ਆਮ ਖਬਰਾਂ

ਸੰਸਦ ਮੈਂਬਰ ਮੂਰਖ ਅਤੇ ਬੁੱਧੀਹੀਣ ਹਨ, ਮੈ ਉਨ੍ਹਾਂ ‘ਤੇ ਥੁੱਕਦਾ ਹਾਂ: ਪੱਤਰਕਾਰ ਵੇਦ ਪ੍ਰਕਾਸ਼

By ਸਿੱਖ ਸਿਆਸਤ ਬਿਊਰੋ

September 09, 2014

ਅਜ਼ਮੇਰ  ( 8 ਸਤੰਬਰ, 2014): ਆਪਣੀ ਪਾਕਿਸਤਾਨ ਫੇਰੀ ਦੌਰਾਨ  ਮੁੰਬਈ ਹਮਲਿਆਂ ਦੇ ਭਾਰਤ ਵੱਲੋਂ ਮੰਨੇ ਜਾਂਦੇ ਦੋਸ਼ੀ ਹਾਫਿਜ਼ ਸਈਅਦ ਨਾਲ ਮੁਲਾਕਾਤ ਕਰਨ ਕਰਕੇ ਵਿਵਾਦਾਂ ਵਿੱਚ ਘਿਰਨ ਵਾਲੇ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਸੰਸਦ ਮੈਂਬਰਾਂ ‘ਤੇ ਥੁੱਕਣ ਦਾ ਬਿਆਨ ਦੇ ਕੇ ਮੁੜ ਵਿਵਾਦਾਂ ‘ਚ ਫਸ ਗਏ ਹਨ।

ਉਨ੍ਹਾ ਕਿਹਾ ਕਿ ਜਦੋਂ ਮੈਨੂੰ ਕਿਹਾ ਗਿਆ ਕਿ ਦੋ ਸੰਸਦ ਮੈਂਬਰਾਂ ਨੇ ਮੇਰੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਤਾਂ ਮੈਂ ਕਿਹਾ ਕਿ ਦੋ ਨਹੀਂ, 100 ਵੀ ਨਹੀਂ, ਸਗੋਂ 543 ਸੰਸਦ ਮੈਂਬਰ ਸਰਬ-ਸੰਮਤੀ ਨਾਲ ਮਤਾ ਪਾਸ ਦੇਣ ਕਿ ਵੈਦਿਕ ਨੂੰ ਫਾਂਸੀ ‘ਤੇ ਚੜ੍ਹਾ ਦਿਓ ਤਾਂ ਮੈਂ ਉਸ ਪੂਰੀ ਸੰਸਦ ‘ਤੇ ਥੁੱਕਦਾ ਹਾਂ, ਕਿਉਂਕਿ ਉਹ ਮੂਰਖ ਅਤੇ ਬੁੱਧੀਹੀਣ ਹਨ ਅਤੇ ਮੈਂ ਉਹਨਾਂ ਦੀ ਗੱਲ ਨਹੀਂ ਮੰਨਦਾ।

ਵੈਦਿਕ ਨੇ ਸੰਸਦ ਮੈਂਬਰਾਂ ਅਤੇ ਸੰਸਦ ਬਾਰੇ ਇਹ ਇਤਰਾਜ਼ਯੋਗ ਬਿਆਨ ਅਜਮੇਰ ਲਿਟਰੇਰੀ ਸਮਾਰੋਹ ਵਿੱਚ ਭਾਗ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਿੱਤਾ।

ਦਰਅਸਲ ਕੁਝ ਪੱਤਰਕਾਰਾਂ ਨੇ ਉਸ ਨੂੰ ਦੱਸਿਆ ਕਿ ਮੁੰਬਈ ਹਮਲਿਆਂ ਦੇ ਸਰਗਨਾ ਹਾਫਿਜ਼ ਸਈਦ ਨਾਲ ਪਾਕਿਸਤਾਨ ‘ਚ ਮੁਲਾਕਾਤ ਨੂੰ ਲੈ ਕੇ ਦੋ ਸੰਸਦ ਮੈਂਬਰ ਉਨ੍ਹਾ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾ ਵਿਰੁੱਧ ਦੇਸ਼-ਧਰੋਹ ਦਾ ਮੁਕੱਦਮਾ ਚਲਾਉਣਾ ਚਾਹੁੰਦੇ ਹਨ।ਇਸ ‘ਤੇ ਵੈਦਿਕ ਨੇ ਕਿਹਾ ਕਿ ਮੈਂ ਜਿਸ ਨੂੰ ਸੱਚ ਸਮਝਿਆ ਹੈ, ਉਸ ਲਈ ਲੜਿਆ ਹਾਂ ਅਤੇ ਕਦੇ ਡਰ ਕੇ ਮੈਂ ਕੋਈ ਸਮਝੌਤਾ ਨਹੀਂ ਕੀਤਾ।

ਵੈਦਿਕ ਨੇ ਕਿਹਾ ਜੇ ਸਰਕਾਰ ਮੈਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਤਾਂ ਮੈਂ ਚਾਹਾਂਗਾ ਕਿ ਮੇਰੇ ਨਾਲ ਸੈੱਲ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੋਣ, ਕਿਉਂਕਿ ਉਨ੍ਹਾ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ ਨਾਲ ਗੱਲਬਾਤ ਕੀਤੀ ਸੀ, ਜਿਨ੍ਹਾ ਨੂੰ ਕਾਰਗਿਲ ਵਿੱਚ ਸੈਂਕੜੇ ਜਵਾਨਾਂ ਦੇ ਕਤਲ ਲਈ ਦੋਸ਼ੀ ਮੰਨਿਆ ਜਾਂਦਾ ਹੈ।

ਉਨ੍ਹਾ ਕਿਹਾ ਕਿ ਪ੍ਰਵੇਜ਼ ਮੁਸ਼ੱਰਫ ਹਾਫਿਜ਼ ਸਈਦ ਦੇ ਮੁਕਾਬਲੇ 100 ਗੁਣਾਂ ਜ਼ਿਆਦਾ ਖਤਰਨਾਕ ਹਨ, ਜਿਨ੍ਹਾ ਭਾਰਤ ਵੱਲੋਂ ਕਈ ਵਾਰ ਸ਼ਾਂਤੀ ਵਾਰਤਾ ਮਗਰੋਂ ਵੀ ਮੁਸ਼ੱਰਫ ਨੇ ਦੇਸ਼ ਨੂੰ ਨੁਕਸਾਨ ਪਹੁੰਚਾਇਆ ਸੀ। ਉਨ੍ਹਾ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜੇਲ੍ਹ ਵਿੱਚ ਸੁੱਟ ਦਿਓ, ਕਿਉਂਕਿ ਉਨ੍ਹਾ ਵੀ ਪ੍ਰਵੇਜ਼ ਮੁਸ਼ੱਰਫ ਨਾਲ ਮੁਲਾਕਾਤ ਕੀਤੀ ਸੀ।

ਉਨ੍ਹਾ ਕਿਹਾ ਕਿ ਮੈਂ ਹਾਫਿਜ਼ ਨੂੰ ਮਿਲਿਆ, ਪ੍ਰਭਾਕਰਨ ਨੂੰ ਮਿਲਿਆ। ਉਨ੍ਹਾ ਕਿਹਾ ਕਿ ਮੈਂ ਅਜਿਹੇ ਲੋਕਾਂ ਨੂੰ ਮਿਲਣਾ ਚਾਹੁੰਦਾ ਹਾਂ, ਜਿਹੜੇ ਭਾਰਤ ਵਿਰੋਧੀ ਹਨ, ਕਿਉਂਕਿ ਉਨ੍ਹਾਂ ਨੂੰ ਮਿਲ ਕੇ ਹੀ ਪਤਾ ਚੱਲ ਸਕਦਾ ਹੈ ਕਿ ਉਨ੍ਹਾਂ ਅੰਦਰ ਭਾਰਤ ਵਿਰੋਧੀ ਸੋਚ ਦਾ ਜਨਮ ਕਿਵੇਂ ਹੋਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: