ਪਠਾਨਕੋਟ (4 ਜਨਵਰੀ, 2016): ਪਠਾਨਕੋਟ ਦੇ ਫੌਜੀ ਅੱਡੇ ‘ਤੇ ਹਮਲਾਵਰਾਂ ਅਤੇ ਸੁਰੱਖਿਆ ਦਸਤਿਆਂ ਵਿਚਕਾਰ ਚੱਲ ਰਿਹਾ ਮੁਕਾਬਲਾ ਅਜੇ ਵੀ ਜਾਰੀ ਹੈ। ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਇਸ ਮੁਕਬਾਲੇ ਵਿੱਚ ਪੰਜ ਹਮਲਾਵਰਾਂ ਅਤੇ ਭਾਰਤੀ ਫੌਜ ਦੇ ਕਰਨਲ ਸਮੇਤ ਸੁਰੱਖਿਆ ਦਸਤਿਆਂ ਦੇ 7 ਮੈਂਬਰਾਂ ਦੀਆਂ ਜਾਨਾਂ ਜਾਣ ਦੀਆਂ ਖ਼ਬਰਾਂ ਹਨ।
ਇਸ ਸਮੇਂ ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ ਹਵਾਈ ਅੱਡੇ ਅੰਦਰ ਲੁਕੇ ਹੋਏ ਹਮਲਾਵਰ ਪੈਤੜੇ ਬਦਲ ਬਦਲ ਕੇ ਗੋਲੀਬਾਰੀ ਕਰ ਰਹੇ ਹਨ। ਇਸ ਸਮੇਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੋ ਹਮਲਾਵਰਾਂ ਦੀ ਅਜੇ ਵੀ ਅੱਡੇ ਅੰਦਰ ਲੁਕੇ ਹੋਏ ਹਨ।
ਇਹ ਹਮਲਾਵਰ ਆਪਣੀ ਛਿਪਣਗਾਹ ਤਬਦੀਲ ਕਰ ਰਹੇ ਹਨ ਤੇ ਜਦੋਂ ਫੌਜ ਅੱਗੇ ਵਧਦੀ ਹੈ ਤਾਂ ਰੁਕ ਰੁਕ ਕੇ ਫਾਇਰਿੰਗ ਕਰ ਰਹੇ ਹਨ। ਸੈਨਾ ਵੱਲੋਂ ਸਰਚ ਅਭਿਆਨ ਜਾਰੀ ਹੈ। ਫੌਜ ਵੱਲੋਂ ਜੇ. ਸੀ. ਬੀ ਦਾ ਮਦਦ ਨਾਲ ਹਮਲਾਵਰਾਂ ਦੀ ਛਿਪਣਗਾਹ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਦਾ ਰਹੀ ਹੈ ਕਿਉਂਕਿ ਏਅਰਬੇਸ ਦਾ ਇਲਾਕਾ ਝਾੜੀਆਂ ਨਾਲ ਭਰਿਆ ਹੋਇਆ ਹੈ।
ਹੁਣ ਤੱਕ ਦੀਆਂ ਮਿਲੀਆਂ ਖ਼ਬਰਾਂ ਮੁਤਾਬਿਕ ਨੈਸ਼ਨਲ ਸਕਿਉਰਿਟੀ ਗਾਰਡਜ਼ ਦੇ ਲੈਫਟੀਨੈਟ ਕਰਨਲ ਨਰਿੰਜਣ ਸਮੇਤ 7 ਭਾਰਤੀ ਸੁਰੱਖਿਆ ਜਵਾਨ ਮਾਰੇ ਜਾ ਚੁੱਕੇ ਹਨ, ਜਦਕਿ 5 ਹਮਲਾਵਰਾਂ ਦੀ ਮੌਤ ਦੀ ਖਬਰ ਹੈ।
ਸ਼ਨੀਵਾਰ ਸਵੇਰੇ 3 ਵਜੇ ਦੇ ਕਰੀਬ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਫੌਜੀ ਵਰਦੀ ਵਿੱਚ ਆਏ ਹਮਲਾਵਰਾਂ ਵੱਲੋਂ ਹਵਾਈ ਅੱਡੇ ਅੰਦਰ ਵੜ ਕੇ ਹਮਲਾ ਕੀਤਾ ਗਿਆ ਸੀ।