ਚੰਡੀਗੜ੍ਹ ( 6 ਮਾਰਚ, 2015): ਪੰਜਾਬੀ ਗੀਤਕਾਰ, ਗਾਇਕ ਅਤੇ ਫਿਲਮੀ ਅਦਾਕਾਰ ਰਾਜ ਕਾਕੜਾ ਦੀ ਆਉਣ ਵਾਲੀ ਪੰਜਾਬੀ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਨੂੰ ਭਾਰਤੀ ਫਿਲਮ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰਦਿਆਂ ਫਿਲ਼ਮ ਦੇ ਪ੍ਰਦਰਸ਼ਨ ‘ਤੇ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਹੈ।ਭਾਰਤ ਵਿੱਚ ਕਿਸੇ ਵੀ ਫਿਲਮ ਦੇ ਪ੍ਰਦਰਸ਼ਨ ਲਈ ਭਾਰਤੀ ਫਿਲਮ ਸੈਸਰ ਬੋਰਡ ਤੋਂ ਮਨਜ਼ੂਰੀ ਲੈਣੀ ਜਰੂਰੀ ਹੈ।
ਫਿਲਮ ਦੇ ਨਿਰਮਾਤਾਵਾਂ ਵਿੱਚੋਂ ਫਤਿਹ ਸਪੋਰਟਸ ਕਲੱਬ ਦੇ ਸੰਦੀਪ ਸਿੰਘ ਨੇ “ਸਿੱਖ ਸਿਆਸਤ” ਨਾਲ ਗੱਲ ਕਰਦਿਆਂ ਦੱਸਿਆ ਕਿ ਭਾਰਤੀ ਫਿਲਮ ਸੈਂਸਰ ਬੋਰਡ ਤੋਂ ਮਨਜ਼ੂਰੀ ਲੈਣ ਲਈ ਫਿਲਮ ਨੂੰ ਸੈਂਸਰ ਬੋਰਡ ਕੋਲ 2 ਫਰਵਰੀ 2015 ਨੂੰ ਭੇਜਿਆ ਗਿਆ ਸੀ ਅਤੇ ਸੈਂਸਰ ਬੋਰਡ ਨੇ 3 ਮਾਰਚ ਨੂੰ ਫਿਲਮ ‘ਤੇ ਪਾਬੰਦੀ ਲਾ ਦਿੱਤੀ।
ਉਨ੍ਹਾਂ ਦੱਸਿਆ ਕਿ “ਸਾਨੂੰ ਭਾਰਤੀ ਸੈਂਸਰ ਬੋਰਡ ਦੀ ਚਿੱਠੀ ਮਿਲੀ ਹੈ, ਜਿਸ ਵਿੱਚ ਬੋਰਡ ਨੇ ਦੱਸਿਆ ਹੈ ਕਿ ਸਾਡੀ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਨੂੰ ਬੋਰਡ ਨੇ ਮਨਜ਼ੂਰੀ ਨਹੀਂ ਦਿੱਤੀ।
ਫਿਲਮ ‘ਤੇ ਪਾਬੰਦੀ ਲਾਉਣ ਦੇ ਕਾਰਣ:
ਭਾਰਤੀ ਫਿਲਮ ਸੈਂਸਰ ਬੋਰਡ ਨੇ ਫਿਲਮ ‘ਤੇ ਪਾਬੰਦੀ ਲਾਉਣ ਦੇ ਹੇਠ ਲਿਖੇ ਕਾਰਣ ਦਿੱਤੇ ਹਨ:
“ਗੁਰਦੁਆਰੇ ਉੱਤੇ ਹਮਲਾ, ਨਿਰਦੋਸ਼ ਲੋਕਾਂ ਦਾ ਕਤਲ, ਔਰਤਾਂ ‘ਤੇ ਤਸ਼ੱਦਦ, ਪੁਲਿਸ ਥਾਣੇ ਵਿੱਚ ਬੂਰੀ ਤਰਾਂ ਲੋਕਾਂ ਨੂੰ ਕੁੱਟਣਾ, ਔਰਤਾਂ ਨੂੰ ਗੰਦੀਆਂ ਗਾਲ੍ਹਾਂ ਕੱਢਣੀਆਂ ਅਤੇ ਫਿਲਮ ਦਾ ਸਮਾਜ ਨੂੰ ਕੋਈ ਸੁਨੇਹਾ ਦੇਣ ਵਿੱਚ ਅਸਫਲ ਹੋਣਾਂ”
ਸੰਦੀਪ ਸਿੰਘ ਨੇ ਦੱਸਿਆ ਕਿ ਉਹ ਸੈਂਸਰ ਬੋਰਡ ਦੇ ਇਸ ਫੈਸਲੇ ਖਿਲਾਫ ਸੁਣਵਾਈ ਕਮੇਟੀ ਕੋਲ ਅਪੀਲ ਕਰਨਗੇ।ਇਹ ਫਿਲਮ ਸੰਸਾਰ ਦੇ ਹੋਰ ਮੁਲਕਾਂ ਇਹ ਫਿਲਮ 2 ਅਪ੍ਰੈਲ ਤੋਂ ਖਿਾਈ ਜਾ ਰਹੀ ਹੈ।
ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਅਤੇ ਸਿੱਖ ਖਾੜਕੂ ਸੰਘਰਸ਼ ਨਾਲ ਸਬੰਧਿਤ ਹੋਰ ਫਿਲਮਾਂ:
ਫਤਿਹ ਕਲੱਬ ਦੇ ਹਰਸਿਮਰਨ ਸਿੰਘ ਅਤੇ ਸੰਦੀਪ ਸਿੰਘ ਜ਼ੰਟੀ ਨੇ ਦੱਸਿਆ ਕਿ ਇਹ ਫਿਲਮ ਪੰਜਾਬ ਦਾ ਸੰਤਾਪ ਅਤੇ ਪੰਜਾਬ ਦਾ ਦਰਦ ਬਿਆਨ ਕਰਦੀ ਹੈ।। ਇਹ ਫਿਲਮ ਪੰਜਾਬ ਵਿੱਚ 80ਵਿਆਂ ਤੋਂ 90ਵਿਆਂ ਦੌਰਾਨ ਚੱਲੀ ਸਿੱਖ ਖਾੜਕੂ ਲਹਿਰ ‘ਤੇ ਅਧਾਰਿਤ ਹੈ।
ਫਿਲਮ ਨਿਰਮਾਤਾਵਾਂ ਨੇ ਅੱਗੇ ਦੱਸਿਆ ਕਿ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਖਾੜਕੂਵਾਦ ਦੇ ਅਸਲ ਕਿਰਦਾਰ ਨੂੰ ਪੇਸ਼ ਕਰਦੀ ਹੈ ਅਤੇ ਇਸ ਨਾਲ ਸਮਾਜ ਨੂੰ ਜੋ ਫਾਇਦੇ ਹੋਏ ਉਹ ਸਾਡੀ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ।
ਸਿੱਖ ਸੰਘਰਸ਼ ਨਾਲ ਸੰਘਰਸ਼ ਨਾਲ ਸੰਬਧਿਤ ਫਿਲਮ “ਸਾਡਾ ਹੱਕ” ਨੂੰ ਦਰਸ਼ਕਾਂ ਵੱਲੋਂ ਮਿਲੇ ਵਧੀਆ ਹੁੰਗਾਰੇ ਤੋਂ ਬਾਅਦ ਇਸ ਪਾਸੇ ਫਿਲਮਾਂ ਬਣਾਉਣਾ ਦਾ ਰੁਝਾਨ ਕਾਫੀ ਵਧਿਆ ਹੈ।
ਇਹ ਫਿਲਮਾਂ ਮੁੱਖ ਤੌਰ ‘ਤੇ ਵਪਾਰਕ ਹਿੱਤਾਂ ਨੂੰ ਮੁੱਖ ਰੱਖਕੇ ਬਣਾਈਆਂ ਗਈਆਂ/ਜਾ ਰਹੀਆਂ ਹਨ, ਪਰ ਇਨ੍ਹਾਂ ਫਿਲਮਾਂ ਵਿੱਚ ਵਰਤੀ ਗਈ ਤਕਨੀਕ ਅਤੇ ਅਦਾਕਾਰੀ ਦੇ ਪੱਖੋ ਇਨ੍ਹਾਂ ਫਿਲਮਾ ਦਾ ਪੱਧਰ ਵਧੀਆ ਨਹੀਂ ਹੈ, ਜਿਸ ਕਰਕੇ ਸੁਹਿਰਦ ਸਿੱਖ ਹਲਕਿਆਂ ਵਿੱਚ ਇਸ ਪ੍ਰਤੀ ਚਿੰਤਾ ਪ੍ਰਗਾਟਾਈ ਜਾ ਰਹੀ ਹੈ।ਕਿਉਕਿ ਤਕਨੀਕ ਅਤੇ ਅਦਾਕਰੀ ਪੱਖੋ ਮਾੜੀਆਂ ਫਿਲਮਾਂ ਜਿੱਥੇ ਦਰਸ਼ਕਾਂ ਨੂੰ ਸੰਤੁਸ਼ਟ ਕਰਨ ਵਿੱਚ ਨਾਕਾਮ ਰਹਿੰਦੀਆਂ ਹਨ, ਉੱਥੇ ਇਸ ਖੇਤਰ ਦੀਆਂ ਭਵਿੱਖਤ ਸੰਭਾਵਨਾਵਾਂ ‘ਤੇ ਵੀ ਨਾਂਹਪੱਖੀ ਅਸਰ ਛੱਡਦੀਆਂ ਹਨ।
ਇਸਤੋਂ ਪਹਿਲਾਂ ਵੀ ਰਾਜ ਕਾਕੜਾ ਦੀ ਪਹਿਲੀ ਪੰਜਾਬੀ ਫਿਲਮ “ਕੌਮ ਦੇ ਹੀਰੇ” ‘ਤੇ ਵੀ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਸੀ।ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਦੇ ਜੀਵਣ ‘ਤੇ ਅਧਾਰਿਤ ਹੋਣ ਕਰਕੇ ਇਸ ਫਿਲਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ, ਭਾਂਵੇ ਕਿ ਤਕਨੀਕ, ਨਿਰਦੇਸ਼ਨ ਅਤੇ ਅਦਾਕਾਰੀ ਪੱਖੋਂ ਕਮਜ਼ੋਰ ਹੋਣ ਕਰਕੇ ਇਹ ਫਿਲਮ ਅਲੋਚਕਾਂ ਲਈ ਚਰਚਾ ਦਾ ਵਿਸ਼ਾ ਬਣੀ।