ਚੰਡੀਗੜ੍ਹ: ਪੰਜਾਬ ਪੁਲਿਸ ਦੇ ਚਰਚਿਤ ਕੈਟ ਅਤੇ ਬਰਖਾਸਤ ਪੁਲਿਸ ਇੰਸਪੈਕਟਰ ਗੁਰਮੀਤ ਪਿੰਕੀ ਦੀ ਨੌਕਰੀ ਬਹਾਲੀ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਸ ਪਿਤਾ ਨੂੰ ਧਿਰ ਬਣਾ ਲਿਆ ਹੈ, ਜਿਸ ਦੇ ਪੁੱਤਰ ਦੇ ਕਤਲ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਸਾਬਕਾ ਕੈਟ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਨੂੰ ਉਮਰ ਕੈਦ ਹੋਈ ਸੀ ।ਇਸ ਮਾਮਲੇ ਦੀ ਸੁਣਵਾਈ ਹੁਣ 21 ਮਾਰਚ ਨੂੰ ਹੋਵੇਗੀ ।
ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਪਿੰਕੀ ਵੱਲੋਂ ਮਾਰੇ ਗਏ ਨੌਜਵਾਨ ਅਵਤਾਰ ਸਿੰਘ ਗੋਲਾ ਦੇ ਪਿਤਾ ਅਮਰੀਕ ਸਿੰਘ ਨੇ ਹਾਈਕੋਰਟ ‘ਚ ਅਰਜ਼ੀ ਦਾਖਲ ਕਰਕੇ ਕਿਹਾ ਸੀ ਕਿ ਉਸ ਦਾ ਪੱਖ ਸੁਣੇ ਬਿਨਾਂ ਪਿੰਕੀ ਦੀ ਨੌਕਰੀ ਸਬੰਧੀ ਕੋਈ ਫ਼ੈਸਲਾ ਨਾ ਲਿਆ ਜਾਵੇ ।
ਅਮਰੀਕ ਸਿੰਘ ਦੀ ਇਸੇ ਅਰਜ਼ੀ ‘ਤੇ ਹੀ ਹਾਈਕੋਰਟ ਨੇ ਗੁਰਮੀਤ ਸਿੰਘ ਪਿੰਕੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ।ਕਾਬਲੇਗੌਰ ਹੈ ਕਿ ਗੁਰਮੀਤ ਸਿੰਘ ਪਿੰਕੀ ਨੇ ਆਪਣੀ ਬਰਖ਼ਾਸਤਗੀ ਸਬੰਧੀ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ।ਪਿੰਕੀ ਨੇ ਇਹ ਪਟੀਸ਼ਨ ਦਾਇਰ ਕਰਕੇ ਆਈ ਜੀ ਜਲੰਧਰ ਦੇ ਹੁਕਮਾ ਨੂੰ ਚੁਣੌਤੀ ਦਿੱਤੀ ਹੈ ।ਆਈ ਜੀ ਜਲੰਧਰ ਨੇ ਪਿੰਕੀ ਦੇ ਬਹਾਲੀ ਦੇ ਹੁਕਮਾ ਨੂੰ ਸਹੀ ਤੱਥਾ ਦੀ ਪੜਤਾਲ ਤੋਂ ਬਾਅਦ ਰੱਦ ਕਰ ਦਿੱਤਾ ਸੀ ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਪਿੰਕੀ ਨੂੰ ਦੁਬਾਰਾ ਨੌਕਰੀ ਤੋਂ ਕੱਢਣ ਤੋਂ ਖਫਾ ਹੋਏ ਗੁਰਮੀਤ ਪਿੰਕੀ ਨੇ ਪੱਤਰਕਾਰ ਕੰਵਰ ਸੰਧੂ ਨਾਲ ਇੱਕ ਵਿਸ਼ੇਸ਼ ਲੰਮੀ ਇੰਟਰਵਿਓੂ ਦੌਰਾਨ ਖਾੜਕੂਵਾਦ ਵੇਲੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਿੱਖ ਨੌਜਾਵਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਕਰਕੇ ਮਾਰੇ ਜਾਣ ਦੇ ਵਰਤਾਰੇ ਦਾ ਤੱਥਾਂ ਸਾਹਿਤ ਪਰਦਾਫਾਸ਼ ਕੀਤਾ ਸੀ।