“ਜਥੇਦਾਰਾਂ ਦੇ ਮਨਮਤੀ ਫੈਸਲਿਆਂ” ਵਿਰੁੱਧ ਸਿਧਾਂਤਕ ਲੜਾਈ ਜਾਰੀ ਰਹੇਗੀ ਦੇਸ਼-ਵਿਦੇਸ਼ ਦੇ ਸਿੱਖ ਜਥੇਦਾਰਾਂ ਦਾ ਬਾਈਕਾਟ ਕਰਨ- ਧਾਮੀ, ਬੜਾਪਿੰਡ
ਅੰਮ੍ਰਿਤਸਰ (1 ਅਕਤੂਬਰ, 2015): ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਜਥੇਦਾਰਾਂ ਵਲੋਂ ਮੁਆਫੀ ਡਰਾਮੇ ਉਤੇ ਨਜ਼ਰਸਾਨੀ ਕਰਨ ਲਈ ਕਮੇਟੀ ਬਨਾਉਣ ਦੀ ਤਜ਼ਵੀਜ ਨੂੰ ਮਹਿਜ਼ ਇੱਕ ਛਲਾਵਾ ਦਸਦਿਆਂ ਕਿਹਾ ਕਿ ਇਸ ਦਾ ਮੰਤਵ ਸ਼ਰਧਾਵਾਨ ਅਤੇ ਚੇਤੰਨ ਸਿੱਖਾਂ ਦਾ ਗੁੱਸਾ ਸ਼ਾਂਤ ਕਰਨ ਅਤੇ ਉਹਨਾਂ ਦੀ “ਜਥੇਦਾਰਾਂ ਦੇ ਮਨਮਤੀ ਫੈਸਲਿਆਂ” ਵਿਰੁੱਧ ਸਿਧਾਂਤਕ ਲੜਾਈ ਨੂੰ ਪੇਤਲਾ ਕਰਨ ਹੈ।
ਦੋਨਾਂ ਪਾਰਟੀਆਂ ਦੇ ਆਗੂਆਂ ਹਰਚਰਨਜੀਤ ਸਿੰਘ ਧਾਮੀ ਅਤੇ ਕੁਲਬੀਰ ਸਿੰਘ ਬੜਾਪਿੰਡ ਨੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਸ ਧਾਰਮਿਕ-ਰਾਜਨੀਤਿਕ ਲੀਡਰਸ਼ਿਪ ਨੂੰ ਢੁਕਵਾਂ ਜੁਆਬ ਦੇਣ ਜਿਹਨਾਂ ਦੇ ਹੱਥਾਂ ਵਿੱਚ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੀ ਅਗਵਾਈ ਦੀ ਵਾਗਡੋਰ ਹੈ।
ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਿਰਸਾ ਡੇਰੇ ਦੇ ਮੁਖੀ ਨੂੰ ਕਲੀਨ ਚਿੱਟ ਦੇਣ ਤੋਂ ਬਾਅਦ ਕਮੇਟੀ ਦੀ ਕੀ ਤੁੱਕ ਰਹਿ ਜਾਂਦੀ ਹੈ। ਉਹਨਾਂ ਕਿਹਾ ਕਿ ਹੁਣ ਜੱਦ ਪੰਥ ਦਾ ਵੱਡਾ ਹਿੱਸਾ ਇਸ ਫੈਸਲੇ ਵਿਰੁੱਧ ਸੜਕਾਂ ਉਤੇ ਆ ਚੁੱਕਾ ਹੈ ਤਾਂ ਫਿਰ ਇਸ ਕਮੇਟੀ ਨੂੰ ਬਨਾਉਣ ਦਾ ਕੀ ਅਰਥ ਰਹਿ ਜਾਂਦਾ ਹੈ? ਉਹਨਾਂ ਵਿਅੰਗ ਕਰਦਿਆਂ ਪੁਛਿਆ ਕਿ ਪਹਿਲਾਂ ਇਹ ਸਿਆਣਪ ਕੀਤੀ ਗਈ ਸੀ? ਉਹਨਾਂ ਚੇਤੇ ਕਰਵਾਇਆ ਕਿ ਨਾਨਕਸ਼ਾਹੀ ਕੈਲੰਡਰ ਦੇ ਹੱਲ ਅਤੇ ਤਖਤਾਂ ਦੇ ਜਥੇਦਾਰਾਂ ਲਈ ਸੇਵਾ-ਨਿਯਮ ਘੜਣ ਲਈ ਬਣੀਆਂ ਕਮੇਟੀਆਂ ਦਾ ਹਸ਼ਰ ਕੀ ਹੋਇਆ ਹੈ, ਇਹ ਗੱਲ ਸੱਭ ਦੇ ਸਾਹਮਣੇ ਹੈ।
ਉਹਨਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਅਖੌਤੀ ਮੁਆਫੀਨਾਮੇ ਨੂੰ ਜਾਇਜ ਠਹਿਰਾਉਣ ਲਈ ਖੌਖਲੇ ਤਰਕ ਦੇ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਲਿਆਉਣ ਅਤੇ ਸਿੱਖਾਂ ਅਤੇ ਸਿਰਸਾ ਡੇਰੇ ਵਿਚਾਲੇ ਪਏ ਪਾੜੇ ਨੂੰ ਮਿਟਾਉਣ ਦੇ ਨਾਂ ਹੇਠ ਇਹ ਮੁਆਫੀਨਾਮੇ ਦਾ ਡਰਾਮਾ ਰਚਿਆ ਗਿਆ, ਦਸਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜਦ ਕਿ ਇਸ ਮੁਆਫੀਨਾਮੇ ਤੋਂ ਬਾਅਦ ਤਖਤਾਂ ਦੇ ਜਥੇਦਾਰਾਂ ਦੀ ਸੁਰਖਿਆ ਦੁਗਨੀ-ਚੌਗਣੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜਿਹਨਾਂ ਕਾਰਨਾਂ ਨੂੰ ਆਧਾਰ ਦਸਕੇ ਇਹ ਡਰਾਮਾ ਰਚਿਆ ਗਿਆ ਉਹ ਤਾਂ ਜਿਉਂ ਦੇ ਤਿਉਂ ਹੀ ਰਹੇ, ਹਾਂ, ਫਰਕ ਸਿਰਫ ਇਹ ਹੈ ਕਿ ਪਹਿਲਾਂ ਸਿੱਖਾਂ ਦਾ ਗੁੱਸਾ ਸਿਰਸੇ ਡੇਰੇ ਵਿਰੁੱਧ ਸੀ ਹੁਣ ਬੜੀ ਚਲਾਕੀ ਨਾਲ ਉਹਨਾਂ ਦਾ ਮੂੰਹ ਤਖਤਾਂ ਦੇ ਜਥੇਦਾਰਾਂ ਵੱਲ ਨੂੰ ਕਰਵਾ ਦਿੱਤਾ ਗਿਆ ਹੈ।
ਉਹਨਾਂ ਗੁਰਮੀਤ ਰਾਮ ਰਹੀਮ ਵਲੋਂ ਸ਼ਾਂਤੀ ਦੀ ਬਹਾਲੀ ਦੇ ਨਾਂ ਹੇਠ ਦਰਬਾਰ ਸਾਹਿਬ ਆਉਣ ਦੀ ਕੀਤੀ ਪੇਸ਼ਕਸ਼ ਉਤੇ ਟਿਪਣੀ ਕਰਦਿਆ ਕਿਹਾ ਕਿ ਹਰ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ, ਜਾਤ ਅਤੇ ਨਸਲ ਦਾ ਹੋਵੇ ਉਸਨੂੰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਖੁੱਲ੍ਹ ਹੈ। ਉਹਨਾਂ ਕਿਹਾ ਕਿ ਸਿਰਸੇ ਡੇਰੇ ਦੇ ਮੁੱਖੀ ਦੀ ਦਰਬਾਰ ਸਾਹਿਬ ਆਉਣ ਦੀ ਪੇਸ਼ਕਸ਼ ਕੋਈ ਅਰਥ ਨਹੀਂ ਰੱਖਦੀ ਜਦ ਤੱਕ ਉਹ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਕੇ ਆਪਣੇ ਕੀਤੇ ਪਿਛਲੇ ਗੁਨਾਹ ਦੀ ਸਾਫ ਸਪਸ਼ਟ ਸ਼ਬਦਾਂ ਵਿੱਚ ਮੁਆਫੀ ਨਹੀਂ ਮੰਗਦਾ।
ਉਹਨਾਂ ਮੀਡੀਆ ਉਤੇ ਵਰਦਿਆਂ ਕਿਹਾ ਕਿ ਉਸ ਦਾ ਇਹ ਦਰਸਾਉਣ ਉਤੇ ਜੋਰ ਲੱਗਾ ਹੋਇਆ ਹੈ ਕਿ ਕੇਵਲ ਗਰਮਖਿਆਲੀ ਸਿੱਖ ਹੀ ਇਸ ਫੈਸਲੇ ਦੀ ਵਿਰੋਧਤਾ ਕਰ ਰਹੇ ਹਨ ਜਦਕਿ ਨਰਮਖਿਆਲੀ ਸਿੱਖ ਸਹਿਮਤ ਹਨ।
ਉਹਨਾਂ ਆਪਣੀ ਗੱਲ ਦੀ ਪ੍ਰੋੜਤਾ ਲਈ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਕੇਵਲ ਸਿੰਘ, ਸੁਖਦੇਵ ਸਿੰਘ ਭੌਰ, ਪੰਥਪ੍ਰੀਤ ਸਿੰਘ, ਬੀਬੀ ਕਿਰਨਜੋਤ ਕੌਰ ਦਾ ਨਾਂ ਲੈਦਿਆਂ ਕਿਹਾ ਕਿ ਇਹ ਸਾਰੀਆਂ ਸ਼ਖਸ਼ੀਅਤਾਂ ਨਰਮਖਿਆਲੀ ਵਿਚਾਰਾਂ ਲਈ ਜਾਣੀਆਂ ਜਾਂਦੀਆਂ ਹਨ ਅਤੇ ਇਹ ਸਾਰੇ ਵੀ ਦਲੇਰੀ ਨਾਲ ਜਥੇਦਾਰਾਂ ਦੇ ਫੈਸਲੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹਨ।
ਉਹਨਾਂ ਕਿਹਾ ਕਿ ਨਰਮ ਜਾਂ ਗਰਮ ਸਾਰੇ ਹੀ ਸਿੱਖ ਇਸ ਫੈਸਲੇ ਦੇ ਖਿਲਾਫ ਹਨ ਕਿਉਕਿ ਇਹ ਕੌਮ ਦੀਆਂ ਸਮੂਹਿਕ ਭਾਵਨਾਵਾਂ ਦੇ ਖਿਲਾਫ ਕੀਤਾ ਗਿਆ ਹੈ, ਕੇਵਲ ਇੱਕ ਪਾਰਟੀ ਨੂੰ ਚੋਣਾਂ ਵਿੱਚ ਫਾਇਦਾ ਦਿਵਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ, ਅਤੇ ਅਕਾਲ ਤਖਤ ਅਤੇ ਦੂਜੇ ਤਖਤਾਂ ਦੀ ਮਾਣ-ਮਰਯਾਦਾ ਅਤੇ ਸ਼ਾਨ ਨੂੰ ਦਾਅ ਉਤੇ ਲਾ ਕੇ ਕੀਤਾ ਗਿਆ ਹੈ।