ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਧਿਆਨ ਸਿੰਘ ਮੰਡ (ਫਾਇਲ ਫੋਟੋ)

ਸਿਆਸੀ ਖਬਰਾਂ

ਕਾਰਜਕਾਰੀ ਜਥੇਦਾਰਾਂ ਦੇ ਖਿਲਾਫ ਪੁਲਸੀਆ ਕਾਰਵਾਈ : ਭਾਈ ਅਜਨਾਲਾ ਗ੍ਰਿਫਤਾਰ

By ਸਿੱਖ ਸਿਆਸਤ ਬਿਊਰੋ

June 23, 2016

ਬਠਿੰਡਾ: ਮਿਲੀਆਂ ਰਿਪੋਰਟਾਂ ਮੁਤਾਬਕ 10 ਨਵੰਬਰ 2015 ਦੇ ਪੰਥਕ ਇਕੱਠ ਵਿਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਨੇ ਛਾਪੇਮਾਰੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੁਨਾਇਟਿਡ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਫੜ੍ਹਨ ਲਈ ਵੀ ਛਾਪੇਮਾਰੀ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਯੁਨਾਇਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਦੇ ਘਰ ਸਵੇਰੇ 3:30 ਵਜੇ ਛਾਪਾ ਮਾਰਿਆ ਗਿਆ ਪਰ ਉਹ ਘਰ ਨਹੀਂ ਸੀ। ਫਿਰ ਤਕਰੀਬਨ 10 ਵਜੇ ਸਵੇਰੇ ਪੁਲਿਸ ਨੇ ਉਨ੍ਹਾਂ ਦੇ ਪਿੰਡ ਬੁਰਜ ਮਹਿਮਾ ਵਿਖੇ ਵੀ ਛਾਪਾ ਮਾਰਿਆ ਪਰ ਉਹ ਉਥੇ ਵੀ ਨਹੀਂ ਪੁਲਿਸ ਹੱਥ ਲੱਗੇ।

ਇਸੇ ਤਰ੍ਹਾਂ, ਦਮਦਮੀ ਟਕਸਾਲ ਅਜਨਾਲਾ ਦੇ ਮੁੱਖ ਦਫਤਰ ਵਿਖੇ ਵੀ 3:30 ਵਜੇ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਛਾਪਾ ਮਾਰਿਆ ਗਿਆ ਪਰ ਭਾਈ ਅਮਰੀਕ ਸਿੰਘ ਅਜਨਾਲਾ ਉਥੇ ਨਹੀਂ ਮਿਲੇ।

ਕੋਟਕਪੂਰਾ ਪੁਲਿਸ ਨੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਨਾਕੇ ’ਤੇ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਬਠਿੰਡਾ ਜਾ ਰਹੇ ਸਨ।

ਮਾਨ ਦਲ ਦੇ ਆਗੂ ਪਰਮਿੰਦਰ ਸਿੰਘ ਬਾਲਿਆਂਵਾਲੀ ਨੂੰ ਵੀ ਇਸੇ ਦੌਰਾਨ ਗ੍ਰਿਫਤਾਰ ਕਰ ਲਿਆ।

ਯੁਨਾਇਟਿਡ ਅਕਾਲੀ ਦਲ ਦੇ ਪ੍ਰਤੀਨਿਧ ਨੇ ਸਿੱਖ ਸਿਆਸਤ ਨਿਊਜ਼ ਨਾਲ ਫੋਨ ’ਤੇ ਗੱਲ ਕਰਦੇ ਹੋਏ ਦੱਸਿਆ ਕਿ ਕਾਰਜਕਾਰੀ ਜਥੇਦਾਰਾਂ ਨੇ ਤਲਵੰਡੀ ਸਾਬੋ ਵਿਖੇ ਗੁਰਦੁਆਰਾ ਸਾਹਿਬ ਵਿਚ ਦਫਤਰ ਖੋਲ੍ਹਣ ਦਾ ਪ੍ਰੋਗਰਾਮ ਬਣਾਇਆ ਸੀ ਅਤੇ ਪੁਲਿਸ ਵਲੋਂ ਕਾਰਜਾਰੀ ਜਥੇਦਾਰਾਂ ਅਤੇ ਪਾਰਟੀ ਆਗੂਆਂ ਦੀ ਫੜੋ-ਫੜਾਈ ਇਸੇ ਸਿਲਸਿਲੇ ਵਿਚ ਕੀਤੀ ਗਈ ਹੈ।

ਯਾਦਵਿੰਦਰ ਸਿੰਘ ਬਠਿੰਡਾ ਨੇ ਕਿਹਾ, “ਅਸੀਂ ਤਲਵੰਡੀ ਸਾਬੋ-ਬਠਿੰਡਾ ਰੋਡ ’ਤੇ ਸਥਿਤ ਦਮਦਮੀ ਟਕਸਾਲ ਗੁਰਮਤ ਵਿਿਦਆਲਾ ਵਿਖੇ ਦਫਤਰ ਖੋਲ੍ਹਣਾ ਸੀ ਪਰ ਪੁਲਿਸ ਨੇ ਗੁਰਦੁਆਰਾ ਸਾਹਿਬ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ”।

ਉਨ੍ਹਾਂ ਕਿਹਾ ਕਿ ਯੁਨਾਇਟਿਡ ਅਕਾਲੀ ਦਲ ਅਤੇ ਮਾਨ ਦਲ ਦੇ ਬਹੁਤ ਸਾਰੇ ਆਗੂ ਪੁਲਿਸ ਹੱਥੋਂ ਪਰੇਸ਼ਾਨ ਹੋਣ ਤੋਂ ਬਚਣ ਲਈ ਰੂਪੋਸ਼ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਫੜ੍ਹੇ ਗਏ ਆਗੂ ਅਧਿਕਾਰਕ ਰੂਪ ਵਿਚ ਹਾਲੇ ਗ੍ਰਿਫਤਾਰ ਨਹੀਂ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਮਾਨ ਦਲ ਅਤੇ ਯੁਨਾਇਟਿਡ ਦਲ ਦੇ ਆਗੂਆਂ ਨੂੰ ਸਿਆਸੀ ਕਾਰਨਾਂ ਕਰਕੇ ਤੰਗ-ਪਰੇਸ਼ਾਨ ਕਰ ਰਹੀ ਹੈ।

ਯਾਦਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪੁਲਿਸ ਬਾਬਾ ਪਰਤਾਪ ਸਿੰਘ ਲੰਗੇਆਣਾ ’ਤੇ ਦਬਾਅ ਪਾ ਰਹੀ ਹੈ ਕਿ ਉਹ ਦਫਤਰ ਖੋਲ੍ਹਣ ਦੀ ਦਿੱਤੀ ਇਜਾਜ਼ਤ ਵਾਪਸ ਲੈਣ, ਬਾਬਾ ਪਰਤਾਪ ਸਿੰਘ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: