ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਦਰਪੇਸ਼ ਕੌਮੀ ਮਸਲਿਆਂ ਤੇ ਬੇਅਦਬੀ ਮਾਮਲਿਆਂ ਤੇ ਵਿਚਾਰ ਕਰਕੇ ਕੋਈ ਸਾਂਝੀ ਰਾਏ ਉਭਾਰਨ ਲਈ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਬੁਲਾਏ ਗਏ ਦੋ ਦਿਨਾ ‘ਪੰਥਕ ਅਸੈਂਬਲੀ’ ਨਾਮੀ ਇਕੱਠ ਦੇ ਪਹਿਲੇ ਦਿਨ ਇਹ ਵਿਚਾਰ ਖੱੁਲ੍ਹਕੇ ਸਾਹਮਣੇ ਆਈ ਹੈ ਕਿ ਦੇਸ਼ ਦਾ ਨਿਜ਼ਾਮ ਕਿਸੇ ਵੀ ਮੁੱਦੇ ਤੇ ਘੱਟ ਗਿਣਤੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਇਨਸਾਫ ਦੇਣਾ ਹੀ ਨਹੀਂ ਚਾਹੁੰਦਾ। ਕਈ ਬੁਲਾਰਿਆਂ ਦਾ ਇਹ ਵੀ ਮਤ ਸੀ ਕਿ ਇਸਦਾ ਇੱਕ ਕਾਰਣ ਸਿੱਖ ਜਥੇਬੰਦੀਆਂ ਅੰਦਰ ਏਕਤਾ ਅਤੇ ਦਰਪੇਸ਼ ਮਸਲਿਆਂ ਨਾਲ ਨਜਿਠਣ ਲਈ ਇੱਕ ਰਾਏ ਬਣਾਉਣ ਲਈ ਸਾਂਝੇ ਕੌਮੀ ਮੰਚ ਦੀ ਘਾਟ ਹੈ।
ਸਥਾਨਕ ਵੇਰਕਾ ਬਾਈਪਾਸ ਨੇੜਲੇ ਗਰੈਂਡ ਸੈਲੀਬਰੇਸ਼ਨ ਰਿਜੋਰਟ ਵਿਖੇ ਪੰਥਕ ਅਸੈਂਬਲੀ ਦੇ ਪਹਿਲੇ ਦਿਨ ਦੀ ਸ਼ੁਰੂਆਤ ਅਕਾਲ ਪੁਰਖ ਕੀ ਫੌਜ ਸੰਸਥਾ ਦੇ ਡਾਇਰੈਕਟਰ ਐਡਵੋਕੇਟ ਜਸਵਿੰਦਰ ਸਿੰਘ ਨੇ ਅਰਦਾਸ ਵਲੋਂ ਕੀਤੀ ਅਰਦਾਸ ਨਾਲ ਹੋਈ। ਉਪਰੰਤ ਹਾਜਰ ਹੋਏ ਵੱਖ ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਰਬ ਸੰਮਤੀ ਪੰਥਕ ਫਰੰਟ ਦੇ ਕਨਵੀਨਰ ਸ੍ਰ: ਸੁਖਦੇਵ ਸਿੰਘ ਭੌਰ ਨੂੰ ਅਸਂੈਬਲੀ ਦਾ ਸਪੀਕਰ ਚੁਣ ਲਿਆ।
ਜਿਸ ਮੰਚ ਤੇ ਸ: ਸੁਖਦੇਵ ਸਿੰਘ ਭੌਰ ਨੂੰ ਬਿਠਾਇਆ ਗਿਆ ਉਹ ਕਿਸੇ ਵਿਧਾਨ ਸਭਾ ਦੇ ਸਪੀਕਰ ਲਈ ਬਣੇ ਸਥਾਨ ਦੀ ਤਰਜ ਤੇ ਹੀ ਸੀ ਲੇਕਿਨ ਮੰਚ ਦੇ ਪਿਛਲੇ ਪਾਸੇ ਪੰਜ ਕੇਸਰੀ ਨਿਸ਼ਾਨ ਝੂਲ ਰਹੇ ਸਨ ਤੇ ਮੰਚ ਦੇ ਹੇਠਾਂ ਅਸੈਂਬਲੀ ਦੀ ਕਾਰਵਾਈ ਦਰਜ ਕਰਨ ਲਈ ਇੱਕ ਚਾਰ ਮੈਂਬਰੀ ਪੈਨਲ।
ਸਭ ਤੋਂ ਪਹਿਲਾਂ ਪਾਸ ਕੀਤੇ ਸੋਗ ਮਤੇ ਵਿੱਚ ਬੀਤੇ ਕਲ੍ਹ ਅੰਮ੍ਰਿਤਸਰ ਵਿੱਚ ਰਾਵਣ ਸਾੜੇ ਜਾਣ ਮੌਕੇ ਵਾਪਰੇ ਰੇਲਵੇ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਦੁਖ ਪ੍ਰਗਟਾਉਂਦਿਆਂ ਪੀੜਤ ਪਰਵਾਰਾਂ ਨਾਲ ਹਮਦਰਦੀ ਪ੍ਰਗਟਾਈ ਗਈ ਤੇ ਜਖਮੀਆਂ ਦੀ ਛੇਤੀ ਤੰਦਰੁਸਤੀ ਲਈ ਦੁਆ ਕੀਤੀ ਗਈ।
ਪੰਥਕ ਅਸੈਂਬਲੀ ਵਿਚ ਵਿਚਾਰਾਂ ਦੀ ਸਾਂਝ ਪਾਉਂਦਿਆਂ ਜੋਰ ਦਿੱਤਾ ਕਿ ਦਰਪੇਸ਼ ਕੌਮੀ ਮਸਲਿਆਂ ਤੇ ਵਿਚਾਰ ਲਈ ਇਹ ਇਕ ਚੰਗੀ ਪਹਿਲ ਹੈ ਤੇ ਇਸ ਸੰਸਥਾ ਦੀ ਬਕਾਇਦਾ ਨਿਯਮਾਵਲੀ ਬਨਾਉਣੀ ਚਾਹੀਦੀ ਹੈ। ਵੱਖ ਵੱਖ ਮਸਲਿਆਂ ਦੇ ਹੱਲ ਲਈ ਵਿਸ਼ਾ ਮਾਹਿਰਾਂ ਤੇ ਅਧਾਰਿਤ ਵੱਖ-ਵੱਖ ਕਮੇਟੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ। ਵਿਵਾਦਤ ਮੱੁਦਿਆਂ ਨੂੰ ਘਟੋ-ਘੱਟ ਪੰਜ ਸਾਲ ਲਈ ਠੰਡੇ ਬਸਤੇ ਪਾ ਦੇਣਾ ਚਾਹੀਦਾ ਹੈ।
ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ 28 ਅਗਸਤ ਦੀ ਬਹਿਸ ਤੋਂ ਬਾਅਦ ਸਰਕਾਰ ਵੱਲੋਂ ਠੋਸ ਫੈਸਲਾ ਨਾ ਕਰਨ ਦਾ ਵਿਰੋਧ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਕੀਤਾ ਸੀ। ਉਹਨਾਂ ਕਿਹਾ ਕਿ ਬਰਗਾੜੀ ਮੋਰਚਾ ਵੀ 28 ਅਗਸਤ ਤੋਂ ਬਾਅਦ ਖਤਮ ਕਰਨ ਦੀ ਗੱਲਬਾਤ ਸ਼ੁਰੂ ਹੋ ਚੁੱਕੀ ਸੀ ਪਰ ਉਹਨਾਂ ਵੱਲੋਂ ਉਭਾਰੇ ਤੱਥਾਂ ਕਾਰਨ ਹੀ ਮੋਰਚੇ ਦੇ ਪ੍ਰਬੰਧਕ ਸੁਚੇਤ ਹੋਏ ਤੇ ਹੁਣ ਇਸ ਨੂੰ ਵੱਡੀ ਹਿਮਾਇਤ ਮਿਲ ਰਹੀ ਹੈ। ਉਹਨਾਂ ਵਿਧਾਨ ਸਭਾ ਵਿੱਚੋਂ ਦਿੱਤੇ ਆਪਣੇ ਅਸਤੀਫੇ ਨੂੰ ਵੀ ਜਾਇਜ਼ ਠਹਿਰਾਇਆ।
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ: ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਦਰਪੇਸ਼ ਮਸਲੇ ਕੋਈ ਮਾਮੂਲੀ ਵਰਤਾਰਾ ਨਹੀਂ ਹੈ, ਇਹ ਇੱਕ ਸਾਜਿਸ਼ ਤਹਿਤ ਸਾਡੇ ਸਿਰ ਥੋਪੇ ਜਾ ਰਹੇ ਹਨ ਤਾਂ ਜੋ ਸਿੱਖ ਸ਼ਕਤੀ ਇੱਕ ਜੁਟ ਨਾ ਹੋ ਸਕੇ। ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਉਪਰ ਹੋਈ ਬਹਿਸ ਨੂੰ ਵਿਧਾਇਕਾਂ ਦੀ ਸ਼ਰਮਨਾਕ ਪੇਸ਼ਕਾਰੀ ਦਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀ ਖੁਸ਼ ਤਾਂ ਬੜੇ ਹੋਏ ਸੀ ਕਿ ਬਾਦਲਾਂ ਨੂੰ ਨੰਗੇ ਕਰ ਦਿੱਤਾ ਲੇਕਿਨ ਅਗਲੇ ਦਿਨ੍ਹਾਂ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾਕੇ ਰਾਜਨਾਥ ਸਿੰਘ ਦੇ ਸੱਦੇ ਤੇ ਦਿੱਲੀ ਪੁਜ ਗਏ ਜਿਥੇ ਉਸਦੀ ਔਕਾਤ ਵਿਖਾਈ ਗਈ ਕਿ ਅੱਜ ਪੁਲਿਸ ਖਿਲਾਫ ਕੇਸ ਦਰਜ ਕਰੋਗੇ ਤਾਂ ਕਲ੍ਹ ਨੂੰ ਤੇਰੇ ਕਹਿਣ ਤੇ ਗੋਲੀ ਕੌਣ ਚਲਾਏਗਾ? ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਨਤੀਜਾ ਸਭਦੇ ਸਾਹਮਣੇ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਕਾਤਲਾਂ ਨੂੰ ਤੇ ਅਦਾਲਤਾਂ ਨੂੰ ਸਮਾਂ ਦੇ ਦਿੱਤਾ ਗਿਆ ਕਿ ਕਮਿਸ਼ਨ ਨੂੰ ਚਣੌਤੀ ਦੇ ਦਿਓ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਨਰਿੰਦਰ ਮੋਦੀ ਦਾ ਸੁਰਖਿਆ ਸਲਾਹਕਾਰ ਅਜੀਤ ਡੋਵਲ ਚਲਾ ਰਿਹਾ ਹੈ ਜੋ ਕਿਸੇ ਵਕਤ ਸਿਖ ਨੌਜੁਆਨਾਂ ਨੂੰ ਆਪ ਤਸ਼ੱਦਦ ਕਰਕੇ ਗੋਲੀਆਂ ਮਾਰਦਾ ਸੀ।
ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਅਸੀਂ ਹਰ ਮੁਸ਼ਕਿਲ ਲਈ ਆਰ.ਐਸ.ਐਸ. ਨੂਦੋਸ਼ੀ ਠਹਿਰਾ ਦਿੰਦੇ ਹਾਂ ਪਰ ਅਸ਼ੀਂ ਖੁਦ ਹੀ ਆਪਣੀ ਰਹਿਤ ਮਰਿਆਦਾ ਤੇ ਪ੍ਰੰਪਰਾਵਾਂ ਤੋਂ ਪਿਛੇ ਹੱਟ ਰਹੇ ਹਾਂ। ਖੁੱਦ ਨੂੰ ਪੁਜਾਰੀ ਗੁਰੂ ਗ੍ਰੰਥ ਸਾਹਿਬ ਦੇ ਦਸਦੇ ਹਾਂ ਤੇ ਮਾਨਤਾ ਡੇਰੇਦਾਰਾਂ ਨੂੰ ਦੇ ਰਹੇ ਹਾਂ। ਅਸੀਂ ਕਦੇ ਮਿਲ ਬੈਠਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।
ਸ. ਨਰੈਣ ਸਿੰਘ ਚੌੜਾ ਨੇ ਕਿਹਾ ਕਿ ਦਰਪੇਸ਼ ਮਸਲਿਆਂ ਦੇ ਹੱਲ ਲਈ ਸਟੇਟ ਦੀ ਨੀਤੀ ਨੂੰ ਸਮਝਣ ਦੀ ਜਰੂਰਤ ਹੈ ਜਿਸ ਪ੍ਰਤੀ ਅਸੀਂ ਅਜੇ ਵੀ ਸੁਚੇਤ ਨਹੀ ਹਾਂ।
ਸਿੱਖ ਪਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਬਿਨ੍ਹਾਂ ਕਿਸੇ ਸੋਚ ਵਿਚਾਰ ਦੇ ਹੀ ਸਿਰਫ ਚਿਹਰਿਆਂ ਦਾ ਹੀ ਵਿਰੋਧ ਨਾ ਕਰੀਏ ਬਲਕਿ ਨੀਤੀਆਂ ਵੇਖ ਕੇ ਵਿਰੋਧ ਕਰੀਏ।
ਸਿੱਖ ਪਰਚਾਰਕ ਸਰਬਜੀਤ ਸਿੰਘ ਧੁੰਦਾ ਨੇ ਕਿਹਾ ਕਿ ਜਿਹਨਾਂ ਪਰਚਾਰਕਾਂ ਤੇ ਪੁਲਿਸ ਕੇਸ ਬਣ ਜਾਂਦੇ ਹਨ ਉਹਨਾਂ ਦੀ ਪੈਰਵੀ ਲਈ ਵਕੀਲਾਂ ਦੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ।
ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨੇ ਕਿਹਾ ਕਿ 1947 ਵਿੱਚ ਸਿਰਜਿਆ ਗਿਆ ਸਿੱਖਾਂ ਦਾ ਅਜ਼ਾਦ ਹੋ ਜਾਣ ਦਾ ਭਰਮ ਹੁਣ ਟੁੱਟ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੇਅਦਬੀ ਮਾਮਲੇ ਅਨਿਆ ਤੇ ਗੁਲਾਮੀ ਦੇ ਨਤੀਜਿਆਂ ਦੀ ਸਿਖਰ ਹੈ। ਉਹਨਾਂ ਕਿਹਾ ਕਿ ਹੁਣ ਸਿੱਖਾਂ ਨੂੰ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਸਟੇਟ ਦੇ ਅਦਾਰਿਆਂ ਤੋਂ ਤਾਕਤ ਹਾਸਲ ਕਰਕੇ ਸਿੱਖਾਂ ਦਾ ਭਵਿੱਖ ਸਵਾਰਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬਾਦਲ ਕਈ ਮਹਿਜ਼ ਵਿਅਕਤੀ ਨਹੀਂ ਹੈ ਇਹ ਵਰਤਾਰਾ ਹੈ। ਬਾਦਲ ਅੱਜ ਜੋ ਹੈ ਉਹ ਉਸ ਰਾਜ ਦੀ ਮੰਜਿਲ ਹੈ ਜੋ ਉਸਨੇ ਚੁਣੀ ਸੀ ਤੇ ਜੋ ਵੀ ਉਹ ਰਾਹ ਚੁਣੇਗਾ ਉਸਦਾ ਅੰਤਮ ਨਤੀਜਾ ਵੀ ਇਹੀ ਹੋਵੇਗਾ। ਉਹਨਾਂ ਕਿਹਾ ਕਿ ਜਦੋਂ ਇਹ ਸਵਾਲ ਉੱਠਦਾ ਹੈ ਕਿ ਫਿਰ ਕੁਝ ਵੀ ਨਾ ਕੀਤਾ ਜਾਵੇ ਤਾਂ ਇਸਦਾ ਮਤਲਬ ਹੈ ਕਿ ਸਟੇਟ ਨੇ ਜੋ ਚੌਖਟਾ ਸਾਨੂੰ ਵੇਖਣ ਲਈ ਦਿੱਤਾ ਹੈ ਅਸਲ ਵਿੱਚ ਉਸ ਵਿੱਚ ਹੋਰ ਕੁਝ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਲੋੜ ਚੌਖਟਾ ਤੋੜਨ ਦੀ ਹੈ ਪਰ ਅੱਜ ਦੇ ਅਸੈਂਬਲੀ ਦੇ ਯਤਨ ਸਮੇਤ ਅਸੀਂ ਸਾਰੀਆਂ ਕੋਸ਼ਿਸ਼ਾਂ ਉਸੇ ਚੌਖਟੇ ਵਿੱਚ ਹੀ ਕਰਦੇ ਆ ਰਹੇ ਹਾਂ, ਇਸੇ ਲਈ ਹਰ ਲੰਘੇ ਦੋ ਦਹਾਕਿਆਂ ਵਿੱਚ ਆਏ ਉਭਾਰਾਂ ਦਾ ਪੰਥ ਹਿੱਤ ਵਿੱਚ ਨਤੀਜਾ ਨਹੀਂ ਨਿੱਕਲਿਆ।
ਐਡਵੋਕਟ ਅਮਰ ਸਿੰਘ ਚਾਹਲ ਨੇ ਵਿਚਾਰ ਰੱਖਦਿਆਂ ਇਤਰਾਜ ਜਿਤਾਇਆ ਕਿ ਪੰਥਕ ਅਸੈਂਬਲੀ ਦੇ ਰੂਪ ਵਿੱਚ ਅਸੀਂ ਇੱਕ ਹੋਰ ਧੜਾ ਕਾਇਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜਿਹੜੇ ਲੋਕ ਇਸ ਅਸੈਂਬਲੀ ਵਿੱਚ ਸ਼ਾਮਲ ਹਨ ਉਹ ‘ਸਿੱਖ ਵਿਰੋਧੀ’ ਆਮ ਆਦਮੀ ਪਾਰਟੀ ਦੇ ਮੈਂਬਰ ਵੀ ਹਨ। ਉਹਨਾਂ ਕਿਹਾ ਕਿ ਅਸੀਂ ਪੁਰਾਣੇ ਆਗੂਆਂ ਨੂੰ ਦਰਕਿਨਾਰ ਕਰਕੇ ਖੁੱਦ ਨੂੰ ਨਵਾਂ ਆਗੂ ਬਨਾਉਣ ਦੀ ਰਾਹ ਅਖਤਿਆਰ ਕਰ ਰਹੇ ਹਾਂ ਜਿਸਦਾ ਮੈਂ ਵਿਰੋਧੀ ਹਾਂ। ਉਹਨਾਂ ਕਿਹਾ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ ਦੇ ਬੁਲਾਰੇ ਹੋਣ ਦੇ ਨਾਤੇ ਪੰਥਕ ਅਸੈਂਬਲੀ ਨੂੰ ਰੱਦ ਕਰਦੇ ਹਨ ਜਿਉਂਕਿ ਇਸ ਵੇਲੇ ਸਿੱਖਾਂ ਨੂੰ ਇਕ ਹੋਰ ਜਥੇਬੰਦੀ ਦੀ ਲੋੜ ਨਹੀਂ ਹੈ
ਵੈਸੇ ਤਾਂ ਸ੍ਰ: ਸੁਖਦੇਵ ਸਿੰਘ ਭੌਰ ਹਰ ਬੁਲਾਰੇ ਦੇ ਬੋਲਣ ਉਪਰੰਤ ਦੋ ਲਫਜ ਜਰੂਰ ਕਹਿੰਦੇ ਸਨ ਤੇ ਅਸੈਂਬਲੀ ਦਾ ਮਕਸਦ ਵੀ ਦਸਦੇ ਰਹੇ ਪਰ ਸ. ਅਮਰ ਸਿੰਘ ਚਾਹਲ ਦੇ ਵਿਚਾਰਾਂ ਬਾਅਦ ਉਨ੍ਹਾਂ ਖਾਸ ਤੌਰ ਤੇ ਕਿਹਾ ਕਿ ਸਾਡਾ ਦਰਦ ਇਹੀ ਹੈ ਕਿ 40 ਸਾਲਾਂ ਤੋਂ ਲੜਨ ਵਾਲੇ ਆਗੂਆਂ ਨੇ ਸਾਡਾ ਦਰਦ ਨਹੀ ਵੰਡਾਇਆ, ਪਰ ਅਸੀਂ ਤੁਹਾਡੇ ਵਿਚਾਰਾਂ ਦੀ ਵੀ ਕਦਰ ਕਰਦੇ ਹਾਂ। ਉਹਨਾਂ ਕਿਹਾ ਕਿ ਇਹ ਅਸੈਂਬਲੀ ਕੋਈ ਨਵਾਂ ਧੜਾ ਨਹੀਂ ਹੈ ਬਲਕਿ ਸਾਰੇ ਧੜਿਆਂ ਨੂੰ ਜੁੜ ਬੈਠਣ ਤੇ ਵਿਚਾਰ ਦਾ ਮਹੌਲ ਸਿਰਜਣ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਹੈ।
ਸ. ਸਰਬਜੀਤ ਸਿੰਘ ਘੁਮਾਣ ਨੇ ਕਿਹਾ ਕਿ ਸਿੱਖਾਂ ਦੇ ਮਾਮਲਿਆਂ ਦਾ ਸਥਾਈ ਹੱਲ ਖਾਲਿਸਤਾਨ ਹੈ।
ਭਾਈ ਮਨਧੀਰ ਸਿੰਘ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ ਜਿਸ ਵੇਲੇ ਸ. ਅਮਰ ਸਿੰਘ ਚਾਹਲ ਦੀ ਸਿਹਤ ਕੁਝ ਵਿਗੜ ਗਈ। ਜਿਸ ਤੋਂ ਬਾਅਦ ਅੱਜ ਦੀ ਕਾਰਵਾਈ ਬੰਦ ਕਰ ਦਿਤੀ ਗਈ। ਭਲਕੇ ਇਹ ਇਕੱਤਰਤਾ ਮੁੜ ਜੁੜੇਗੀ। ਅੱਜ ਤਕਰੀਬਨ 30 ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।