ਫ਼ਰੀਦਕੋਟ: ਇੱਕ ਮੀਟਿੰਗ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਥੱਪੜ ਮਾਰਨ ਵਾਲੇ ਬਜੁਰਗ ਜਰਨੈਲ ਸਿੰਘ ਨੂੰ ਕੱਲ੍ਹ ਪੁਲਿਸ ਵੱਲੋਂ ਮੈਡੀਕਲ ਕਾਲੇਜ ਫਰੀਦਕੋਟ ਤੋਂ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਉਹ 19 ਨਵੰਬਰ ਤੋਂ ਜੇਰੇ ਇਲਾਜ ਹੈ।
ਜਿਕਰਯੋਗ ਹੈ ਕਿ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਕੀਟਨਾਸ਼ਕਾਂ ਵਿੱਚ ਹੋਈ ਘਪਲੇਬਾਜੀ ਤੋਂ ਬਾਅਦ ਪੰਜਾਬ ਸਰਕਾਰ ਖਿਲਾਫ ਉੱਠੇ ਲੋਕ ਰੋਹ ਦੇ ਚਲਦਿਆਂ ਬਜੁਰਗ ਜਰਨੈਲ ਸਿੰਘ ਨੇ ਇੱਕ ਮੀਟਿੰਗ ਦੌਰਾਨ ਮੰਤਰੀ ਮਲੂਕਾ ਦੇ ਥੱਪੜ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਮੌਕੇ ਤੇ ਮੋਜੂਦ ਅਕਾਲੀ ਦਲ ਦੀ ਯੂਥ ਬ੍ਰਿਗੇਡ ਨੇ ਕਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਹੋਏ ਬਜੁਰਗ ਦੀ ਕਾਫੀ ਕੁੱਟਮਾਰ ਕੀਤੀ ਸੀ ਜਿਸ ਕਾਰਨ ਉਨ੍ਹਾਂ ਦਾ ਇਲਾਜ ਮੈਡੀਕਲ ਕਾਲੇਜ ਫਰੀਦਕੋਟ ਵਿਖੇ ਚਲ ਰਿਹਾ ਸੀ।
ਪੁਲਿਸ ਤੇ ਦੋਸ਼ ਲਾਉਂਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਚੰਗੇ ਇਲਾਜ ਦੀ ਜਰੂਰਤ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਮਾਰਕੁੱਟ ਕਾਰਨ ਦਰਦ ਹੈ ਪਰ ਇਸ ਦੇ ਬਾਵਜੂਦ ਡਾਕਟਰਾਂ ਵੱਲੋਂ ਪੁਲਿਸ ਦੀ ਹਾਜਰੀ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।ਜਰਨੈਲ ਸਿੰਘ ਨੇ ਕਿਹਾ ਕਿ ਛੁੱਟੀ ਵਾਲੇ ਕਾਗਜਾਂ ਤੇ ਉਨ੍ਹਾਂ ਦੇ ਅੰਗੂਠੇ ਤੇ ਦਸਤਖ਼ਤ ਵੀ ਪੁਲਿਸ ਵਲੋਂ ਆਪ ਫੜ ਕੇ ਜਬਰਨ ਲਗਵਾਏ ਗਏ।
ਜਰਨੈਲ ਸਿੰਘ ਦੇ ਵਕੀਲ ਐਨ.ਕੇ ਜੀਤ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਠਿੰਡਾ ਦੀ ਸੈਸ਼ਨ ਕੋਰਟ ਵਿੱਚ ਅਗਾਊਂ ਜਮਾਨਤ ਦੀ ਅਰਜੀ ਦਾਇਰ ਕਰ ਦਿੱਤੀ ਗਈ ਹੈ।ਜਰਨੈਲ ਸਿੰਘ ਖਿਲਾਫ ਥਾਣਾ ਦਿਆਲਪੁਰਾ ਵਿੱਚ ਆਈ.ਪੀ.ਸੀ ਦੀ ਧਾਰਾ 353, 186, 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਦਿਆਲਪੁਰਾ ਵਿੱਚ ਪੁਲਿਸ ਵੱਲੋਂ ਮੰਤਰੀ ਮਲੂਕਾ ਦੇ ਪੀ.ਏ ਕੁਲਦੀਪ ਚੰਦ ਦੀ ਸ਼ਿਕਾਇਤ ਤੇ ਪਰਚਾ ਦਰਜ ਕੀਤਾ ਗਿਆ ਹੈ ਜਿਸ ਅਨੁਸਾਰ ਜਰਨੈਲ ਸਿੰਘ ਨੂੰ ਅਕਾਲੀ ਦਲ ਦੀ ਯੂਥ ਬ੍ਰਿਗੇਡ ਨੇ ਨਹੀਂ, ਬਲਕਿ ਆਮ ਲੋਕਾਂ ਨੇ ਕੁੱਟਿਆ।
ਥਾਣਾ ਦਿਆਲਪੁਰਾ ਦੇ ਐਸ.ਐਚ.ਓ ਬੀਰਬਲ ਸਿੰਘ ਨੇ ਕਿਹਾ ਕਿ ਜਰਨੈਲ ਸਿੰਘ ਦੀ ਕੁੱਟਮਾਰ ਬਾਰੇ ਉਨ੍ਹਾਂ ਦੇ ਥਾਣੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਹੋਈ ਹੈ।ਜਦਕਿ 24 ਨਵੰਬਰ ਨੂੰ ਅਖਬਾਰਾਂ ਵਿੱਚ ਛਪੀਆਂ ਖਬਰਾਂ ਅਨੁਸਾਰ ਜਰਨੈਲ ਸਿੰਘ ਵੱਲੋਂ ਬਠਿੰਡਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ 50 ਹੋਰ ਵਿਅਕਤੀਆਂ ਖਿਲਾਫ ਇਰਾਦਾ ਕਤਲ ਦੇ ਦੋਸ਼ ਹੇਠ ਜੇਸ ਦਰਜ ਕਰਨ ਦੀ ਮੰਘ ਕੀਤੀ ਗਈ ਸੀ।ਇਸ ਸ਼ਿਕਾਇਤ ਨਾਲ ਉਨ੍ਹਾਂ ਇੱਕ ਚਸ਼ਮਦੀਦ ਦਾ ਬਿਆਨ ਵੀ ਭੇਜਿਆ ਸੀ ਜਿਸ ਵਿੱਚ ਚਸ਼ਮਦੀਦ ਸੁਖਦੇਵ ਸਿੰਘ ਨੇ ਕਿਹਾ ਸੀ ਕਿ ਸਿਕੰਦਰ ਸਿੰਘ ਮਲੂਕਾ ਦੀ ਯੂਥ ਬ੍ਰਿਗੇਡ ਵਿੱਚ ਸ਼ਾਮਿਲ 50 ਨੌਜਵਾਨਾਂ ਨੇ ਘੇਰ ਕੇ ਜਰਨੈਲ ਸਿੰਘ ਦੀ ਕੁੱਟਮਾਰ ਕੀਤੀ ਸੀ।
ਪਰ ਕੱਲ੍ਹ ਜਿਵੇਂ ਜਰਨੈਲ ਸਿੰਘ ਨੂੰ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਦੀ ਸ਼ਿਕਾਇਤ ਤੇ ਅਜੇ ਤੱਕ ਪੁਲਿਸ ਵੱਲੋਂ ਮੰਤਰੀ ਮਲੂਕਾ ਅਤੇ ਉਨ੍ਹਾਂ ਦੀ ਯੂਥ ਬ੍ਰਿਗੇਡ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਪ੍ਰਤੱਖ ਨਜਰ ਆ ਰਿਹਾ ਹੈ ਕਿ ਅਜੇ ਤੱਕ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਇੱਕ ਪਾਸੜ ਕਾਰਵਾਈ ਕਰ ਰਹੀ ਹੈ, ਜੋ ਕਿ ਬੀਤੇ ਦਿਨੀਂ ਪੰਜਾਬ ਦੇ ਨਵੇਂ ਬਣੇ ਡੀ.ਜੀ.ਪੀ ਸੁਰੇਸ਼ ਅਰੋੜਾ ਵੱਲੋਂ ਦਿੱਤੇ ਬਿਆਨ ਕਿ ਅਕਾਲੀ ਆਗੂਆਂ ਨੂੰ ਪੁਲਿਸ ਦੇ ਕੰਮ ਵਿੱਚ ਦਖਲ ਨਹੀਂ ਦੇਣ ਦੇਵਾਂਗੇ ਨੂੰ ਝੂਠਾ ਸਾਬਿਤ ਕਰ ਰਹੀ ਹੈ।