ਜੇ ਚਿਤ ਅਰਜਨ ਗੁਰੂ ਆਵੇ: ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਕਾਵਿ ਸ਼ਰਧਾਂਜਲੀ
ਓ ਪਿੰਡੇ ਨੂਰ ਥੀਂ ਸਾਜੇ
ਬਦੀ ਦਾ ਖ਼ੌਫ ਕੀ ਜਾਣਨ।
ਅੰਬਰ ਵਿਚ ਘੁਲ ਗਿਆਂ ਨੂੰ
ਤੀਰ ਤੇ ਤਲਵਾਰ ਕੀ ਆਖੇ।।
ਜੋ ਦਰਿਆ ਨਾਵ ਤੇ ਮੰਝਧਾਰ
ਵੀ ਖ਼ੁਦ ਆਪ ਹੈ ਹਰਦਮ।
ਉਨ੍ਹਾਂ ਨੂੰ ਆਰ ਕੀ ਆਖੇ
ਉਨ੍ਹਾਂ ਨੂੰ ਪਾਰ ਕੀ ਆਖੇ।।
ਓ ਮੰਦਰ ਸੋਭਦੈ ਸੋਹਣਾ
ਰੂਹਾਨੀ ਦੇਸ ਦਾ ਪਰਚਮ।
ਰਬਾਬੀ ਗਾਵੰਦੇ ਕੀਰਤਨ
ਇਲਾਹੀ ਨਾਦ ਦੀ ਸਰਗਮ।।
ਵੰਡੇ ਪਈ ਦੇਗ ਤ੍ਰਿਪਤੀ ਦੀ
ਰੂਹਾਂ ਨਿਰਬਾਣ ਪਦ ਪਾਵਨ।
ਮੰਜਿਲ ‘ਤੇ ਪਹੁੰਚਿਆ ਨੂੰ
ਪੈੰਡੜਾ ਦੁਸ਼ਵਾਰ ਕੀ ਆਖੇ।।
ਖਿੜੇ ਕਮਲਾਂ ਸੁਨਹਿਰੀ ਭਾਅ
ਹੈ ਵੰਡੀ ਜਾਵਣੀ ਤਦ ਤੱਕ।
ਮਨੁੱਖੀ ਜੂਨ ਨੇ ਦੁੱਖੋਂ
ਖਲਾਸੀ ਪਾਵਣੀ ਜਦ ਤੱਕ।।
ਤਣੀ ਹਉਂ ਤੋੜ ਕੇ ਸੋਹਬਤ
ਜੋ ਸਾਂਝੀਵਾਲਤਾ ਬੀਜੇ।
ਓ ਅੰਮ੍ਰਿਤ ਸਿੰਜਦੈ
ਮਾਰੂਥਲਾਂ ਦੀ ਖਾਰ ਕੀ ਆਖੇ।।
ਧੁਰੋਂ ਅਰਸ਼ੀ ਸ਼ਬਦ ਨੂੰ ਧਰ ‘ਤੇ
ਜਿਸ ਨੇ ਆਣ ਹੈ ਲਾਹਿਆ।
ਸਿਆਹੀ ਖੂਨ ਦੀ ਕਾਗਜ਼ ਦੀ ਥਾਵੇਂ
ਜਿਸਮ ਹੈ ਲਾਇਆ।।
ਤਵੀ ‘ਤੇ ਬੈਠ ਕੇ ਸੁੱਖਾਂ ਦੇ
ਜੇਹੜਾ ਗੀਤ ਗਾਉਂਦਾ ਹੈ।
ਓਹਨੇ ਬਰਫਾਂ ‘ਚ ਕੀ ਠਰਨਾ
ਓਹਨੂੰ ਅੰਗਿਆਰ ਕੀ ਆਖੇ।।
ਜ਼ਰਾ ਵੇਖੋ ਹਵਾ-ਏ ਦੌਰ ਨੂੰ
ਕਿੰਨਾ ਗੁਮਾਂ ਚੜ੍ਹਿਆ।
ਮਿਟਾਵਣ ਸਚ ਨੂੰ ਫਿਰ ਤੋਂ
ਜ਼ੁਲਮ ਦਾ ਕਾਫ਼ਲਾ ਜੁੜਿਆ।
ਜਿਦ੍ਹੇ ਨੈਣਾਂ ਤੋਂ ਚਾਨਣ
ਮੰਗ ਕੇ ਰਫ਼ਤਾਰ ਹੈ ਲੈਂਦਾ।
ਓ ਤੂਫਾਂ ਮਹਿਕਦੇ ਨੂੰ
ਕਾਗਜ਼ੀ ਅਸਵਾਰ ਕੀ ਆਖੇ।।
ਓ ਕਿਸ ਦਾ ਨਾਮ ਹੈ
ਜਿਸ ਨੂੰ ਪਏ ਜੁਗ ਚਾਰ ਨੇ ਜਪਦੇ।
ਜਿਦ੍ਹੇ ਥਾਪੇ ਤੋਂ ਕੁਲ ਆਲਮ
ਤੇ ਤਿੰਨੇ ਲੋਕ ਨੇ ਥਪਦੇ।।
ਜਿਦ੍ਹੇ ਉਪਕਾਰ ਨੂੰ ਬਾਣੀ
ਬ੍ਰਹਮਾ ਤੇ ਵੇਦ ਗਾਉਂਦੇ ਨੇ।
ਅਕਥ ਸੋਭਾ ਗੁਹਜ ਸਾਖੀ
ਅਕਲ ਲਾਚਾਰ ਕੀ ਆਖੇ।।
ਓਦ੍ਹੇ ਚਰਨਾਂ ਦੀ ਧੂੜੀ
ਮੁਲ ਜੇ ਬਾਜਾਰ ਮਿਲ ਜਾਵੇ।
ਹੈ ਕੇੜ੍ਹਾ ਭੁਲਿਆ ਕਿਰਪਣ
ਜੋ ਮਥੇ ਚੁੰਮ ਨਾ ਲਾਵੇ।
ਹੈ ਜਿਸ ਦੀ ਯਾਦ ਸਤ ਸੰਤੋਖ
ਤੇ ਸ਼ੁਭ ਨਾਮ ਦੀ ਦਾਤੀ।
ਜੇ ਚਿਤ ਅਰਜਨ ਗੁਰੂ ਆਵੇ
ਦੂਤ ਜਮਦਾਰ ਕੀ ਆਖੇ।।
ਹਰਦੇਵ ਸਿੰਘ