ਚੰਡੀਗੜ੍ਹ (2 ਜਨਵਰੀ, 2015): ਅੱਜ ਸਵੇਰੇ 3 ਵਜੇ ਦੇ ਕਰੀਬ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਫੌਜੀ ਵਰਦੀ ਵਿੱਚ ਆਏ ਹਮਲਾਵਰਾਂ ਵੱਲੋਂ ਹਵਾਈ ਅੱਡੇ ਅੰਦਰ ਵੜ ਕੇ ਹਮਲਾ ਕਰਨ ਤੋਂ ਬਾਅਦ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ।
ਭਾਰਤੀ ਦੇ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਇਹ ਜਾਣਕਾਰੀ ਟਵਿੱਟਰ ‘ਤੇ ਦਿੰਦਿਆਂ ਭਾਰਤੀ ਜਵਾਨਾਂ ਦੀ ਜਿੱਥੇ ਪ੍ਰਸੰਸਾ ਕੀਤੀ, ਉਥੇ ਇਸ ਹਮਲੇ ਵਿੱਚ ਜਾਨਾਂ ਗਵਾਉਣ ਵਾਲੇ ਭਾਰਤੀ ਜਵਾਨਾਂ ਲਈ ਅਫਸੋਸ ਵੀ ਪ੍ਰਗਟ ਕੀਤਾ।
ਭਾਰਤੀ ਫੌਜ, ਹਵਾਈ ਫੌਜ, ਨੈਸ਼ਨਲ ਸਕਿਉਰਿਟੀ ਗਾਰਡਾਂ ਅਤੇ ਹਮਲਾਵਰਾਂ ਵਿੱਚ ਹੋਈ ਲੜਾਈ ਵਿੱਚ ਪੰਜ ਹਮਲਾਵਰ ਅਤੇ ਤਿੰਨ ਸੁਰੱਖਿਆ ਜਵਾਨਾਂ ਦੀ ਮੌਤ ਹੋ ਗਈ ਹੈ।
ਇਸ ਹਮਲੇ ਸਬੰਧੀ ਬੋਲਦਿਆਂ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਹੋਏ ਹਮਲੇ ਪਿਛੇ ਪਾਕਿਸਤਾਨੀ ਖਾੜਕੂ ਜੱਥੇਬੰਦੀ ਜੈਸ਼-ਏ–ਮੁਹੰਮਦ ਦਾ ਹੱਥ ਹੋ ਸਕਦਾ ਹੈ।ਉਨ੍ਹਾਂ ਕਿਹਾ ਭਾਰਤ ਇਸ ਹਮਲੇ ਦਾ ਮੁੰਹ ਤੌੜ ਜਵਾਬ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ ਅਤੇ ਇਸ ਨਾਲ ਚੰਗੇ ਸਬੰਧ ਚਾਹੁੰਦੇ ਹਾਂ। ਪਰ ਜੇਕਰ ਪਾਕਿਸਤਾਨ ਸਾਡੇ ਮੁਲਕ ‘ਤੇ ਹਮਲਾ ਕਰਦਾ ਹੈ ਤਾਂ ਇਸਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ।