Site icon Sikh Siyasat News

ਪੰਜਾਬ ਦੇ ਲੋਕ ਅਕਾਲੀ ਦਲ ਅਤੇ ਉਸਦੇ ਮਾਫੀਆ ਰਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ: ਆਪ ਆਗੂ ਸ਼ਸ਼ੋਦੀਆ

ਨਵੀਂ ਦਿੱਲੀ (24 ਜੂਨ 2014): ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ, ਜਿਨ੍ਹਾਂ ਕੋਲ ਪੰਜਾਬ ਦੇ ਮਾਮਲਿਆਂ ਦੀ ਕਮਾਨ ਹੈ, ਨੇ ਇਕ ਵਿਸ਼ੇਸ਼ ਇੰਟਰਵਿਊ ‘ਚ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਹਫ਼ਤੇ ‘ਚ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਲਈ ਮੋਰਚਾ ਖੋਲ੍ਹਣ ਲਈ ਆਪਣੀਆਂ ਨੀਤੀਆਂ ਦਾ ਖਰੜਾ ਤਿਆਰ ਕਰੇਗੀ ।

ਪੰਜਾਬ ਦੌਰੇ ਤੋਂ ਪਰਤੇ ਮਨੀਸ਼ ਸਿਸੋਦੀਆ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਕਾਲੀ ਦਲ ਅਤੇ ਉਸਦੇ ਮਾਫੀਆ ਰਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ । ‘ਆਪ’ ਨੇਤਾ ਨੇ ਕਿਹਾ ਕਿ ਸਾਡੀ ਪਾਰਟੀ ਇਸ ਨਾਲ ਨਜਿੱਠਣ ਲਈ ਰਾਜ ਦੇ ਨੌਜਵਾਨਾਂ ਦਾ ਇਕ ਵੱਖਰਾ ਦਲ ਤਿਆਰ ਕਰੇਗੀ ਜੋ ਮੁਹੱਲਾ ਪੱਧਰ ‘ਤੇ ਮੁਹਿੰਮ ਦੀ ਸ਼ੁਰੂਆਤ ਕਰੇਗੀ ।ਇਸ ਮੁਹਿੰਮ ਤਹਿਤ ਨਸ਼ਿਆਂ ਦੇ ਖਿਲਾਫ਼ ਪਰਚੇ ਵੰਡਣਗੇ । ਸਰਕਾਰ ਦੇ ਸਾਰੇ ਪੋਲ ਚਿੱਠੇ ਖੋਲ੍ਹਣਾ ਅਤੇ ਮੁਹੱਲਾ ਪੱਧਰ ‘ਤੇ ਹਰ ਲੋੜੀਂਦੀ ਜਾਣਕਾਰੀ ਪਾਰਟੀ ਨੂੰ ਦੇਣਾ ਇਸ ਪਾਰਟੀ ਦੀ ਜ਼ਿੰਮੇਵਾਰੀ ਹੋਵੇਗੀ । ਇਸ ਤੋਂ ਇਲਾਵਾ ‘ਆਪ’ ਪੰਜਾਬ ਵਿਚੋਂ ਪਾਰਟੀ ਦੀ ਜ਼ਿਲ੍ਹਾ ਅਤੇ ਰਾਜ ਕਮੇਟੀ ਦਾ ਵੀ ਪੁਨਰਗਠਨ ਕਰ ਰਹੀ ਹੈ ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਪਣੇ ਢੰਗ ਨਾਲ ਪੰਜਾਬ ਸਰਕਾਰ ਖਿਲਾਫ ਅਵਾਜ਼ ਉਠਾ ਰਹੇ ਹਨ।ਕੋਈ ਆਰ. ਟੀ. ਆਈ. ਰਾਹੀਂ ਆਪਣੀ ਆਵਾਜ਼ ਉਠਾ ਰਿਹਾ ਹੈ ਤੇ ਕੋਈ ਕੇਬਲ ਮਾਫੀਆ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਕੋਈ ਨਸ਼ਿਆਂ ਨੂੰ ਰੋਕਣ ਲਈ ਯਤਨਸ਼ੀਲ ਹੈ । ਆਮ ਆਦਮੀ ਪਾਰਟੀ ਅਜਿਹੇ ਲੋਕਾਂ ਨੂੰ ਪਾਰਟੀ ਨਾਲ ਜੋੜ ਕੇ ਉਨ੍ਹਾਂ ਲਈ ਮੰਚ ਤਿਆਰ ਕਰੇਗੀ।

“ਅਜੀਤ” ਵਿੱਚ ਛਪੀ ਉਨ੍ਹਾਂ ਦੀ ਵਿਸ਼ੇਸ਼ ਮੁਲਤਕਾਤ ਅਨੁਸਾਰ ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਮਿਲੀ ਸਫਲਤਾ ਨੂੰ ਉਨ੍ਹਾਂ ਲੋਕਾਂ ਦੀ ਉਮੀਦ ਦਾ ਦਰਜ਼ਾ ਦਿੱਤਾ।ਸਾਬਕਾ ਮੰਤਰੀ ਨੇ ਸਵੀਕਾਰ ਕੀਤਾ ਕਿ ਦੇਸ਼ ‘ਚ ਭਾਜਪਾ ਨੂੰ ਮਿਲੇ ਪੂਰਨ ਬਹੁਮਤ ‘ਚ ਮੋਦੀ ਲਹਿਰ ਦਾ ਹੀ ਯੋਗਦਾਨ ਹੈ। ਪਰ ਮੋਦੀ ਲਹਿਰ ਦੇ ਪੰਜਾਬ ‘ਚ ਅਸਫ਼ਲ ਹੋਣ ਦਾ ਕਾਰਨ ਭਾਜਪਾ ਦਾ ਸਹਿਯੋਗੀ ਅਕਾਲੀ ਦਲ ਹੀ ਹੈ, ਜਿਨ੍ਹਾਂ ਨੂੰ ਪੰਜਾਬ ਦੀ ਜਨਤਾ ਆਪਣਾ ਦੋਸ਼ੀ ਮੰਨਦੀ ਹੈ।

ਮਨੀਸ਼ ਸਿਸੋਦੀਆ ਜੋ ਕਿ ਪਿਛਲੇ 6 ਦਿਨਾਂ ਤੋਂ ਆਪਣੇ ਸਾਥੀ ਜਰਨੈਲ ਸਿੰਘ ਨਾਲ ਰਾਜ ਦੇ ਦੌਰੇ ‘ਤੇ ਸਨ, ਨੇ ਦੌਰੇ ਦੌਰਾਨ 13 ਲੋਕ ਸਭਾ ਹਲਕਿਆਂ, 22 ਜ਼ਿਲ੍ਹਾ ਕਮੇਟੀਆਂ, 13 ਉਮੀਦਵਾਰਾਂ ਦੀਆਂ ਪ੍ਰਚਾਰ ਕਮੇਟੀਆਂ ਅਤੇ ਪਾਰਟੀ ਦੀ ਪ੍ਰਚਾਰ ਕਮੇਟੀ ਨਾਲ ਮੁਲਾਕਾਤ ਕੀਤੀ ਤਾਂ ਜੋ ਰਾਜ ਦੀਆਂ ਜ਼ਮੀਨੀ ਪੱਧਰ ਦੀਆਂ ਮੁਸ਼ਕਿਲਾਂ ਅਤੇ ਮੁੱਦਿਆਂ ਨਾਲ ਰੂਬਰੂ ਹੋ ਸਕਣ।

ਡੇਢ ਸਾਲ ਪੁਰਾਣੀ ‘ਆਪ’ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ‘ਚ 28 ਸੀਟਾਂ ਦੀ ਇਤਿਹਾਸਕ ਜਿੱਤ ਤੋਂ ਬਾਅਦ ਪਾਰਟੀ ਦਾ ਦਿੱਲੀ ਤਖ਼ਤ ਛੱਡ ਕੇ ਲੋਕ ਸਭਾ ਚੋਣਾਂ ‘ਚ ਹਿੱਸਾ ਲੈਣ ਨੂੰ ਮਨੀਸ਼ ਸਿਸੋਦੀਆ ਕਾਹਲੀ ‘ਚ ਲਿਆ ਫ਼ੈਸਲਾ ਨਹੀਂ ਮੰਨਦੇ ਸਗੋਂ ਉਨ੍ਹਾਂ ਦਾ ਮੰਨਣਾ ਹੈ ਕਿ ਨਤੀਜਿਆਂ ਨੇ ਪਾਰਟੀ ਦਾ ਵੋਟ ਫੀਸਦੀ ਪਿਛਲੀ ਵਾਰ ਦੇ ਮੁਕਾਬਲੇ ਵਧਾ ਦਿੱਤਾ ਹੈ।

ਅੁਹ ਸਮੇਂ-ਸਮੇਂ ਸਿਰ ਪਾਰਟੀ ਵਿਧਾਇਕਾਂ ਅਤੇ ਨੇਤਾਵਾਂ ਦੀਆਂ ਪਾਰਟੀ ਛੱਡ ਕੇ ਜਾਣ ਦੀਆਂ ਖ਼ਬਰਾਂ ਨੂੰ ਵੀ ਆਪ ਨੇਤਾ ‘ਅੱਧਪਕਿਆ ਸੱਚ’ ਹੀ ਮੰਨਦੇ ਹਨ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਾਰਟੀ ਨਾਲ 2 ਤਰ੍ਹਾਂ ਦੇ ਲੋਕ ਜੁੜੇ ਸਨ ਇਕ ਉਹ ਜੋ ਸਿਰਫ ਆਪਣੀਆਂ ਸਿਆਸੀ ਤਾਂਘਾਂ ਪੂਰੀਆਂ ਕਰਨ ਲਈ ਪਾਰਟੀ ਨੂੰ ਪੌੜੀ ਵਾਂਗ ਇਸਤੇਮਾਲ ਕਰ ਰਹੇ ਸਨ ਅਤੇ ਅਜਿਹਾ ਨਾ ਹੋਣ ‘ਤੇ ਨਰਾਜ਼ਗੀ ਵਜੋਂ ਪਾਰਟੀ ਖਿਲਾਫ਼ ਬਿਆਨਬਾਜ਼ੀ ਵਿਚ ਉਲਝੇ ਜਾਂ ਪਾਰਟੀ ਛੱਡ ਕੇ ਜਾ ਰਹੇ ਹਨ। ਪਰ ਇਨ੍ਹਾਂ ਦੀ ਗਿਣਤੀ 2-4 ਫੀਸਦੀ ਹੈ। ਬਾਕੀ ਨੇਤਾ ਹਰ ਵੇਲੇ ਪਾਰਟੀ ਦੇ ਨਾਲ ਹਨ।

ਮਨੀਸ਼ ਸਿਸੋਦੀਆ ਨੇ ਸ਼ਾਜ਼ੀਆ ਇਲਮੀ ਵੱਲੋਂ ਲਾਏ ਦੋਸ਼ਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਇਲਜ਼ਾਮ ਕੁਝ ਹੱਦ ਤੱਕ ਸਹੀ ਹਨ। ਇਸ ‘ਤੇ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਸ਼ੁਰੂਆਤ ਬੜੇ ਛੋਟੇ ਪੱਧਰ ‘ਤੇ 20-25 ਲੋਕਾਂ ਤੋਂ ਹੋਈ ਸੀ। ਇਸ ਲਈ ਜਦੋਂ ਕਿਸੇ ਵਿਸਥਾਰ ਜਾਂ ਫ਼ੈਸਲੇ ਲੈਣ ਦਾ ਵੇਲਾ ਆਇਆ ਤਾਂ ਫੈਸਲੇ ਦਾ ਹੱਕ ਵੀ ਸੀਮਿਤ ਲੋਕਾਂ ਤੱਕ ਰਹਿ ਗਿਆ।

ਮਨੀਸ਼ ਨੇ ਕਿਹਾ ਕਿ ਹਰ ਦਿਨ ਵੱਡੀ ਹੁੰਦੀ ਪਾਰਟੀ, ਜਿਸ ਵਿਚ ਇਸ ਵੇਲੇ 27 ਵਿਧਾਇਕ, 4 ਸੰਸਦ ਮੈਂਬਰ ਸੈਂਕੜੇ ਨੇਤਾ ਅਤੇ ਹਜ਼ਾਰਾਂ ਕਾਰਕੁਨ ਜੁੜ ਗਏ ਹਨ ‘ਚ ਹੀ ਕੁਝ ਅਹਿਮ ਤਬਦੀਲੀਆਂ ਲਿਆਂਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁਝ ਲੋਕਾਂ ‘ਚ ਬਿਹਤਰ ਬਦਲ ਵੀ ਲੱਭੇ ਜਾਣਗੇ ਤਾਂ ਜੋ ਇਮਾਨਦਾਰੀ ਦੀ ਸਿਆਸਤ, ਜੋ ਹਾਲੇ ਤੱਕ ਸਿਰਫ ਵਿਅਕਤੀ ਪੱਧਰ ‘ਤੇ ਹੀ ਪਾਈ ਜਾਂਦੀ ਸੀ, ਨੂੰ ਪਾਰਟੀ ਪੱਧਰ ‘ਤੇ ਲਿਆਂਦਾ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version