12 ਜੁਲਾਈ 1992 ਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ 11 ਸਿੱਖ ਨੌਜਵਾਨਾਂ ਨੂੰ ਝੂਠਾ ਮੁਕਾਬਲਾ ਬਣਾ ਕੇ ਖਤਮ ਕਰ ਦਿਤਾ ਗਿਆ। ਇਹ ਸਿੱਖ ਆਪਣੇ ਪਰਿਵਾਰਾਂ ਨਾਲ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਉੱਤੇ ਗਏ ਹੋਏ ਸਨ। ਜਦੋਂ ਹਜ਼ੂਰ ਸਾਹਿਬ ਤੋਂ ਪਰਤਦਿਆਂ ਇਹਨਾਂ ਯਾਤਰੂਆਂ ਦੀ ਬੱਸ ਪੀਲੀਭੀਤ ਪੁੱਜੀ ਤਾਂ ਪੁਲਿਸ ਨੇ ਬੱਸ ਰੋਕ ਲਈ। ਪੁਲਿਸ ਵਾਲੇ ਬੱਸ ਨੂੰ ਜੰਗਲ ਵਿੱਚ ਲੈ ਗਏ ਜਿੱਥੇ ਉਨ੍ਹਾਂ ਸਿੰਘਾਂ ਨੂੰ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਤੋਂ ਵੱਖ ਕਰ ਲਿਆ। ਪੁਲਿਸ ਨੇ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਨੂੰ ਇੱਕ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਛੱਡ ਦਿੱਤਾ ਅਤੇ ਪੁਲਿਸ ਵਾਲੇ ਸਿੱਖ ਨੌਜਵਾਨਾਂ ਨੂੰ ਅਣਦੱਸੀ ਥਾਂ ਉੱਤੇ ਲੈ ਗਏ ਜਿੱਥੇ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।
ਗੁਰਦਾਸਪੁਰ ਜਿਲ੍ਹੇ ਦੇ ਪਿੰਡ ਸਤਕੋਹੇ ਦੇ ਬਾਪੂ ਜੀਤ ਸਿੰਘ ਦਾ ਪੁੱਤਰ ਹਰਮਿੰਦਰ ਸਿੰਘ ਮਿੰਟਾ, ਜਿਸ ਦਾ ਹਾਲੀ ਕੁਝ ਸਮਾ ਪਹਿਲਾਂ ਹੀ ਵਿਆਹ ਹੋਇਆ ਸੀ, ਵੀ ਆਪਣੇ ਪਤਨੀ ਨਾਲ ਇਸ ਜਥੇ ਚ ਸ਼ਾਮਿਲ ਸੀ। ਜਦੋਂ ਬਾਪੂ ਜੀਤ ਸਿੰਘ ਨੂੰ ਹੋਣੀ ਦਾ ਪਤਾ ਲੱਗਾ ਤਾਂ ਉਹ ਪੀਲੀਭੀਤ ਗਏ ਜਿੱਥੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਨੂੰ ਪੁਲਿਸ ਨੇ ਮਾਰ ਦਿੱਤਾ ਹੈ। ਉਹ ਆਪਣੀ ਨੂੰਹ ਨੂੰ ਵਾਪਿਸ ਲੈ ਆਏ। ਪਰ ਉਨ੍ਹਾਂ ਆਪਣੇ ਪੁੱਤਰ ਅਤੇ ਹੋਰਨਾਂ ਸਿੱਖਾ ਦੇ ਕਲਤ ਵਿਰੁਧ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ। ਅਗਲੇ 25 ਸਾਲ ਬਾਪੂ ਜੀਤ ਸਿੰਘ ਅਤੇ ਇਸ ਝੂਠੇ ਮੁਕਬਲੇ ਵਿੱਚ ਪੁਲਿਸ ਵੱਲੋਂ ਕਤਲ ਕੀਤੇ ਗਏ ਹੋਰਨਾਂ ਸਿੱਖਾਂ ਦੇ ਪਰਿਵਾਰਾਂ ਨੇ ਇਹ ਲੜਾਈ ਸਿਦਕ ਅਤੇ ਸਿਰੜ ਨਾਲ ਲੜੀ। ਅਖੀਰ ਸਾਲ 2016 ਵਿੱਚ ਇਸ ਮੁਕਦਮੇਂ ਦਾ ਫੈਸਲਾ ਆਇਆ ਅਤੇ 47 ਪੁਲਿਸ ਵਾਲਿਆਂ ਨੂੰ ਉਮਰਕੈਦ ਦੀ ਸਜਾ ਹੋਈ। ਇਹ ਦਸਤਾਵੇਜੀ ਨਿਆਂ ਲਈ ਲੜੀ ਗਈ ਜੱਦੋ-ਜਹਿਦ ਦੀ ਕਹਾਣੀ ਬਿਆਨ ਕਰਦੀ ਹੈ।