ਗੁਰਦੁਆਰਾ ਕਰਤਾਰਪੁਰ ਸਾਹਿਬ

ਸਿੱਖ ਖਬਰਾਂ

ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਦੇ ਸੁਪਰਦ

By ਸਿੱਖ ਸਿਆਸਤ ਬਿਊਰੋ

August 07, 2015

ਅੰਮ੍ਰਿਤਸਰ (6 ਅਗਸਤ, 2015): ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਅਤੇ ਅੌਕਾਫ਼ ਬੋਰਡ ਨੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਪੀਜੀਪੀਸੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ੲਿਸ ਦੀ ਪੁਸ਼ਟੀ ਕਰਦਿਅਾਂ ਕਿਹਾ ਕਿ ਗੁਰਦੁਆਰੇ ਦੀ ਕਈ ਏਕੜ ਜ਼ਮੀਨ ਖਾਲੀ ਪਈ ਹੈ, ਜਿਥੇ ਯਾਤਰੂਆਂ ਵਾਸਤੇ ਸਰਾਂ ਬਣਾਉਣ ਦੀ ਤਜਵੀਜ਼ ਹੈ।

ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਨਸ਼ਰ ਖ਼ਬਰ ਅਨੁਸਾਰ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਲੲੀ ਚਿਰੋਕਣੀ ਮੰਗ ਕੀਤੀ ਜਾ ਰਹੀ ਸੀ।  ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਉਨ੍ਹਾਂ ਆਖਿਆ ਕਿ ਭਾਰਤ ਅਤੇ ਪਾਕਿਸਤਾਨ ਦੀ ਸਰਕਾਰਾਂ ਇਸ ਮੁੱਦੇ ’ਤੇ ਵਿਚਾਰ ਕਰਨ ਅਤੇ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਆਗਿਆ ਦਿੱਤੀ ਜਾਵੇ।

ਉਨ੍ਹਾਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਸਿੱਖ ਸ਼ਰਧਾਲੂਆਂ ਨੂੰ ਖੁਲ੍ਹਦਿਲੀ ਨਾਲ ਵੀਜ਼ੇ ਦਿੱਤੇ ਜਾਣ ਦੀ ਮੰਗ ਵੀ ਕੀਤੀ। ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ, ਜਿਨ੍ਹਾਂ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਥੇ ਕਿਰਤ ਕਰਦਿਆਂ ਬਿਤਾਏ ਸਨ।

ਇਹ ਗੁਰਦੁਆਰਾ ਭਾਰਤੀ ਸਰਹੱਦ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ’ਤੇ ਹੈ ਅਤੇ ਇਸ ਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਭਾਰਤ ਵਾਲੇ ਪਾਸਿਉਂ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪੀਜੀਪੀਸੀ ਵੱਲੋਂ ਕੁਝ ਸਮਾਂ ਪਹਿਲਾਂ ਗੁਰਦੁਆਰਾ ਡੇਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦੀ ਸੇਵਾ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਸੌਂਪੀ ਹੋੲੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: