ਸਿੱਖ ਖਬਰਾਂ

ਸ਼੍ਰੀ ਅਕਾਲ ਤਖਤ ਵਿਖੇ ਪੰਜ ਪਿਆਰਿਆਂ ਨੇ ਜੱਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਹੁਕਮ

By ਸਿੱਖ ਸਿਆਸਤ ਬਿਊਰੋ

October 23, 2015

ਅੰਮ੍ਰਿਤਸਰ (23 ਅਕਤੂਬਰ, 2015): ਸੌਦਾ ਸਾਧ ਨੂੰ ਸ਼੍ਰੀ ਅਕਾਲ ਤਖਤ ਤੋਂ ਮਾਫੀਨਾਮਾ ਜਾਰੀ ਕਰਨ ਵਾਲੇ ਗਿਆਨੀ ਗੁਰਬਚਨ ਸਿੰਘ ਸਮੇਤ ਤਖਤ ਸਾਿਹਬਾਨ ਦੇ ਜੱਥੇਦਾਰਾਂ ਨੂੰ ਤਲਬ ਕਰਨ ਵਾਲੇ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਮੁਅੱਤਲ ਕੀਤੇ ਪੰਜ ਪਿਆਰੇ ਆਪਣੇ ਫੈਸਲੇ ਮੁਤਾਬਿਕ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ।

ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜਾਂ ਪਿਆਰਿਆਂ ਨੇ ਕਿਹਾ ਕਿ ਉਹ ਆਪਣੇ ਫੈਸਲੇ ‘ਤੇ ਦ੍ਰਿੜ ਹਨ ਅਤੇ ਮੁਆਫੀ ਫੈਸਲੇ ‘ਚ ਤਲਬ ਪੰਜਾਂ ਜੱਥੇਦਾਰਾਂ ਦੀ ਇਕ ਘੰਟਾ ਉਡੀਕ ਕਰਨਗੇ।

ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਤਲਬ ਕੀਤੇ ਗਏ ਪੰਜ ਸਿੰਘ ਸਾਹਿਬਾਨ ਅੱਜ ਮਿਥੇ ਸਮੇਂ ‘ਤੇ ਹਾਜ਼ਰ ਨਹੀਂ ਹੋਏ। ਜਿਨ੍ਹਾਂ ਦੀ ਡੇਢ ਘੰਟਾ ਉਡੀਕ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਹਾਜ਼ਰੀ ‘ਚ ਪੰਜ ਪਿਆਰਿਆਂ ਨੇ ਫ਼ੈਸਲਾ ਸੁਣਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਤਲਬ ਕੀਤੇ ਜਾਣ ਦੇ ਬਾਵਜੂਦ ਵੀ ਨਾ ਪਹੁੰਚਣ ‘ਤੇ ਸਿੰਘ ਸਾਹਿਬਾਨ ਦੀਆਂ ਸੇਵਾਵਾਂ ਤੁਰੰਤ ਖ਼ਤਮ ਕੀਤੀਆਂ ਜਾਣ। ਉਨ੍ਹਾਂ ਸਿੰਘ ਸਾਹਿਬਾਨ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ‘ਤੇ ਖਰੇ ਨਾ ਉਤਰਨ ਕਾਰਨ ਤੁਰੰਤ ਅਸਤੀਫ਼ਾ ਦੇਣ।

ਜਿਕਰਯੋਗ ਹੈ ਕਿ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮੁਆਫੀ ਦੇ ਫੈਂਸਲੇ ਤੋਂ ਬਾਅਦ ਜਥੇਦਾਰਾਂ ਦਾ ਸਿੱਖ ਕੌਮ ਵੱਲੋਂ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ। ਭਾਵੇਂ ਜਥੇਦਾਰਾਂ ਵੱਲੋਂ ਪਿਛਲੇ ਦਿਨੀ ਮੁਆਫੀ ਦੇ ਫੈਂਸਲੇ ਨੂੰ ਗਲਤ ਮੰਨ ਦਿਆਂ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ।ਜੱਥੇਦਾਰਾਂ ਦੀ ਇਸ ਪੰਥ ਵਿਰੋਧੀ ਫੈਸਲੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਅ ਰਹੇ ਪੰਜਾਂ ਪਿਆਰਿਆਂ ਨੇ ਸੌਦਾ ਸਾਧ ਮਾਫੀਨਾਮੇ ਦੈ ਫੈਸਲੇ ਜੱਥੇਦਾਰਾਂ ਤੋਂ ਜਵਾਬ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਦਾ ਹੁਕਮ ਕੀਤਾ ਸੀ।

ਪੰਜਾਂ ਪਿਆਰਿਆਂ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਕੱਲ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਪੰਜਾਂ ਪਿਆਰਿਆਂ ਦੀ ਮੁਅੱਤਲੀ/ਬਹਾਲੀ ਸਬੰਧੀ ਕੋਈ ਫੈਸਲਾ ਨਹੀ ਹੋ ਸਕਿਆ ਅਤੇ ਇਸ ਮਾਮਲੇ ‘ਤੇ ਫੈਸਲਾ ਕਰਨ ਦੇ ਅਧਿਕਾਰ ਮੈਂਬਰਾਂ ਨੇ ਪ੍ਰਧਾਨ ਨੂੰ ਦੇ ਦਿੱਤੇ ਸਨ।

ਪੰਜ ਪਿਆਰਿਆਂ ਵੱਲੋਂ ਜਾਰੀ ਕੀਤੇ ਗਏ ਗੁਰਮਤੇ ਦੀ ਅਸਲ ਤਸਵੀਰ ਵੇਖੋ: https://www.sikhsiyasat.info/2015/10/official-copy-of-panj-pyare-gurmta/

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: