ਖਾਸ ਲੇਖੇ/ਰਿਪੋਰਟਾਂ

ਸਮਾਂ ਸੰਭਾਲ ਜੁਰੱਅਤ

By ਸਿੱਖ ਸਿਆਸਤ ਬਿਊਰੋ

February 14, 2025

ਜਿਸ ਕੌਮ ਦੀ ਅਣਖ ਤੇ ਜੁਰੱਅਤ ਹੀ ਮਰ ਜਾਵੇ, ਗੁਲਾਮੀ ਦੇ ਰਾਹ ਪੈ ਕੇ ਝੁਰਦੀ- ਝੁਰਦੀ ਖਤਮ ਹੀ ਹੋ ਜਾਂਦੀ ਹੈ।

ਦੇਖੋ ਜੱਟ ਦੀ ਅਕਲ ਗਈ, ਮਹਿੰ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਿਆ, ਲਿੱਦ ਸੁੱਟਣੀ ਪਈ।

ਅੰਗਰੇਜ਼ਾਂ ਮਹਾਰਾਜਾ ਰਣਜੀਤ ਸਿੰਘ ਦਾ ਹਥਿਆਰਾਂ ਵਾਲਾ ਕਿਲਾ ਚੁਸਤੀ ਨਾਲ ਵੇਖਣਾ ਸੀ ਭੋਲਾ ਮਹਾਰਾਜਾ ਸ਼ਾਤਰ ਅੰਗਰੇਜ਼ ਨਾਲ ਤੁਰ ਪਿਆ। ਅਗਾਂਹ ਅਕਾਲੀ ਫੂਲਾ ਸਿੰਘ ਕਿਲੇ ਦੇ ਬਾਰ ਅੱਗੇ ਆਕੜਿਆਂ ਖਲੋਤਾ ਸੀ।

“ਅਕਾਲੀ ਫੂਲਾ ਸਿੰਘ ਜੀ। ਪਾਸੇ ਹਟੋ, ਸਾਅਬ ਨੂੰ ਅੰਦਰੋਂ ਕਿਲਾ ਵਖਾਉਣਾ ਏ?” ਮਹਾਰਾਜੇ ਦੇ ਨਰਮ ਸ਼ਬਦਾਂ ਵਿੱਚ ਵੀ ਕਰੜਾ ਹੁਕਮ ਸੀ।

“ਰਣਜੀਤਿਆ! ਤੂੰ ਕਿਲੇ ਅੰਦਰ ਜਾ ਸਕਦਾ ਏ; ਗੋਰਾ ਬਾਹਰ ਹੀ ਰਹੇਗਾ।” ਅਕਾਲੀ ਦਾ ਮੋੜਵਾਂ ਉੱਤਰ ਵੀ ਸਖਤ ਸੀ।

“ਮੈਂ ਮਹਾਰਾਜਾ, ਤੈਨੂੰ ਹੁਕਮ ਦਿੰਦਾ , ਰਾਹੋਂ ਪਾਸੇ ਹਟ ਜਾਹ?” ਮਹਾਰਾਜੇ ਨੇ ਪੂਰੇ ਰੋਹਬ ਨਾਲ ਪੁਕਾਰਿਆ।

“ਤੂੰ ਕਿਲੇ ਅੰਦਰ ਜਾ ਸਕਦਾ ਏ; ਗੋਰਾ ਹਰਗਿਜ਼ ਨਹੀਂ ਜਾਵੇਗਾ।” ਅਕਾਲੀ ਦਾ ਰੋਹਬ ਹੌਂਕ ਰਿਹਾ ਸੀ।

“ਕਿਉਂ ਨਹੀਂ ਜਾ ਸਕਦਾ?” ਮਹਾਰਾਜਾ ਥੋੜਾ ਨਰਮ ਪੈ ਗਿਆ।

“ਦਿਲ ਦੇ ਚੋਰ, ਯਾਰੀ ਪਾ ਕੇ ਧੋਖਾ ਕਰਦੇ ਐ।”

“ਮੈਂ ਆਖਰੀ ਵਾਰ ਮਹਾਰਾਜਾ ਹੁਕਮ ਕਰਦਾ ਆਂ, ਰਾਹ ਪਾਸੇ ਹਟ ਜਾਹ; ਨਹੀਂ ਤਾਂ …….।” ਰਣਜੀਤ ਸਿੰਘ ਪੂਰੇ ਰੋਹਬ ਨਾਲ ਭਵਕਿਆ।

“ਰਾਜਾ ਵੱਡਾ ਹੁੰਦਾ ਏ ਕਿ ਰਾਜ ਦੇ ਰਖਵਾਲੇ? ਗੋਰਾ ਮੇਰੀ ਲਾਸ਼ ਤੋਂ ਗੁਜ਼ਰ ਕੇ ਹੀ ਕਿਲੇ ਵਿਚ ਜਾਵੇਗਾ।” ਅਕਾਲੀ ਫੂਲਾ ਸਿੰਘ ਚੱਜ ਨਾਲ ਹੀ ਅੜ ਗਿਆ।

ਮਹਾਰਾਜਾ ਰਣਜੀਤ ਸਿੰਘ ਦੀ ਅਸਮਾਨ ਚੜ੍ਹੀ ਅਕਲ ਧਰਤੀ ਉੱਤੇ ਉੱਤਰ ਆਈ ਕਿ ਅਕਾਲੀ ਫੂਲਾ ਸਿੰਘ ਦੂਰ ਦੀ ਸੋਚਦਾ ਹੈ।

ਨਤੀਜਾ – ਭਲਾ ਵਰਤਮਾਨ ਦੇ ਦਮਗਜ਼ੇ ਮਾਰਨ ਵਾਲੇ ਅਕਾਲੀ ਜਥੇਦਾਰਾਂ ਵਿਚੋਂ ਭਵਿੱਖ ਦੀ ਨਹੀਂ; ਵਰਤਮਾਨ ਦੀ ਹੀ ਸੋਚਣ ਵਾਲਾ ਕੋਈ ਅਕਾਲੀ ਸੁਰਮਾ ਹੈ? ਇੱਕ ਦੂਜੇ ਦੀਆਂ ਨੀਲੀਆਂ ਪੱਗਾਂ ਲਾਹੁਣ ਵਾਲੇ ਬੇਅੰਤ ਹਨ।

ਗੁਰੂ! ਤੇਰੇ ਸ਼ਹੀਦ ਪੁੱਤਰਾਂ ਦੀ ਵਰਾਸਤ ਸਾਂਭਣ ਵਾਲਾ ਕੋਈ ਨਹੀਂ; ਗੱਪ-ਘੜੱਪ ਛਕਣ ਵਾਲੇ ਬੇਪ੍ਰਵਾਹ।

“ਇਕ ਨੂੰ ਕੀ ਰੋਨੀ ਏ, ਸੱਭੇ ਈ ਮਰਨਗੇ; ਲੰਕਾ ਵਿੱਚ ਬਾਂਦਰ ਕਲੋਲਾਂ ਕਰਨਗੇ।”

 

** ਇਹ ਲਿਖਤ ਪੰਜਾਬੀਓ ਜੀਣਾ ਕਿ ਮਰਨਾ ਕਿਤਾਬ ਵਿੱਚੋਂ ਲਈ ਗਈ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: