ਲੰਡਨ (7 ਫਰਵਰੀ, 2016): ਪੁਰਤਗਾਲ ਵਿੱਚ ਨਜ਼ਰਬੰਦ ਭਾਈ ਪਰਮਜੀਤ ਸਿੰਘ ਪੰਮਾ ਦੇ ਮਾਂਪਿਓੁ ਨੇ ਪੁਰਤਗਾਲ ਦੇ ਨਿਆਂ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਇੱਕ ਪੱਤਰ ਸੋਂਪਿਆ। ਭਾਈ ਪੰਮੇ ਦੇ ਪਿਤਾ ਸ੍ਰ. ਅਮਰੀਕ ਸਿੰਘ ਵਲੋਂ ਨਿਆਂ ਮੰਤਰੀ ਫਰਾਂਸਿਸਕਾ ਵੈਨ ਡੁਨੈਮ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਕਿ ਪਰਮਜੀਤ ਸਿੰਘ 1999 ਤੋਂ ਬਾਅਦ ਕਦੀ ਭਾਰਤ ਗਿਆ ਹੀ ਨਹੀਂ ਅਤੇ ਉਸ ਨੂੰ 2009-10 ਦੇ ਬੰਬ ਧਮਾਕਿਆਂ ਤੇ ਕਤਲ ਦੀ ਸਾਜਿਸ਼ ਦੇ ਝੂਠੇ ਦੋਸ਼ਾਂ ਤਹਿਤ ਫਸਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਅਧਿਕਾਰੀ ਨੂੰ ਦੱਸਿਆ ਕਿ ਬਰਤਾਨੀਆਂ ਸਰਕਾਰ ਨੂੰ ਸਾਲ 2010-11 ਵਿਚ ਡੂੰਘੀ ਜਾਂਚ ਤੋਂ ਬਾਅਦ ਪਰਮਜੀਤ ਸਿੰਘ ਦੇ ਖਿ਼ਲਾਫ਼ ਕਿਸੇ ਤਰ੍ਹਾਂ ਦੀ ਅਪਰਾਧਿਕ ਕਾਰਵਾਈ ਦੇ ਕੋਈ ਸਬੂਤ ਨਹੀਂ ਮਿਲੇ ਹਨ ।
ਭਾਈ ਪਰਮਜੀਤ ਸਿੰਘ ਪੰਮਾ ਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਰਤਨ ਕੌਰ ਨੇ ਪੁਰਤਗਾਲ ਦੇ ਨਿਆਂ ਮੰਤਰਾਲੇ ਦੇ ਪ੍ਰਤੀਨਿੱਧ ਨਾਲ ਮੁਲਾਕਾਤ ਕੀਤੀ ਤੇ ਇਕ ਪੱਤਰ ਪੇਸ਼ ਕਰਦਿਆਂ ਬੇਨਤੀ ਕੀਤੀ ਕਿ ਭਾਰਤ ਦੀ ਹਵਾਲਗੀ ਬਾਰੇ ਬੇਨਤੀ ‘ਤੇ ਫ਼ੈਸਲਾ ਕਰਨ ਤੋਂ ਪਹਿਲਾਂ ਭਾਈ ਪੰਮਾ ਨੂੰ ਉਮਰ ਕੈਦ ਦਿੱਤੇ ਜਾਣ ਦੀ ਸੰਭਾਵਨਾ ਤੇ ਤਸ਼ੱਦਦ ਦੇ ਖਤਰੇ ‘ਤੇ ਵਿਚਾਰ ਕਰ ਲਈ ਜਾਵੇ ।
ਪੱਤਰ ਸਵੀਕਾਰ ਕਰਦਿਆਂ ਨਿਆਂ ਮੰਤਰੀ ਦੇ ਪ੍ਰਤੀਨਿਧ ਨੇ ਭਾਈ ਪੰਮਾ ਦੇ ਮਾਤਾ-ਪਿਤਾ ਨੂੰ ਭਰੋਸਾ ਦਿਵਾਇਆ ਕਿ ਪੁਰਤਗਾਲ ਕਾਨੂੰਨ ਪਸੰਦ ਦੇਸ਼ ਹੈ ਅਤੇ ਹਵਾਲਗੀ ਕਾਰਵਾਈ ਦੇ ਨਿਆਂਇਕ ਪੜਾਅ ਦੌਰਾਨ ਪੰਮਾ ਨੂੰ ਆਪਣੇ ਬਚਾਅ ਤੇ ਭਾਰਤ ਵਲੋਂ ਲਾਏ ਦੋਸ਼ਾਂ ਨੂੰ ਰੱਦ ਕਰਨ ਲਈ ਸਬੂਤ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਵੇਗਾ ।
ਭਾਈ ਪੰਮੇ ਦੀ ਮਾਤਾ ਰਤਨ ਕੌਰ ਨੇ ਇਸ ਦੌਰਾਨ ਆਪਣੇ ਵੱਡੇ ਪੁੱਤਰ ਪਰਮਿੰਦਰ ਸਿੰਘ ਦੀਆਂ ਤਸਵੀਰਾਂ ਤੇ ਦਸਤਾਵੇਜ਼ ਵਿਖਾਏ ਜਿਸ ਨੂੰ ਜੁਲਾਈ 1991 ‘ਚ ਭਾਰਤੀ ਪੁਲਿਸ ਵਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਰਤਗਾਲ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਪਰਮਜੀਤ ਸਿੰਘ ਪੰਮਾ ਨੂੰ ਆਪਣੇ ਪਰਿਵਾਰ ਵਿਚ ਯੂ.ਕੇ. ਭੇਜ ਦਿੱਤਾ ਜਾਵੇ ।
ਕਰਾਰ ਦੀ ਉਲੰਘਣਾ ‘ਚ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਦੇ ਆਧਾਰ ‘ਤੇ ਪੁਰਤਗਾਲੀ ਅਦਾਲਤ ਵਲੋਂ ਅਬੂ ਸਲੇਮ ਕੇਸ ‘ਚ ਹਵਾਲਗੀ ਦੇ ਫ਼ੈਸਲੇ ਨੂੰ ਵਾਪਸ ਲੈਣ ਦਾ ਜ਼ਿਕਰ ਕਰਦਿਆਂ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਪੰਮਾ ਦੇ ਮਾਮਲੇ ਵਿਚ ਪੁਰਤਗਾਲ ਵਲੋਂ ਭਾਰਤੀ ਅਧਿਕਾਰੀਆਂ ਨੂੰ ਦਿੱਤੀ ਗਈ ਕਿਸੇ ਵੀ ਗਰੰਟੀ ਦਾ ਅਸੀ ਡੱਟ ਕੇ ਵਿਰੋਧ ਕਰਾਂਗੇ ਅਤੇ ਇਸ ਸਬੰਧੀ ਦਸਤਾਵੇਜ਼ ਤੇ ਗਵਾਹ ਪੇਸ਼ ਕਰਾਂਗੇ ਜੋ ਇਹ ਸਾਬਤ ਕਰਨਗੇ ਕਿ ਭਾਰਤ ‘ਚ ਤਸ਼ੱਦਦ, ਉਮਰ ਕੈਦ ਤੇ ਮੌਤ ਦੀ ਸਜ਼ਾ ਦਾ ਪ੍ਰਚਲਨ ਜਾਰੀ ਹੈ ।