ਅੰਬਾਲਾ (30 ਮਾਰਚ, 2016): ਅੰਬਾਲਾ ਦੀ ਇਕ ਅਦਾਲਤ ਨੇ ਇਕ ਮਾਮਲੇ ‘ਚ ਪਿਆਰਾ ਭਨਿਆਰਾਵਾਲਾ ਨੂੰ ਬਰੀ ਕਰ ਦਿੱਤਾ ਹੈ । ਇਹ ਮਾਮਲਾ ਪੰਜਾਬ ਸਰਕਾਰ ਵੱਲੋਂ ਦਰਜ ਕਰਵਾਇਆ ਗਿਆ ਸੀ, ਜੋ ਕਿ ਨੂਰਪੁਰ ਬੇਦੀ ਥਾਣੇ ਦੇ ਐਸ.ਐਚ. ਓ. ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਦਰਜ ਕਰਵਾਇਆ ਗਿਆ ਸੀ । ਜੱਜ ਨਰਿੰਦਰ ਸੂਰਾ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਦੋਸ਼ਾਂ ਨੂੰ ਨਾ ਮੰਨਦੇ ਹੋਏ ਭਨਿਆਰਾ ਨੂੰ ਬਰੀ ਕਰ ਦਿੱਤਾ ।
ਵਿਵਾਦਤ ਭਵਸਾਗਰ ਗ੍ਰੰਥ ਰਚਣ ਦੇ ਮਾਮਲੇ ਵਿੱਚ ਅੰਬਾਲਾ ਦੀ ਅਦਾਲਤ ਨੇ ਪਿਆਰਾ ਭਨਿਆਰਾਂ ਵਾਲਾ ਨੂੰ ਅੱਜ ਮੁਡ਼ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪਹਿਲਾਂ ਬਰੀ ਹੋ ਚੁੱਕੇ ਭਨਿਆਰਾਂ ਵਾਲਾ ਖ਼ਿਲਾਫ਼ ਪੰਜਾਬ ਸਰਕਾਰ ਨੇ ਅਪੀਲ ਦਾਇਰ ਕੀਤੀ ਸੀ। ਜੱਜ ਨਰਿੰਦਰ ਸੂਰਾ ਦੀ ਅਦਾਲਤ ਨੇ ਪੰਜਾਬ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ।
ਭਨਿਆਰਾਵਾਲਾ ਦਾ ਡੇਰਾ ਰੋਪੜ ‘ਚ ਹੈ। ਭਨਿਆਰਾਵਾਲਾ ਆਪਣੀ ਲਿਖੀ ਗਈ ਉਸ ਕਿਤਾਬ ਕਾਰਨ ਸੁਰਖੀਆਂ ‘ਚ ਆਇਆ, ਜਿਸ ਦਾ ਪੂਰੇ ਸਿੱਖ ਭਾਈਚਾਰੇ ਨੇ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਭਨਿਆਰਾਵਾਲਾ ‘ਤੇ ਗੁਰੂ ਗਰੰਥ ਸਾਹਿਬ ਦੇ ਸਰੂਪ ਨੂੰ ਅਗਨੀ ਭੇਂਟ ਕਰਨ ਦਾ ਵੀ ਦੋਸ਼ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕਰਨ ਦੇ ਮਾਮਲੇ ‘ਚ ਪਿਆਰਾ ਭਨਿਆਰਾ ਵਾਲਾ ਤੇ ਉਸ ਦੇ ਪੈਰੋਕਾਰਾਂ ਨੂੰ ਅੰਬਾਲਾ ਦੀ ਇੱਕ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ। ਹੇਠਲੀ ਅਦਾਲਤ ਵੱਲੋਂ ਭਨਿਆਰਾ ਵਾਲੇ ਨੂੰ ਦਿੱਤੀ ਗਈ ਸਜ਼ਾ ਵਧਵਾਉਣ ਤੇ ਇਸ ਮਾਮਲੇ ਵਿੱਚ ਬਰੀ ਕੀਤੇ ਗਏ ਮੁਲਜ਼ਮਾਂ ਨੂੰ ਵੀ ਸਜ਼ਾਵਾਂ ਦਿਵਾਉਣ ਲਈ ਰਾਜ ਸਰਕਾਰ ਅਤੇ ਵਰਲਡ ਸਿੱਖ ਮਿਸ਼ਨ ਵੱਲੋਂ ਦਾਇਰ ਕੀਤੀਆਂ ਗਈਆਂ ਅਪੀਲਾਂ ਅੰਬਾਲਾ ਦੀ ਜ਼ਿਲ੍ਹਾ ਤੇ ਅਦਾਲਤ ਵਿੱਚ ਵਿਚਾਰਅਧੀਨ ਹਨ।