ਚੰਡੀਗੜ੍ਹ – ਪੰਜਾਬ ਵਿਚ ਰੁੱਖਾਂ ਦੀ ਛਤਰੀ ਹੇਠ ਰਕਬਾ ਸਿਰਫ 6 ਕੁ ਫੀਸਦੀ ਹੈ ਜਦਕਿ ਵਧੀਆ ਮੌਸਮ ਤੇ ਕੁਦਰਤੀ ਤਵਾਜਨ ਲਈ ਕਿਸੇ ਵੀ ਖਿੱਤੇ ਦਾ ਤੀਸਰਾ ਹਿੱਸਾ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ ਹੈ।
ਵਾਤਾਵਰਣ ਦੀ ਸਾਂਭ ਸੰਭਾਲ ਲਈ ਕਾਰਸੇਵਾ ਖਡੂਰ ਸਾਹਿਬ ਵੱਲੋਂ ਰੁੱਖ ਲਗਾਉਣ ਦਾ ਮਹਾਨ ਕਾਰਜ ਕੀਤਾ ਜਾ ਰਿਹਾ ਹੈ ਜਿਸ ਤਹਿਤ ਬੀਤੇ ਦਿਨ ਕਾਰਸੇਵਾ ਖਡੂਰ ਸਾਹਿਬ ਦੇ ਸੇਵਾਦਾਰਾਂ ਨੇ ਬਾਬਾ ਦਵਿੰਦਰ ਸਿੰਘ ਦੀ ਅਗਵਾਈ ਵਿੱਚ 263ਵੇਂ ਗੁਰੂ ਨਾਨਕ ਯਾਦਗਾਰੀ ਜੰਗਲ ਲਈ ਫਾਜ਼ਿਲਕਾ ਨੇੜੇ ਪਿੰਡ ਅਭੁੰਨ ਵਿਖੇ 50 ਵੱਖ-ਵੱਖ ਕਿਸਮਾਂ ਦੇ 603 ਬੂਟੇ ਲਗਾਏ।
ਇਹ ਛੋਟਾ ਜੰਗਲ ਲਗਾਉਣ ਲਈ ਪ੍ਰਭਜੋਤ ਸਿੰਘ ਪੁੱਤਰ ਸਰਬਜੀਤ ਸਿੰਘ (ਹਾਲ ਵਾਸੀ ਆਸਟ੍ਰੇਲੀਆ) ਨੇ ਰੁੱਖ ਲਗਾਉਣ ਲਈ 3 ਕਨਾਲ ਜ਼ਮੀਨ ਦਿੱਤੀ ਹੈ। ਪਹਿਲਾਂ ਇਹ ਜ਼ਮੀਨ ਖੇਤੀ ਹੇਠ ਸੀ ਅਤੇ ਹੁਣ ਕੁਦਰਤ ਨੂੰ ਵਾਪਸ ਕਰ ਦਿੱਤੀ ਗਈ ਹੈ। ਇਸ ਝਿੜੀ ਵਾਸਤੇ ਬੂਟੇ ਲਗਾਉਣ ਲਈ ਜਮੀਨ ਸ. ਰਾਜਬੀਰ ਸਿੰਘ ਸਿੱਧੂ ਵੱਲੋਂ ਤਿਆਰ ਕੀਤੀ ਗਈ ਸੀ। ਉਹ ਇਹਨਾ ਬੂਟਿਆਂ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਨਿਭਾਉਣਗੇ।
ਇਹ ਝਿੜੀ ਦੇ ਬੂਟੇ ਲਿਆਉਣ ਅਤੇ ਲਗਾਉਣ ਦੀ ਸਾਰੀ ਸੇਵਾ ਕਾਰਸੇਵਾ ਖਡੂਰ ਸਾਹਿਬ ਵੱਲੋਂ ਕੀਤੀ ਗਈ ਹੈ। ਝਿੜੀ ਵਾਸਤੇ ਤਾਲਮੇਲ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਕਰਵਾਇਆ ਗਿਆ ਸੀ।