ਚੰਡੀਗੜ੍ਹ – ਮੁਹਾਲੀ ‘ਚ ਪੈਂਦੇ ਪੜਛ ਡੈਮ ਸੁੱਕਣ ਦੀਆਂ ਖਬਰਾਂ ਪਿਛਲੇ ਦਿਨੀਂ ਚਰਚਾ ‘ਚ ਰਹੀਆਂ ਸਨ। ਡੈਮ ਸੁੱਕਣ ਕਰਕੇ ਜ਼ਮੀਨ ‘ਚ ਪਈਆਂ ਤਰੇੜਾਂ ਨੇ ਹਾਲਾਤ ਆਪਣੇ ਆਪ ਬਿਆਨ ਕੀਤੇ ਸਨ। ਸਥਾਨਕ ਲੋਕਾਂ ਮੁਤਾਬਿਕ ਪਾਣੀ ਤੋਂ ਤਿਹਾਏ 600 ਤੋਂ ਵੱਧ ਜੰਗਲੀ ਅਤੇ ਅਵਾਰਾ ਜਾਨਵਰਾਂ ਦੀ ਮੌਤ ਹੋਈ ਹੈ। ਆਲੇ ਦੁਆਲੇ ਦੇ ਨੌਜਵਾਨਾਂ ਵੱਲੋਂ ਟੈਂਕਰਾਂ ਨਾਲ ਡੈਮ ‘ਚ ਜੰਗਲੀ ਜਾਨਵਰਾਂ ਲਈ ਪਾਣੀ ਪਹੁੰਚਾਉਣ ਦੇ ਉੱਦਮ ਤੋਂ ਬਾਅਦ ਪ੍ਰਸ਼ਾਸ਼ਨ ਨੇ ਵੀ ਯਤਨ ਕੀਤੇ ਹਨ।
ਇਸ ਬਰਸਾਤੀ ਡੈਮ ਦੇ ਸੁੱਕਣ ਨੂੰ ਅਣਗੌਲਿਆਂ ਕਰਨਾ ਸਿਆਣੀ ਗੱਲ ਨਹੀਂ ਹੋਵੇਗੀ। ਅਜਿਹਾ ਕੇਵਲ ਐਤਕੀ ਗਰਮੀ ਵਧਣ ਕਰਕੇ ਨਹੀਂ ਬਲਕਿ ਪਿਛਲੇ ਸਮੇਂ ਤੋਂ ਲਗਾਤਾਰ ਹੋ ਰਹੀ ਮੌਸਮੀ ਤਬਦੀਲੀ ਵੀ ਇਸ ਪਿੱਛੇ ਇੱਕ ਵੱਡਾ ਕਾਰਣ ਹੈ। ਪੰਜਾਬ ‘ਚ ਪਿਛਲੇ ਸਮੇਂ ਦੌਰਾਨ ਮੀਂਹ ਘਟੇ ਹਨ। ਮੀਂਹ, ਤਾਪਮਾਨ ਅਤੇ ਮੌਸਮਾਂ ‘ਚ ਆਈ ਅਨਿਯਮਿਤਤਾ ਵੀ ਇਸਦੇ ਅਹਿਮ ਕਾਰਣ ਹਨ।
ਆਪਾਂ ਕੀ ਕਰ ਸਕਦੇ ਹਾਂ? ਪੰਜਾਬ ‘ਚ ਰੁੱਖਾਂ ਹੇਠ ਰਕਬਾ 2.49% ਹੀ ਬਚਿਆ ਹੈ। ਰੁੱਖ ਤਾਪਮਾਨ ਨੂੰ ਕਾਬੂ ਹੇਠ ਰੱਖਣ, ਭੂ ਖੋਰ ਰੋਕਣ, ਮੀਹਾਂ ਆਦਿ ਦੀ ਮਾਤਰਾ ਵਧਾਉਣ ‘ਚ ਅਹਿਮ ਯੋਗਦਾਨ ਪਾਉਂਦੇ ਹਨ। ਜਿਕਰਯੋਗ ਹੈ ਕਿ ਲੁਧਿਆਣੇ ਸ਼ਹਿਰ ਦੇ ਤਾਪਮਾਨ ਨਾਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਤਾਪਮਾਨ 3-4 ਡਿਗਰੀ ਇਸੇ ਕਰਕੇ ਹੀ ਘੱਟ ਰਹਿੰਦਾ ਹੈ ਕਿਉਂਕਿ ਇਹਨਾਂ ਥਾਵਾਂ ਤੇ ਰੁੱਖ ਵੱਡੀ ਗਿਣਤੀ ‘ਚ ਹਨ।
ਪੰਜਾਬ ਹਿੱਤ ‘ਚ ਸਮੇਂ ਦੀ ਇਹ ਵੱਡੀ ਲੋੜ ਹੈ ਕਿ ਰੁੱਖਾਂ ਹੇਠ ਰਕਬਾ ਵਧਾਇਆ ਜਾਵੇ। ਦਸਵੰਧ ਇੰਝ ਹੀ ਕੱਢ ਲਈਏ ਕਿ ਛੋਟੇ ਜੰਗਲ /ਝਿੜੀਆਂ ਲਗਾ ਲਈਏ। ਝਿੜੀਆਂ ਲਗਾਉਣ ਲਈ ਕੇਵਲ ਜਗ੍ਹਾ ਰਾਖਵੀਂ ਰੱਖਣ ਦੀ ਲੋੜ ਹੈ। ਕਾਰ ਸੇਵਾ ਖਡੂਰ ਸਾਹਿਬ ਅਤੇ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਇਸ ਬਾਬਤ ਤੁਹਾਡੀ ਸਹਾਇਤਾ ਕਰ ਸਕਦਾ ਹੈ। ਬੂਟੇ, ਬਿਨਾਂ ਕਿਸੇ ਖਰਚ ਤੋਂ ਲਿਆਂਦੇ ਅਤੇ ਲਾਏ ਜਾਂਦੇ ਹਨ।
ਝੋਨਾ ਮੌਸਮਾਂ ਪਰਿਵਰਤਨ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਝੋਨਾ ਲੱਗਣ ਤੋਂ ਬਾਅਦ ਵਾਤਾਵਰਣ ‘ਚ ਬਣਨ ਵਾਲੀ ਬਣਾਉਟੀ ਝੀਲ ਵਾਯੂਮੰਡਲ ‘ਚ ਦਬਾਅ (ਪਰੈਸ਼ਰ) ਵਧਾਉਂਦੀ ਹੈ, ਜਿਸ ਕਰਕੇ ਮਾਨਸੂਨ ਦਾ ਰੁਖ ਬਦਲ ਜਾਂਦਾ ਹੈ। ਇਸੇ ਕਰਕੇ ਹੀ ਮੀਂਹ ਘੱਟ ਪੈਂਦੇ ਹਨ। ਵਿੱਤੀ ਤੌਰ ਤੇ ਸਮਰੱਥ ਸੱਜਣ, ਜਿਨ੍ਹਾਂ ਦੀ ਜੀਵਿਕਾ ਖੇਤੀ ਤੇ ਨਿਰਭਰ ਨਹੀਂ (ਜਿਵੇਂ ਪ੍ਰਵਾਸੀ ਵੀਰ, ਨੌਕਰੀਆਂ ਵਾਲੇ ਜਾਂ ਚੰਗੇ ਕਾਰੋਬਾਰਾਂ ਵਾਲੇ) ਝੋਨੇ ਹੇਠ ਰਕਬਾ ਘਟਾਉਣ ਲਈ ਉੱਦਮ ਕਰ ਸਕਦੇ ਹਨ। ਅਜਿਹੇ ਸਮਰੱਥ ਵੀਰ ਜੇਕਰ ਜ਼ਮੀਨ ਠੇਕੇ ਤੇ ਦਿੰਦੇ ਹਨ ਤਾਂ ਝੋਨਾ ਨਾ ਲਾਉਣ ਦੀ ਸ਼ਰਤ ਨਾਲ ਕੁਝ ਠੇਕਾ ਘੱਟ ਕਰ ਸਕਦੇ ਹਨ।