ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾ ਵੱਲੋਂ ਛਾਪਿਆ ਗਿਆ ਕੈਲੰਡਰ

ਸਿੱਖ ਖਬਰਾਂ

ਗੁਰਦੁਆਰਾ ਸਾਹਿਬ ਦੇ ਕੈਲੰਡਰ ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਾਉਣਾ ਸਿੱਖਾਂ ਨੂੰ ਸਿਧਾਂਤ ਤੋਂ ਭਟਕਾਉਣ ਦਾ ਯਤਨ

By ਸਿੱਖ ਸਿਆਸਤ ਬਿਊਰੋ

December 31, 2015

ਜਲੰਧਰ: ਸਿੱਖ ਧਰਮ ਦਾ ਸਿਧਾਂਤ ਸ਼ਬਦ ਗੁਰੂ ਨੂੰ ਨਤਮਸਤਕ ਹੋਣਾ ਹੈ ਤੇ ਗੁਰੂ ਪਾਤਸ਼ਾਹ ਦੇ ਦਰਸ਼ਨ ਖਾਲਸਾ ਪੰਥ ਅਤੇ ਸ਼ਬਦ ਗੁਰੂ ਦੇ ਦਰਸ਼ਨਾਂ ਵਿੱਚੋਂ ਹੀ ਕੀਤੇ ਜਾ ਸਕਦੇ ਹਨ। ਪਰ ਕੁਝ ਤਾਕਤਾਂ ਵੱਲੋਂ ਸਿੱਖਾਂ ਨੂੰ ਸ਼ਬਦ ਗੁਰੂ ਦੇ ਸਿਧਾਂਤ ਤੋਂ ਭਟਕਾ ਕੇ ਮੂਰਤੀ ਪੂਜਾ ਵੱਲ ਤੋਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਯੂਥ ਆਫ ਪੰਜਾਬ ਦੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਕਰਤਾਰਪੁਰ ਨੇ ਕਿਹਾ ਕਿ “ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਂ ਤੇ ਛਾਪੇ ਗਏ ਕੈਲੰਡਰਾਂ ਉੱਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਜੋ ਕਿ ਗੁਰਮਤਿ ਤੋਂ ਬਿਲਕੁਲ ਉਲਟ ਹੈ ਤੇ ਜੇ ਅਜਿਹੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਗੁਰਦੁਆਰਾ ਸਾਹਿਬਾਨ ਵਿੱਚੋਂ ਹੋਣਗੀਆਂ ਤਾਂ ਇਸ ਦੇ ਬਹੁਤ ਬੁਰੇ ਸਿੱਟੇ ਪੰਥ ਨੂੰ ਝੱਲਣੇ ਪੈਣਗੇ”।

ਉਨ੍ਹਾਂ ਕਿਹਾ ਕਿ ਜਦੋਂ ਐਸ.ਜੀ.ਪੀ.ਸੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਗਣੇਸ਼ ਦੀਆਂ ਮੂਰਤੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਮੋਜੂਦਾ ਐਸ.ਜੀ.ਪੀ.ਸੀ ਤੋਂ ਕੋਈ ਆਸ ਨਹੀਂ ਲਗਾਈ ਜਾ ਸਕਦੀ ਕਿ ਉਹ ਅਜਿਹੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਰੋਕਣਗੇ। ਇਸ ਲਈ ਸਿੱਖ ਸੰਗਤ ਨੂੰ ਖੁਦ ਅਜਿਹੀਆਂ ਕਾਰਵਾਈਆਂ ਪ੍ਰਤੀ ਸੁਚੇਤ ਹੋ ਕੇ ਅਜਿਹੇ ਪ੍ਰਬੰਧਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸੇਵਾ ਤੋਂ ਖਾਰਿਜ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਖਾਲਸਾ ਪੰਥ ਵੱਲੋਂ ਪਹਿਲਾਂ ਇੱਕ ਗਲਤੀ ਕੀਤੀ ਜਾ ਚੁੱਕੀ ਹੈ ਜੋ ਕਿਸੇ ਇਨਸਾਨ ਵੱਲੋਂ ਬਣਾਈਆਂ ਮਨੋਕਲਪਿਤ ਤਸਵੀਰਾਂ ਨੂੰ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਮੰਨ ਲਿਆ ਗਿਆ ਤੇ ਗੁਰੂ ਸਿਧਾਂਤ ਤੋਂ ਵਿਰੁੱਧ ਇਸ ਕਾਰਵਾਈ ਨੂੰ ਸਹਿਜੇ ਸਹਿਜੇ ਪ੍ਰਵਾਨ ਕਰ ਲਿਆ ਜਿਸ ਕਾਰਨ ਅੱਜ ਅਨੇਕਾਂ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਇਸ ਗਲਤੀ ਲਈ ਖਾਲਸਾ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਕਿ ਇਹ ਗਲਤੀ ਦੁਬਾਰਾ ਨਾ ਹੋਵੇ।

ਜਿਕਰਯੋਗ ਹੈ ਕਿ ਜਲੰਧਰ ਦੇ ਬਾਜ਼ਾਰ ਪੀਰ ਬੰਦਲਾ ਵਿੱਚ ਸਥਿਤ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪ੍ਰਬੰਧਕਾਂ ਵੱਲੋਂ ਇੱਕ ਨਵੇਂ ਸਾਲ ਦਾ ਕੈਲੰਡਰ ਛਾਪਿਆ ਗਿਆ ਹੈ ਜਿਸ ਉੱਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।ਸੋਸ਼ਲ ਮੀਡੀਆ ਤੇ ਇਸ ਕੈਲੰਡਰ ਦੀ ਤਸਵੀਰ ਫੈਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਕਮੇਟੀ ਦੀ ਇਸ ਕਾਰਵਾਈ ਨੂੰ ਗੁਰਮਤਿ ਵਿਰੋਧੀ ਦੱਸਦਿਆਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਸਿੱਖ ਸਿਆਸਤ ਵੱਲੋਂ ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੀ ਇਸ ਕਾਰਵਾਈ ਲਈ ਗੁਰਬਾਣੀ ਦੀ ਤੁਕ “ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ” ਨੂੰ ਵਰਤਦਿਆਂ ਕਿਹਾ ਕਿ ਉਹ ਸਭ ਧਰਮਾਂ ਦਾ ਸਤਕਿਾਰ ਕਰਦੇ ਹਨ, ਤੇ ਉਨ੍ਹਾਂ ਨੇਂ ਗੁਰੂ ਸਾਹਿਬ ਦੀਆਂ ਤਸਵੀਰਾਂ ਵੀ ਕੈਲੰਡਰ ਤੇ ਛਪਵਾਈਆਂ ਹਨ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਗੁਰਦੁਆਰਾ ਸਾਹਿਬ ਤੋਂ ਇਹ ਵੀ ਪ੍ਰਚਾਰ ਕਰੋਂਗੇ ਕਿ ਸਿੱਖ ਸੰਗਤ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਨਤਮਸਤਕ ਹੋਵੇ ਤਾਂ ਉਹ ਕੋਈ ਜਵਾਬ ਨਾ ਦੇ ਸਕੇ ਤੇ ਫੋਨ ਬੰਦ ਕਰ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: