ਚੰਡੀਗੜ੍ਹ: ਫਗਵਾੜਾ ਵਿਚ 13 ਅਪ੍ਰੈਲ ਨੂੰ ਹਿੰਦੁਤਵੀ ਜਥੇਬੰਦੀਆਂ ਅਤੇ ਦਲਿਤ ਭਾਈਚਾਰੇ ਦਰਮਿਆਨ ਹੋਈ ਲੜਾਈ ਵਿਚ ਚੱਲੀ ਗੋਲੀ ਸਬੰਧੀ ਫੋਰੈਂਸਿਕ ਲੈਬਾਰਟਰੀ, ਚੰਡੀਗੜ੍ਹ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਤੋਂ ਸਾਫ ਹੋਇਆ ਹੈ ਕਿ ਉਸ ਸਮੇਂ ਚੱਲੀਆਂ ਗੋਲੀਆਂ ਹਿੰਦੂ ਆਗੂਆਂ ਦੇ ਲਾਇਸੈਂਸੀ ਰਿਵਾਲਵਰਾਂ ਤੋਂ ਹੀ ਚੱਲੀਆਂ ਸਨ। ਇਸ ਗੋਲੀ ਕਾਂਡ ਵਿਚ ਦਲਿਤ ਨੌਜਵਾਨ ਜਸਵੰਤ ਉਰਫ ਬੌਬੀ ਗੋਲੀ ਵੱਜਣ ਨਾਲ ਜ਼ਖਮੀ ਹੋ ਗਿਆ ਸੀ ਤੇ 29 ਅਪ੍ਰੈਲ ਨੂੰ ਡੀਐਮਸੀ ਲੁਧਿਆਣਾ ਵਿਖੇ ਦਮ ਤੋੜ ਗਿਆ ਸੀ।
ਇਸ ਘਟਨਾ ਦੀ ਜਾਂਚ ਲਈ ਆਈ.ਜੀ ਪੁਲਿਸ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਐਸਪੀ ਮੁੱਖ ਦਫਤਰ ਜਗਕਿਰਨਜੀਤ ਸਿੰਘ ਤੇਜਾ ਨੇ ਅਖ਼ਬਾਰੀ ਅਦਾਰਿਆਂ ਨੂੰ ਦੱਸਿਆ ਕਿ ਫਿਲਹਾਲ ਇਹ ਪੱਕਾ ਨਹੀਂ ਪਤਾ ਲੱਗਿਆ ਹੈ ਕਿ ਜਸਵੰਤ ਦੀ ਮੌਤ ਕਿਸ ਹਿੰਦੂ ਆਗੂ ਦੀ ਰਿਵਾਲਵਰ ਵਿਚੋਂ ਚੱਲੀ ਗੋਲੀ ਨਾਲ ਹੋਈ।
ਇਸ ਰਿਪੋਰਟ ਦੇ ਅਧਾਰ ‘ਤੇ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ 6 ਹਿੰਦੂ ਆਗੂਆਂ ਵਿਰੁੱਧ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਹੈ। ਐਸਪੀ ਨੇ ਦੱਸਿਆ ਕਿ ਹਿੰਦੂ ਆਗੂਆਂ ਦੇ ਰਿਵਾਲਵਰ ਕਬਜ਼ੇ ਵਿਚ ਲੈ ਕੇ ਜਾਂਚ ਲਈ ਭੇਜੇ ਗਏ ਸਨ।
ਇਸ ਕੇਸ ਵਿਚ ਪੁਲਿਸ ਨੇ 6 ਦਲਿਤ ਨੌਜਵਾਨਾਂ ਖਿਲਾਫ ਵੀ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹਨਾਂ ਗ੍ਰਿਫਤਾਰ ਨੌਜਵਾਨਾਂ ਖਿਲਾਫ ਵੀ ਪੁਲਿਸ ਨੇ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਹੈ।