ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ ਨੂੰ ਬੰਦੀ ਛੋੜ ਦਿਵਸ ਮੌਕੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਂ ਸੰਦੇਸ਼ ਨਹੀਂ ਦੇਣ ਦਿਆਂਗੇ: ਦਲ ਖਾਲਸਾ, ਪੰਚ ਪ੍ਰਧਾਨੀ

By ਸਿੱਖ ਸਿਆਸਤ ਬਿਊਰੋ

November 02, 2015

ਅੰਮ੍ਰਿਤਸਰ (2 ਨਵੰਬਰ, 2015): ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਭਾਰਤ ਦੇ ਸ਼ਾਸਕਾਂ ਨੇ ਨਵੰਬਰ  1984 ਦੇ ਕਤਲੇਆਮ ਲਈ ਜ਼ਿਮੇਵਾਰਾਂ ਨੂੰ ਸਜ਼ਾ ਨਾ ਦੇਕੇ ਇਹ ਸਿੱਧ ਕਰ ਦਿੱਤਾ ਹੈ ਕਿ ਇਸ ਨਸਲਕੁਸ਼ੀ ਦੇ ਪਿੱਛੇ ਕੇਵਲ ਕਿਸੇ ਇੱਕ ਪਾਰਟੀ (ਕਾਂਗਰਸ) ਦੀ ਭੂਮਿਕਾ ਹੀ ਨਹੀਂ ਸਗੋਂ ਸਮੁੱਚੇ ਸਰਕਾਰੀ ਤੰਤਰ ਦਾ ਹੱਥ ਅਤੇ ਸ਼ਮੂਲੀਅਤ ਸੀ। ਜਥੇਬੰਦੀਆਂ ਦਾ ਮੰਨਣਾ ਹੈ ਕਿ ਅਜਿਹੇ ਘਿਨਾਉਣੇ ਕਤਲੇਆਮ ਭਵਿੱਖ ਵਿੱਚ ਰੋਕਣ ਦਾ ਇੱਕੋ ਇੱਕ ਹੱਲ ਹੈ ਕਿ ਸਿੱਖ ਕੌਮ ਨੂੰ ਸਵੈ-ਨਿਰਣੇ ਦਾ ਹੱਕ ਦਿਤਾ ਜਾਵੇ ਅਤੇ ਪੰਜਾਬ ਅੰਦਰ ਯੂ.ਐਨ.ਓ ਦੀ ਦੇਖ-ਰੇਖ ਹੇਠ ਰਾਏਸ਼ੁਮਾਰੀ ਕਰਵਾਈ ਜਾਵੇ।

ਸਿੱਖ ਯੂਥ ਆਫ ਪੰਜਾਬ ਵਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ 31ਵੀ ਵਰੇਗੰਢ ਮੌਕੇ ਸ਼ਹਿਰ ਦੇ ਭੰਡਾਰੀ ਪੁੱਲ ਉਤੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ । ਨੌਜਵਾਨਾਂ ਨੇ ਭੰਡਾਰੀ ਪੁਲ ਤੋਂ ਦਰਬਾਰ ਸਾਹਿਬ ਤੱਕ ਮਾਰਚ ਕੀਤਾ ਉਪਰੰਤ ਨਵੰਬਰ 84 ਦੇ ਨਰ-ਸਿੰਗਾਰ ਦੀ ਸ਼ਿਕਾਰ ਔਰਤਾਂ, ਮਰਦਾਂ ਅਤੇ ਬੱਚੇ-ਬੁਜ਼ਰਗਾਂ ਨੂੰ ਸ਼ਰਧਾਂਜਲੀ ਦੇਣ ਲਈ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ ।

ਨੌਜਵਾਨਾਂ ਵਲੋਂ ਕੀਤੇ ਗਏ ਮੁਜ਼ਾਹਰੇ ਅਤੇ ਮਾਰਚ ਵਿੱਚ ਉਚੇਚੇ ਤੌਰ ਉਤੇ ਦਲ ਖਾਲਸਾ ਦੇ ਹਰਚਰਨਜੀਤ ਸਿੰਘ ਧਾਮੀ ਤੇ ਕੰਵਰਪਾਲ ਸਿੰਘ ਅਤੇ ਪੰਚ ਪ੍ਰਧਾਨੀ ਤੋਂ ਕੁਲਬੀਰ ਸਿੰਘ ਬੜਾਪਿੰਡ ਅਤੇ ਹਰਪਾਲ ਸਿੰਘ ਚੀਮਾ ਨੇ ਸ਼ਮੂਲੀਅਤ ਕੀਤੀ।

ਦੋਨਾਂ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਗਿਆਨੀ ਗੁਰਬਚਨ ਸਿੰਘ ਨੂੰ ਬੰਦੀ ਛੋੜ ਦਿਵਸ ਮੌਕੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਂ ਸੰਦੇਸ਼ ਨਹੀਂ ਦੇਣ ਦੇਣਗੇ। ਉਹਨਾਂ ਕਿਹਾ ਕਿ ਕੋਈ ਵੀ ਸੱਚਾ ਤੇ ਸ਼ਰਧਾਵਾਨ ਸਿੱਖ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਜਿਹੜਾ ਵਿਅਕਤੀ ਕੌਮ ਦਾ ਵਿਸ਼ਵਾਸ ਗੁਆ ਚੁੱਕ ਹੋਵੇ, ਜਿਸ ਦੇ ਗਲਤ ਫੈਸਲਿਆਂ ਨੇ ਕੌਮ ਨੂੰ ਸ਼ਰਮਸਾਰ ਕੀਤਾ ਹੋਵੇ, ਕੌਮ ਅੰਦਰ ਪਾਟੋ-ਧਾੜ ਪਾਈ ਹੋਵੇ ਅਤੇ ਅਕਾਲ ਤਖਤ ਸਾਹਿਬ ਦੀ ਮਰਯਾਦਾ ਅਤੇ ਸ਼ਾਨ ਨੂੰ ਢਾਹ ਲਾਈ ਹੋਵੇ, ਉਹ ਅਕਾਲ ਤਖਤ ਸਾਹਿਬ ਵਰਗੇ ਪਾਵਨ ਸਥਾਨ ਉਤੇ ਖੜਕੇ ਕੌਮ ਨੂੰ ਸੰਦੇਸ਼ ਦੇਵੇ।

ਸ. ਧਾਮੀ ਨੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੇਕਰ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਹੁਕਮਾਂ ਉਤੇ ਪੁਲਿਸ ਨੂੰ ਉਹਨਾਂ ਨੂੰ ਬੰਦੀ ਛੋੜ ਦਿਵਸ ਤੋਂ ਪਹਿਲਾਂ ਬੰਦੀ ਬਣਾ ਲਿਆ ਤਾਂ ਹਰ ਨੌਜਵਾਨ ਆਪਣਾ ਪੰਥਕ ਫਰਜ਼ ਸਮਝੇ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਤੋਂ ਬੋਲਣ ਤੋਂ ਰੋਕੇ। ਉਹਨਾਂ ਨੌਜਵਾਨਾਂ ਨੂੰ ਨਾਲ ਹੀ ਖਬਰਦਾਰ ਕਰਦਿਆਂ ਕਿਹਾ ਕਿ ਉਹਨਾਂ ਦੀ ਹਰ ਸਰਗਰਮੀ ਸ਼ਾਂਤਮਈ ਅਤੇ ਪੰਥਕ ਜ਼ਾਬਤੇ ਦੇ ਅੰਦਰ ਰਹਿੰਦੇ ਹੋਣੀ ਚਾਹੀਦੀ ਹੈ। ਉਹਨਾਂ ਨੌਜਵਾਨਾਂ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ ਦੀ ਨਸੀਹਤ ਦਿੱਤੀ। ਉਹਨਾਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: