨੂੰ ਬਾਕੀ 20 ਲੱਖ ਰੁਪੲੇ ਵੀ ਦੇ ਦਿੱਤੇ ਤੇ 18 ਮਈ ਨੂੰ ੳੁਸ ਨੂੰ ਪੁਲੀਸ ਲਾਈਨ ਫਤਿਹਗੜ੍ਹ ਸਾਹਿਬ ਵਿਖੇ ਡਿਊਟੀ ਜੁਆਇਨ ਕਰਨ ਦੇ ਹੁਕਮ ਮਿਲ ਗੲੇ। ੳੁਸ ਨੇ ਦੋਸ਼ ਲਾੲਿਅਾ ਕਿ ਮਗਰੋਂ 24 ਮਈ ਨੂੰ ਉਸ ਦੇ ਬਹਾਲੀ ਦੇ ਹੁਕਮ ਅਚਨਚੇਤ ਵਾਪਸ ਲੈ ਲਏ ਗੲੇ।
ਦੂਜੇ ਪਾਸੇ ਚੰਡੀਗੜ੍ਹ ਪੁਲੀਸ ਇਹ ਸ਼ਿਕਾਇਤ ਮਿਲਣ ਕਾਰਨ ਸ਼ਸ਼ੋਪੰਜ ਵਿਚ ਹੈ। ਸੰਪਰਕ ਕਰਨ ’ਤੇ ਚੰਡੀਗੜ੍ਹ ਦੇ ਐਸਐਸਪੀ ਡਾ. ਸੁਖਚੈਨ ਸਿੰਘ ਗਿੱਲ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਸੈਣੀ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਉਨ੍ਹਾਂ ਤਾਂ ਕਦੇ ਸਕੌਡਾ ਦੀ ਸ਼ਕਲ ਵੀ ਨਹੀਂ ਦੇਖੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਪੱਤਰਕਾਰ ਕੰਵਰ ਸੰਧੂ ਵੱਲੋਂ ਯੂ ਟਿਊਬ ‘ਤੇ ਜਾਰੀ ਕੀਤੀ ਇੰਟਰਵਿਓੂ ਵਿੱਚ ਪਿੰਕੀ ਨੇ ਸੁਮੇਧ ਸੈਣੀ ਅਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਹਿਰਾਸਤ ਵਿੱਚ ਮਾਰੇ ਸਿੱਖ ਨੌਜਵਾਨਾਂ ਦੀ ਕਹਾਣੀ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ ਉਸਨੇ ਵਿਸਥਾਰ ਨਾਲ ਦੱਸਿਆ ਸੀ ਕਿ ਕਿਹੜੇ-ਕਿਹੜੇ ਸਿੱਖ ਨੌਜਵਾਨਾਂ ਨੂੰ ਕਿਹੜੇ-ਕਿਹੜੇ ਪੁਲਿਸ ਅਫਸਰਾਂ ਵੱਲੋਂ ਉਸਦੇ ਸਾਹਮਣੇ ਮਾਰਿਆ ਗਿਆ ਸੀ।