Site icon Sikh Siyasat News

ਪੰਥਕ ਮੋਰਚੇ ਦੇ ਉਮੀਦਵਾਰ ਭਾਈ ਚੀਮਾ ਤੇ ਸਲਾਣਾ ਦੇ ਚੋਣ ਦਫ਼ਤਰ ਦਾ ਉਦਘਾਟਨ

ਫ਼ਤਿਹਗੜ੍ਹ ਸਾਹਿਬ (21 ਅਗਸਤ, 2011): ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਚੋਣਾਂ ਲਈ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰਾਂ ਭਾਈ ਹਰਪਾਲ ਸਿੰਘ ਚੀਮਾ ਅਤੇ ਸੰਤੋਖ ਸਿੰਘ ਸਲਾਣਾ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਪੁਰਾਣਾ ਬਸ ਸਟੈਂਡ ਬਸੀ ਪਠਾਣਾਂ ਵਿਖੇ ਇਲਾਕੇ ਦੀ ਉ¤ਘੀ ਧਾਰਮਿਕ ਸਖਸ਼ੀਅਤ ਬਾਬਾ ਨਿਰੰਜਣ ਸਿੰਘ ਮਸਤਾਨਾ (ਗੁਰਦੁਆਰਾ ਸਾਹਿਬ ਰਾਣਵਾਂ) ਨੇ ਅਰਦਾਸ ਕਰਕੇ ਕੀਤਾ। ਉਦਘਾਟਨ ਮੌਕੇ ਇਲਾਕੇ ਦੇ ਪਤਵੰਤੇ ਤੇ ਮੋਢੀ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ। ਇਸ ਮੌਕੇ ਭਾਈ ਚੀਮਾ ਤੇ ਸਲਾਣਾ ਨੇ ਕਿਹਾ ਕਿ ਬਾਦਲ ਦਲ ਦੀ ਅਧੀਨਗੀ ਵਾਲੀ ਸ਼੍ਰੋਮਣੀ ਕਮੇਟੀ ਦੀ ਨਾ ਅਹਿਲਅਤ ਕਾਰਨ ਸਿੱਖ ਸਮਾਜ ਵਿੱਚ ਨਿਘਾਰ ਆਇਆ ਹੈ। ਨੌਜਵਾਨ ਨਸ਼ਈ ਅਤੇ ਪਤਿਤ ਹੋ ਰਹੇ ਹਨ। ਬਾਦਲ ਦਲ ਵਲੋਂ ਗੁਰਧਾਮਾਂ ਦੇ ਪ੍ਰਬੰਧ ਵਿੱਚ ਫ਼ੈਲਾਏ ਭ੍ਰਿਸ਼ਟਾਚਾਰ ਤੋਂ ਸਿੱਖ ਕੌਮ ਵਿੱਚ ਬਹੁਤ ਰੋਸ ਵੇਖਣ ਨੂੰ ਮਿਲ ਰਿਹਾ ਹੈ।ਲੋਕ ਇਸ ਪ੍ਰਬੰਧ ਨੂੰ ਬਦਲਣਾ ਲਈ ਤਿਆਰ ਹਨ ਅਤੇ ਉਹ ਚਾਹੁੰਦੇ ਹਨ ਕਿ ਗੁਰਧਾਮਾਂ ਦਾ ਪ੍ਰਬੰਧ ਸੱਚੀ ਪੰਥਕ ਸੋਚ ਵਾਲੇ ਗੁਰਸਿੱਖਾਂ ਨੂੰ ਸੰਭਾਲਿਆ ਜਾਵੇ। ਮੋਰਿੰਡਾ ਨੇੜਲੇ ਪਿੰਡ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਉਕਤ ਆਗੂਆਂ ਨੇ ਕਿਹਾ ਕਿ ਇਹ ਸਭ ਸ਼੍ਰੋਮਣੀ ਕਮੇਟੀ ਦੇ ਮੌਜ਼ੂਦਾ ਪ੍ਰਬੰਧ ਦੀ ਨਾ ਅਹਿਲਅਤ ਦਾ ਨਤੀਜਾ ਹੈ। ਮੌਜ਼ੂਦਾ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਲੋਕਾਂ ਨੂੰ ਧਰਮ ਨਾਲ ਜੋੜਣ ਦੀ ਥਾਂ ਦੂਰ ਕਰਨ ਵਾਲੀ ਰਹੀ ਹੈ ਜਿਸ ਕਾਰਨ ਅਜਿਹੀਆਂ ਘਟਨਾਵਾਂ ਨੂੰ ਸ਼ਰਾਰਤੀ ਅਨਸਰ ਅੰਜ਼ਾਮ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਧਰਮ ਪ੍ਰਚਾਰ ਲਈ ਅੱਜ ਤੱਕ ਬਾਦਲ ਪਰਿਵਾਰ ਦੀ ਜੀ ਹਜ਼ੂਰੀ ਤੋਂ ਹੀ ਕਦੇ ਵਿਹਲ ਨਹੀਂ ਕੱਢ ਸਕੇ। ਇਨ੍ਹਾਂ ਪ੍ਰਬੰਧਕਾਂ ਨੇ ਹਮੇਸ਼ਾਂ ਬਾਦਲ ਪਰਿਵਾਰ, ਆਰ.ਐਸ.ਐਸ. ਤੇ ਕੇਂਦਰ ਸਰਕਾਰਾਂ ਦੀ ਖੁਸ਼ੀ ਪ੍ਰਾਪਤੀ ਲਈ ਪੰਥ ਦੇ ਹਿਤਾਂ ਦੀ ਬਲੀ ਦਿੱਤੀ ਹੈ, ਸਿੱਖ ਸਿਧਾਂਤਾਂ ਦਾ ਘਾਣ ਕੀਤਾ ਹੈ ਅਤੇ ਗੋਲਕਾਂ ਦੇ ਪੈਸੇ ਨੂੰ ਸਿਆਸੀ ਮਕਸਦਾਂ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸ਼੍ਰੋਮਣੀ ਕਮੇਟੀ ਵਿੱਚ ਭੇਜਿਆ ਜਾਵੇ ਤਾਂ ਜੋ ਗੁਰਧਾਮਾਂ ਨੂੰ ਅਜੋਕੇ ‘ਮਹੰਤਾਂ’ ਤੋਂ ਅਜ਼ਾਦ ਕਰਵਾ ਕੇ ਸਹੀ ਅਰਥਾਂ ਵਿੱਚ ਧਰਮ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਸਕੇ ਅਤੇ ਗੁਰੂ ਦੀ ਗੋਲਕ ਵਰਤੋਂ ਸਹੀ ਅਰਥਾਂ ਵਿੱਚ ਪੰਥਕ ਤੇ ਮਾਨਵਤਾ ਦੇ ਭਲੇ ਲਈ ਕੀਤੀ ਜਾ ਸਕੇ। ਉਕਤ ਆਗੂਆਂ ਨੇ ਦੱਸਿਆ ਕਿ ਲੋਕ ਗੁਰਧਾਮਾਂ ਦੇ ਭ੍ਰਿਸ਼ਟ ਪ੍ਰਬੰਧ ਨੂੰ ਬਦਲਣਾ ਚਾਹੁੰਦੇ ਹਨ ਤੇ ਹਲਕੇ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ।ਇਸ ਸਮੇਂ ਉਕਤ ਆਗੂਆਂ ਨਾਲ ਹਰੀ ਸਿੰਘ ਰੈਲੋਂ- ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (1920), ਪ੍ਰਿਤਪਾਲ ਸਿੰਘ ਬਡਵਾਲਾ ਜਨਰਲ ਸਕੱਤਰ ਅਕਾਲੀ ਦਲ (1920), ਹੰਸਰਾਜ ਸਿੰਘ ਲੁਹਾਰੀ ਕਲਾਂ, ਪਲਵਿੰਦਰ ਸਿੰਘ ਤਲਵਾੜਾ, ਅਮਰਜੀਤ ਸਿੰਘ ਬਡਗੁਜਰਾਂ, ਮਿਹਰ ਸਿੰਘ ਬਸੀ, ਕਿਹਰ ਸਿੰਘ ਮਾਰਵਾ, ਕਿਹਰ ਸਿੰਘ ਮਾਰਵਾ, ਹਰਪ੍ਰੀਤ ਸਿੰਘ ਹੈਪੀ, ਪ੍ਰਮਿੰਦਰ ਸਿੰਘ ਕਾਲਾ, ਭਗਵੰਤ ਸਿੰਘ ਮਹੱਦੀਆਂ, ਸੋਹਣ ਸਿੰਘ ਮੋਹਾਲੀ, ਮਾਸਟਰ ਰਣਜੀਤ ਸਿੰਘ ਹਵਾਰਾ, ਡੀ.ਐਸ ਲਾਂਬਾ, ਪਰਮਜੀਤ ਸਿੰਘ ਸਿੰਬਲੀ, ਹਰਪਾਲ ਸਿੰਘ ਸਹੀਦਗੜ੍ਹ, ਬਲਕਾਰ ਸਿੰਘ, ਸੁਖਦੇਵ ਸਿੰਘ ਕਲੇਰ ਅਤੇ ਬਲਵੀਰ ਸਿੰਘ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version