ਬਟਾਲਾ: ਤੀਜੇ ਘੱਲੂਘਾਰੇ, ਜੂਨ 1984 ਵਿੱਚ ਇੰਡੀਆ ਦੀ ਫੌਜ ਵੱਲੋਂ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਵਿੱਚ ਸਿੱਖ ਵਸੋਂ ਵਾਲੇ ਇਲਾਕਿਆਂ ਦੀ ਘੇਰਾਬੰਦੀ ਕਰਕੇ 70 ਤੋਂ ਵੱਧ ਗੁਰਦੁਆਰਾ ਸਾਹਿਬਾਨ ਉੱਪਰ ਕੀਤੇ ਗਏ ਫੌਜੀ ਹਮਲਿਆਂ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪੰਥ ਸੇਵਕ ਜਥਾ ਮਾਝਾ ਵੱਲੋਂ 8 ਜੂਨ 2024 ਨੂੰ ਇੱਕ ਗੁਰਮਤਿ ਸਮਾਗਮ ਕਰਵਾਇਆ ਗਿਆ।
ਗੁਰਦੁਆਰਾ ਫਲਾਹੀ ਸਾਹਿਬ, ਪਾਤਸ਼ਾਹੀ ਪਹਿਲੀ, ਪਿੰਡ ਵਡਾਲਾ ਗ੍ਰੰਥੀਆਂ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਦਾ ਪ੍ਰਵਾਹ ਚੱਲਿਆ।
ਸਮਾਗਮ ਦੇ ਮੁੱਖ ਬੁਲਾਰੇ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ) ਨੇ ਹਾਜ਼ਰ ਸੰਗਤਾਂ ਨਾਲ ਤੀਜੇ ਘੱਲੂਘਾਰੇ ਦੇ ਕਾਰਨ, ਮੌਜੂਦਾ ਹਾਲਾਤ ਅਤੇ ਭਵਿੱਖ ਦੇ ਕਰਨ ਯੋਗ ਕਾਰਜਾਂ ਬਾਰੇ ਆਪਣੀ ਪੜਚੋਲ ਅਤੇ ਵਿਚਾਰ ਸਾਂਝੇ ਕੀਤੇ।
ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ ਵਾਲਾ ਖਾਲਸਾ ਪੰਥ ਬਿਪਰਵਾਦੀ ਦਿੱਲੀ ਦਰਬਾਰ ਦੀਆਂ ਅੱਖਾਂ ਵਿੱਚ ਸਦਾ ਰੜਕਦਾ ਰਿਹਾ ਹੈ।
ਉਹਨਾ ਕਿਹਾ ਕਿ ਸੰਨ 1947 ਦੀ ਵੰਡ ਵਿੱਚ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਸਿੱਖਾਂ ਦੀ “ਖਾਲਸਾ ਪੰਥ” ਵਜੋਂ ਸਾਂਝੀ ਪਛਾਣ ਨੂੰ ਇੰਡੀਆ ਦੇ ਆਗੂਆਂ ਨੇ ਸਿੱਖਾਂ ਨਾਲ ਕੀਤੇ ਵਾਅਦਿਆਂ ਦੇ ਬਾਵਜੂਦ ਭਾਰਤੀ ਸੰਵਿਧਾਨ ਵਿੱਚ ਮਾਨਤਾ ਨਹੀਂ ਦਿੱਤੀ ਜਿਸ ਕਾਰਨ ਸੰਵਿਧਾਨ ਘੜਨੀ ਸਭਾ ਵਿਚਲੇ ਸਿੱਖਾਂ ਦੇ ਨੁਮਾਇੰਦਿਆਂ ਨੇ ਸੰਵਿਧਾਨ ਦੇ ਖਰੜੇ ਉੱਪਰ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਭਾਈ ਮਨਧੀਰ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਸਿੱਖਾਂ ਵੱਲੋਂ ਪਹਿਲਾਂ ਪੰਜਾਬੀ ਬੋਲੀ ਉੱਤੇ ਅਧਾਰਤ ਪੰਜਾਬੀ ਸੂਬਾ ਲੈਣ ਵਾਸਤੇ, ਫਿਰ ਪੰਜਾਬ ਦੇ ਖੇਤਰੀ ਹੱਕਾਂ ਅਤੇ ਵੱਧ ਅਧਿਕਾਰਾਂ ਲਈ ਸੰਘਰਸ਼ ਵਿੱਢੇ ਗਏ। ਫਿਰ ਸੰਨ 1975 ਦੀ ਐਮਰਜੈਂਸੀ ਤੇ ਮੋਰਚੇ ਵਿੱਚ ਸਿੱਖਾਂ ਨੇ ਇੰਡੀਆ ਪੱਧਰ ਉੱਤੇ ਵੱਧ ਰਹੇ ਕੇਂਦਰੀਕਰਨ ਦੇ ਅਮਲ ਨੂੰ ਰੋਕਣ ਲਈ ਅਸਰਦਾਰ ਤਰੀਕੇ ਨਾਲ ਸੰਘਰਸ਼ ਕੀਤਾ। ਜਿਸ ਤੋਂ ਬਾਅਦ ਇੰਡੀਆ ਦਾ ਨਿਮਾਣਾ ਨਿਤਾਣਾ ਵਰਗ, ਸੰਘਰਸ਼ਸ਼ੀਲ ਹਿੱਸੇ ਅਤੇ ਵੱਧ ਅਧਿਕਾਰਾਂ ਦੀ ਰਾਜਨੀਤੀ ਕਰਨ ਵਾਲੇ ਅਗਵਾਈ ਲਈ ਸਿੱਖਾਂ ਵੱਲ ਵੇਖਣ ਲੱਗ ਪਏ ਸਨ। ਸਿੱਖਾਂ ਦੀ ਇਸ ਸਮਰੱਥਾ ਤੋਂ ਭੈ-ਭੀਤ ਦਿੱਲੀ ਤਖਤ ਵੱਲੋਂ ਸਿੱਖ ਸਵੈਮਾਨ ਅਤੇ ਸਮਰੱਥਾ ਨੂੰ ਮੇਟਣ ਵਾਸਤੇ ਉੱਤਰੀ ਭਾਰਤ ਦੇ ਸਿੱਖ ਵਸੋਂ ਵਾਲੇ ਵਿਆਪਕ ਖਿੱਤੇ ਵਿੱਚ ਫੌਜ ਦੀ ਤੈਨਾਤੀ ਕਰਕੇ ਸਿੱਖ ਗੁਰਦੁਆਰਾ ਸਾਹਿਬਾਨ ਉੱਤੇ ਹਮਲੇ ਕੀਤੇ ਗਏ।
ਜੂਨ 1984 ਦੇ ਫੌਜੀ ਹਮਲਿਆਂ ਪਿੱਛੇ ਸਰਕਾਰ ਦੀ ਇਹ ਮਨਸ਼ਾ ਸੀ ਕਿ ਫੌਜੀ ਤਾਕਤ ਦੇ ਦਾਬੇ ਨਾਲ ਸਿੱਖਾਂ ਦੀ ਸਮਰੱਥਾ ਤੋੜੀ ਜਾਵੇ ਅਤੇ ਉਹਨਾਂ ਦੇ ਸਵੈਮਾਨ ਨੂੰ ਮੇਟ ਦਿੱਤਾ ਜਾਵੇ ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸੰਗੀ ਜੁਝਾਰੂ ਯੋਧਿਆਂ ਨੇ ਦਿੱਲੀ ਦਰਬਾਰ ਦੀਆਂ ਫੌਜਾਂ ਦਾ ਇਸ ਅਸਾਵੀ ਜੰਗ ਵਿੱਚ ਡਟ ਕੇ ਟਾਕਰਾ ਕੀਤਾ ਅਤੇ ਸ਼ਹੀਦੀ ਰੁਤਬੇ ਹਾਸਿਲ ਕੀਤੇ। ਇਹਨਾਂ ਸ਼ਹਾਦਤਾਂ ਨੇ ਸਿੱਖਾਂ ਦਾ ਮਾਣ ਮੱਤਾ ਇਤਿਹਾਸ ਮੁੜ ਦਹੁਰਾਅ ਦਿੱਤਾ।
ਅਜੋਕੇ ਸਮੇਂ ਦੀ ਪੜਚੋਲ ਕਰਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਜਿੱਥੇ ਇਤਿਹਾਸ ਵਿੱਚ ਅਤੇ ਖਾੜਕੂ ਸੰਘਰਸ਼ ਦੌਰਾਨ ਵੀ ਸਿੱਖ ਚੜ੍ਹਦੀਕਲਾ ਅਤੇ ਸੂਰਬੀਰਤਾ ਵਾਲੇ ਕਾਰਨਾਮਿਆਂ ਦੀਆਂ ਵਾਰਾਂ ਗਾਉਂਦੇ ਅਤੇ ਇਹਨਾਂ ਕਾਰਨਾਮਿਆਂ ਨੂੰ ਪ੍ਰੇਰਨਾ ਦਾ ਸਰੋਤ ਬਣਾਉਂਦੇ ਸਨ ਉਥੇ ਹਾਲੀਆ ਸਮੇਂ ਦੌਰਾਨ ਸਿੱਖਾਂ ਵਿੱਚ ਪੀੜਤਪੁਣੇ ਅਤੇ ਰੁਦਨ ਦੀ ਸੁਰ ਭਾਰੀ ਹੋ ਗਈ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਬਹੁਤਾਤ ਵਾਰਾਂ ਸੰਘਰਸ਼ ਦੇ ਯੋਧਿਆਂ ਵੱਲੋਂ ਕੀਤੇ ਮਾਣਮੱਤੇ ਕਾਰਨਾਮਿਆਂ ਦਾ ਜ਼ਿਕਰ ਕਰਨ ਦੀ ਬਜਾਏ ਸਰਕਾਰ ਵੱਲੋਂ ਕੀਤੇ ਜੁਲਮਾਂ ਨੂੰ ਬਿਆਨ ਕਰਨ ਵਾਲੀਆਂ ਹੀ ਗਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਵਰਤਾਰਾ ਮੌਜੂਦਾ ਸਮੇਂ ਵਿੱਚ ਸਾਡੀ ਅਦੋਗਤੀ ਨੂੰ ਬਿਆਨ ਕਰਦਾ ਹੈ।
ਉਹਨਾਂ ਕਿਹਾ ਕਿ ਮੌਜੂਦਾ ਸਮਾਂ ਬਹੁਤ ਅਹਿਮ ਹੈ ਤੇ ਸਿੱਖਾਂ ਲਈ ਇਹ ਜਰੂਰੀ ਹੈ ਕਿ ਅਸੀਂ ਆਪਣਾ ਨਿੱਜੀ ਅਤੇ ਸੰਗਤੀ ਜੀਵਨ ਗੁਰਮਤਿ ਅਨੁਸਾਰੀ ਕਰੀਏ ਅਤੇ ਸਰੀਰਕ, ਮਾਨਸਿਕ ਤੇ ਆਤਮਿਕ ਤੌਰ ਉੱਤੇ ਸਮਰੱਥ ਬਣੀਏ।
ਸਮਾਗਮ ਦੀ ਸਮਾਪਤੀ ਮੌਕੇ ਪੰਥ ਸੇਵਕ ਜੱਥਾ ਮਾਝਾ ਵੱਲੋਂ ਭਾਈ ਸੁਖਦੀਪ ਸਿੰਘ ਮੀਕੇ ਨੇ ਸਭਨਾ ਦਾ ਧੰਨਵਾਦ ਕੀਤਾ।