ਕੇਸਗੜ੍ਹ ਦੇ ਸਿਖਰ ‘ਤੇ ਤੰਬੂ, ਮੰਜ਼ਰ ਨਵਾਂ ਨਿਆਰਾ
ਪੈਂਦਾ ਕਵਨ ਰਾਜ਼ ਦਾ ਭਾਰੀ, ਰੂਹਾਂ ‘ਤੇ ਲਿਸ਼ਕਾਰਾ?
ਚਾਅ ਅਨੰਤ ਸੰਗਤ ਦਾ ਤੋੜੇ, ਬੇਸਿਆਣ ਤਟ ਗੈਬੀ,
ਲਹਿਰ ਅਜਿੱਤ ‘ਤੇ ਖੇਵਟ ਬੈਠਾ, ਕਰੇ ਅਬੁੱਝ ਇਸ਼ਾਰਾ।
ਸੰਗਤ ਦੇ ਆਤਮ ‘ਤੇ ਪੈਂਦੇ, ਨਾਦ ਅਗਾਧ ਦੇ ਸਾਏ
ਤੰਬੂ ਦੇ ਸੀਨੇ ਨੂੰ ਪਰਸੇ, ਕਿਤੋਂ ਅਕਾਲ ਕਿਨਾਰਾ।
ਜਲਚਰਮ, ਮੱਛ ਤੇ ਨਾਗ ਵਿਸ਼ੈਲੇ, ਅਕਲ-ਬਹਿਰ ਨੂੰ ਡੰਗਣ
ਬਖਸ਼ੋ ਨਜ਼ਰ ਲਤੀਫ ਅਜ਼ਲ ਦੀ, ਦੂਰ ਅਗੋਚਰ ਤਾਰਾ।
ਮਨ ਸਹੰਸ ਸੰਗਤ ਦੇ ਡੋਲਣ, ਜਦੋਂ ਮੌਤ-ਦਰ ਖੁੱਲੇ,
ਮਾਂ-ਲੋਰੀ ਜਿਉਂ ਤਦੋਂ ਗੈਬ ‘ਚੋਂ, ਤ੍ਰੇਲਾਂ ਕਰਨ ਉਤਾਰਾ।
ਤੇਗ ਅਦਿੱਸ ਦੀ ਲਿਸ਼ਕ ਵੰਗਾਰੇ, ਰਾਹ ਨ ਸੰਗਤ ਜਾਣੇ!
ਮੂੰਹ ਅੱਡੇ ਪਲ ਜਦੋਂ ਰਸਾਤਲ, ਉੱਠੇ ਸਿਦਕ-ਮਿਨਾਰਾ।
ਤੰਬੂ ਦਾ ਸੀ ਰਾਜ਼ ਅਲੌਕਿਕ, ਮਹਾਂ ਇਕੱਲ ‘ਚ ਪਰਬਲ,
ਹੜ੍ਹ ਸੰਗਤ ਦੇ ਦਿਲ ਵਿਚ ਵੱਜੇ, ਸਗਲਾ ਗਗਨ ਨਗਾਰਾ।
ਮਨ ਪਰਦੇਸੀ ਸੰਗਤ ਦੇ ਵਿੱਚ, ਵਣ ਵਿਰਾਟ ਜਦ ਬਲਿਆ,
ਜੁਗਾਂ ਦੇ ਕਦਮ ਉਠਾ ਮਹਿਕਿਆ, ਅਗਨ ਚੀਰ ਪੁੰਗਾਰਾ।
ਸੰਗਤ ਦਾ ਮਨ ਕੰਬ ਰਿਹਾ ਸੀ, ਪ੍ਰਥਮ ਬਾਜ਼ ਤਕ ਖੂਨੀ!
ਗੈਬੀ ਬਾਜ਼ ਉਤਰਿਆ ਤਾਂ ਲੈ, ਸਾਹ ਮਾਵਾਂ ਦਾ ਪਿਆਰ।
ਨਿਵਣ ਅਦਿੱਸ ਪਰਖ ਦੇ ਸਾਵ੍ਹੇ, ਆ ਅਸੰਖ ਅਰਦਾਸਾਂ,
ਗਗਮ ਅਸੀਮ ਬੁਝਾਵਣ ਆਏ, ਮੌਤਾਂ ਦਾ ਅੰਗਾਰਾ।