ਚੰਡੀਗੜ੍ਹ (23 ਮਈ, 2015): ਪੁਲਿਸ ਕੈਟ ਗੁਰਮੀਤ ਪਿੰਕੀ ਮਾਮਲਾ ਭਾਵੇਂ ਸ਼ੁਰੂ ਵਿਚ ਪ੍ਰਸ਼ਾਸਨਿਕ ਮਾਮਲਾ ਹੀ ਲੱਗਦਾ ਸੀ ਪਰ ਹੁਣ ਸਿਆਸੀ ਮਾਹਿਰਾਂ ਨੂੰ ਇਸ ਵਿਚ ਸਿਆਸੀ ਪੇਚ ਵੀ ਫਸੇ ਨਜ਼ਰ ਆ ਰਹੇ ਹਨ ਕਿਉਂਕਿ ਪੰਜਾਬ ਵਿਚ ਖਾੜਕੂਵਾਦ ਦੌਰਾਨ ਨੌਜਵਾਨਾਂ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀ ਜਿਥੇ ਮਨੁੱਖੀ ਅਧਿਕਾਰਵਾਦੀ ਜਥੇਬੰਦੀਆਂ ਦੇ ਨਿਸ਼ਾਨੇ ‘ਤੇ ਰਹੇ ਹਨ ਉਥੇ ਕੁਝ ਸਿਆਸੀ ਆਗੂ ਅਤੇ ਸਿਆਸੀ ਪਾਰਟੀਆਂ ਅਜਿਹੇ ਪੁਲਿਸ ਅਧਿਕਾਰੀਆਂ ਦੀ ਖੁੱਲ ਕੇ ਹਮਾਇਤ ਕਰਦੀਆਂ ਹਨ ।
ਪੁਲਿਸ ਕੈਟ ਗੁਰਮੀਤ ਪਿੰਕੀ
ਕਦੇ ਪੁਲਿਸ ਕੈਟ ਤੋਂ ਇੰਸਪੈਕਟਰ ਬਣੇ ਗੁਰਮੀਤ ਸਿੰਘ ਪਿੰਕੀ ਨੂੰ ਕਤਲ ਕੇਸ ‘ਚ ਬਰਖਾਸਤਗੀ ਉਪਰੰਤ ਮੁੜ ਬਹਾਲ ਕਰਨ ਅਤੇ ਫਿਰ ਬਰਖਾਸਤ ਕਰਨ ਦੇ ਮਾਮਲੇ ਵਿਚ ਪਿੰਕੀ ਨੂੰ ਬਹਾਲ ਕਰਨ ਵਾਲੇ ਡੀ.ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਖਿਲਾਫ਼ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਉਥੇ ਢਿੱਲੋਂ ਵੱਲੋਂ ਪਿਛਲੇ ਸਮੇਂ ਵਿਚ ਡੀ.ਆਈ.ਜੀ. ਵਜੋਂ ਲਏ ਫੈਸਲਿਆਂ ਦੀ ਮੁੜ ਤੋਂ ਘੋਖ ਵੀ ਕਰਵਾਈ ਜਾ ਰਹੀ ਹੈ ।
ਭਾਵੇਂ ਪਿੰਕੀ ਮਾਮਲੇ ਬਾਰੇ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਪਰ ਅੰਦਰਖਾਤੇ ਪੁਲਿਸ ਵਿਭਾਗ ਵਿਚ ਕਾਫੀ ਕਸ਼ਮਕਸ਼ ਚਲ ਰਹੀ ਹੈ।
ਪੰਜਾਬ ਪੁਲਿਸ ਦੇ ਅਨੇਕਾਂ ਅਧਿਕਾਰੀਆਂ ‘ਤੇ ਚੱਲ ਰਹੇ ਨੇ ਮਾਮਲੇ ਪੰਜਾਬ ਪੁਲਿਸ ਦੇ ਹੋਰ ਵੀ ਕਈ ਅਧਿਕਾਰੀ ਅਜਿਹੇ ਹਨ ਜਿਨ੍ਹਾਂ ‘ਤੇ ਸੰਗੀਨ ਮਾਮਲੇ ਚਲ ਰਹੇ ਹਨ । ਜਦੋਂ ਕਿ ਕਈਆਂ ਨੂੰ ਤਾਂ ਸਜ਼ਾਵਾਂ ਵੀ ਹੋ ਚੁੱਕੀਆਂ ਹਨ ਅਤੇ ਕਈ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ । ਭਾਵੇਂ ਕਿ ਬਹੁਤੇ ਪੁਲਿਸ ਅਧਿਕਾਰੀਆਂ ‘ਤੇ ਇਹ ਮਾਮਲੇ ਸੀ.ਬੀ.ਆਈ. ਵੱਲੋਂ ਜਾਂ ਅਦਾਲਤਾਂ ਦੇ ਹੁਕਮਾਂ ‘ਤੇ ਦਰਜ ਹੋਏ ਹਨ ।
ਸੰਗੀਨ ਮਾਮਲਿਆਂ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਪੁਲਿਸ ਅਧਿਕਾਰੀ:
ਡੀ.ਜੀ.ਪੀ. ਸੁਮੇਧ ਸਿੰਘ ਸੈਣੀ
ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਸਾਬਕਾ ਡੀ.ਜੀ.ਪੀ. ਐਸ. ਐਸ. ਵਿਰਕ ਖਿਲਾਫ਼ ਵੀ ਕਾਫੀ ਲੰਬੇ ਸਮੇਂ ਤੋਂ ਅਦਾਲਤੀ ਕਾਰਵਾਈ ਚਲਦੀ ਆ ਰਹੀ ਹੈ ।
ਇਸ ਤੋਂ ਇਲਾਵਾ ਏ.ਆਈ.ਜੀ. ਸੁਰਿੰਦਰਜੀਤ ਸਿੰਘ ਮੰਡ, ਐਸ.ਪੀ. ਪਰਮਦੀਪ ਸਿੰਘ ਸਿੱਧੂ, ਐਸ.ਪੀ. ਨਰਿੰਦਰ ਸਿੰਘ, ਐਸ.ਪੀ. ਭੂਪਿੰਦਰਜੀਤ ਸਿੰਘ, ਐਸ.ਪੀ. ਗੁਰਮੀਤ ਸਿੰਘ, ਐਸ.ਪੀ. ਕਸ਼ਮੀਰ ਸਿੰਘ ਗਿੱਲ, ਐਸ.ਪੀ. ਗੁਰਸ਼ਰਨ ਸਿੰਘ ਬੇਦੀ ਅਤੇ ਐਸ.ਪੀ. ਪੀ. ਐਸ. ਪਰਮਾਰ ‘ਤੇ ਅਪਰਾਧਕ ਮਾਮਲੇ ਦਰਜ ਹਨ ।
ਜਦ ਕਿ ਐਸ.ਪੀ. ਪ੍ਰਦੀਪ ਕੁਮਾਰ ‘ਤੇ ਸਾਜਿਸ਼ ਰਚਣ ਤਹਿਤ, ਐਸ.ਪੀ. ਜਸਪਾਲ ਸਿੰਘ ‘ਤੇ ਅਹੁਦੇ ਦੀ ਦੁਰਵਰਤੋਂ, ਐਸ.ਪੀ. ਅਮਨਦੀਪ ਕੌਰ ‘ਤੇ ਭਿ੍ਸ਼ਟਾਚਾਰ, ਐਸ.ਪੀ. ਪੁਸਕਰ ਸੰਦਲ ‘ਤੇ ਝੂਠੇ ਦਸਤਾਵੇਜ ਤਿਆਰ ਕਰਨ, ਐਸ.ਪੀ. ਜਸਦੇਵ ਸਿੰਘ ‘ਤੇ ਇਰਾਦਾ ਕਤਲ, ਆਰਮਜ਼ ਐਕਟ ਤੇ ਹੋਰ ਕਈ ਸੰਗੀਨ ਧਰਾਵਾਂ ਤਹਿਤ ਕਈ ਮਾਮਲੇ ਅਦਾਲਤਾਂ ਵਿਚ ਪੈਂਡਿੰਗ ਹਨ ।
ਇਸੇ ਤਰ੍ਹਾਂ ਡੀ.ਐਸ.ਪੀ. ਅਸ਼ਵਨੀ ਕੁਮਾਰ, ਡੀ.ਐਸ.ਪੀ. ਵਿਨੋਦ ਕੁਮਾਰ, ਡੀ.ਐਸ. ਪੀ. ਪਰਮਜੀਤ ਸਿੰਘ, ਡੀ.ਐਸ.ਪੀ. ਰਾਕਾ ਗਿਰਾ, ਡੀ.ਐਸ ਪੀ ਜਗਦੀਪ ਸਿੰਘ ਤੇ ਵੀ ਸੰਗੀਨ ਧਰਾਵਾਂ ਤਹਿਤ ਮਾਮਲੇ ਦਰਜ ਹਨ । ਜਦੋਂ ਕਿ ਡੀ.ਐਸ.ਪੀ ਰਜਿੰਦਰ ਸਿੰਘ ਅਤੇ ਐਸ.ਪੀ ਸਰਬਜੀਤ ਸਿੰਘ, ਡੀ.ਐਸ.ਪੀ ਹਰਪ੍ਰੀਤ ਸਿੰਘ ਅਤੇ ਰਵਿੰਦਰ ਕੁਮਾਰ ਨੂੰ ਤਾਂ ਸਜ਼ਾ ਵੀ ਹੋ ਚੁੱਕੀ ਹੈ ।
ਇਸੇ ਤਰ੍ਹਾਂ ਡੀ.ਐਸ.ਪੀ ਦਵਿੰਦਰ ਸਿੰਘ, ਡੀ.ਐਸ.ਪੀ ਹਰਜਿੰਦਰਪਾਲ ਸਿੰਘ, ਡੀ.ਐਸ.ਪੀ. ਬਲਵਿੰਦਰ ਸਿੰਘ, ਡੀ.ਐਸ.ਪੀ. ਰਮਨਦੀਪ ਸਿੰਘ, ਡੀ.ਐਸ.ਪੀ. ਸੁਰਿੰਦਰਪਾਲ ਸਿੰਘ, ਡੀ.ਐਸ.ਪੀ. ਤਜਿੰਦਰ ਸਿੰਘ, ਡੀ.ਐਸ.ਪੀ. ਜਸਤਿੰਦਰ ਸਿੰਘ ਆਦਿ ਖਿਲਾਫ਼ ਵੀ ਵੱਖ-ਵੱਖ ਅਦਾਲਤਾਂ ਵਿਚ ਮਾਮਲੇ ਦਰਜ ਹਨ । ਪਰ ਕਾਨੂੰਨ ਦੀਆਂ ਚੋਰ ਮੋਰੀਆਂ ਤੋਂ ਜਾਣੂ ਅਤੇ ਆਪਣੇ ਅਹੁਦੇ ਦੇ ਅਧਿਕਾਰਾਂ ਦਾ ਲਾਭ ਉਠਾ ਕੇ ਇਹ ਪੁਲਿਸ ਅਧਿਕਾਰੀ ਅਕਸਰ ਕਾਨੂੰਨ ਦੇ ਡੰਡੇ ਤੋਂ ਕਿਸੇ ਨਾ ਕਿਸੇ ਢੰਗ ਨਾਲ ਬਚਦੇ ਰਹਿੰਦੇ ਹਨ ।
ਪਹਿਲਾਂ ਤਾਂ ਪੁਲਿਸ ਅਧਿਕਾਰੀ ਆਪਣੇ ਬਚਾਅ ਵਿਚ ਇਹ ਬਹਾਨਾ ਬਣਾਉਂਦੇ ਸਨ ਕਿ ਖਾੜਕੂਵਾਦ ਨਾਲ ਨਿਪਟਣ ਸਮੇਂ ਉਨ੍ਹਾਂ ਕੋਲੋਂ ਕਈ ਵਾਰ ਗੈਰ ਕਾਨੂੰਨੀ ਕੰਮ ਹੋ ਗਏ ਹੋਣਗੇ ਪਰ ਖਾੜਕੂਵਾਦ ਖਤਮ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ‘ਤੇ ਦਰਜ ਸੰਗੀਨ ਮਾਮਲੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਪੰਜਾਬ ਪੁਲਿਸ ਆਪਣਾ ਰਵਈਆ ਬਦਲਣ ਨੂੰ ਤਿਆਰ ਨਹੀਂ ।
