ਪੰਜ ਪਿਆਰੇ (ਫਾਈਲ ਫੋਟੋ)

ਸਿੱਖ ਖਬਰਾਂ

ਵਿਸਥਾਰਤ ਰਿਪੋਰਟ: ਪੰਜ ਪਿਆਰਿਆਂ ਨੇ ਜੱਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਹੁਕਮ

By ਸਿੱਖ ਸਿਆਸਤ ਬਿਊਰੋ

October 23, 2015

ਅੰਮ੍ਰਿਤਸਰ (23 ਅਕਤੂਬਰ, 2015): ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਬਾਕੀ ਤਖਤਾਂ ਦੇ ਜਥੇਦਾਰਾਂ ਦੀਆਂ ਹਰ ਪ੍ਰਕਾਰ ਦੀਆਂ ਸਹੂਲਤਾਂ ਬੰਦ ਕਰ ਦੇਵੇ ।

ਅੱਜ ਇਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ,ਭਾਈ ਸਤਨਾਮ ਸਿੰਘ ਖੰਡੇਵਾਲਾ,ਭਾਈ ਸਤਨਾਮ ਸਿੰਘ,ਭਾਈ ਮੰਗਲ ਸਿੰਘ,ਭਾਈ ਮੇਜਰ ਸਿੰਘ ,ਭਾਈ ਤਰਲੋਕ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰ ਹੋਕੇ 21 ਅਕਤੂਬਰ 2015 ਨੁੰ ਪੰਜ ਜਥੇਦਾਰਾਂ ਨੂੰ ਡੇਰਾ ਮੁਖੀ ਮੁਆਫੀ ਮਾਮਲੇ ਸਬੰਦੀ ਸਪਸ਼ਟੀਕਰਨ ਦੇਣ ਹਿੱਤ ਦਿੱਤੇ ਆਦੇਸ਼ ਦੀ ਰੋਸ਼ਨੀ ਵਿੱਚ ਕੋਈ ਡੇਢ ਘੰਟੇ ਲਈ ਉਡੀਕ ਕੀਤੀ, ਪਰ ਗਿਆਨੀ ਗੁਰਬਚਨ ਸਿੰਘ ,ਗਿਆਨੀ ਗੁਰਮੁਖ ਸਿੰਘ ,ਗਿਆਨੀ ਇਕਬਾਲ ਸਿੰਘ,ਗਿਆਨੀ ਮੱਲ੍ਹ ਸਿੰਘ ਅਤੇ ਗਿਆਨੀ ਰਾਮ ਸਿੰਘ ਹਜ਼ੂਰ ਸਾਹਿਬ ਹਾਜਰ ਨਹੀ ਹੋਏ ।

ਇਸ ਉਪਰੰਤ ਪੰਜ ਪਿਆਰਿਆਂ ਨੇ ਦੀਰਘ ਵਿਚਾਰ ਉਪਰੰਤ ਪਾਸ ਕੀਤੇ ਗੁਰਮਤੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੁੜੀਆਂ ਸੰਗਤਾਂ ਸਾਹਵੇਂ ਪੜ੍ਹਿਆ ਜਿਸਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਦਰਮਿਆਨ ਪ੍ਰਵਾਨਗੀ ਦਿੱਤੀ ।

ਪੰਜ ਪਿਆਰਿਆਂ ਦੁਆਰਾ ਪ੍ਰਵਾਨ ਕੀਤੇ ਗਏ ਮਤੇ ਨੂੰ ਪੜ੍ਹਦਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਦੱਸਿਆ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦੀ ਇੱਕਤਰਤਾ ਹੋਈ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ , ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਮੁਖ ਸਿੰਘ , ਤਖਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਮੱਲ੍ਹ ਸਿੰਘ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਵਲੋਂ ਮੁੱਖ ਸੇਵਾਦਾਰ ਗਿਆਨੀ ਰਾਮ ਸਿੰਘ ਦੁਆਰਾ ਡੇਰਾ ਸਿਰਸਾ ਮੁਖੀ ਨੂੰ 24 ਸਤੰਬਰ 2015 ਨੁੰ ਮੁਆਫੀ ਦਿੱਤੇ ਜਾਣ ਸਬੰਦੀ ਸਪਸ਼ਟੀਕਰਨ ਦੇਣ ਬਾਰੇ ਵਿਚਾਰ ਹੋਈ।

ਉਨ੍ਹਾਂ ਦੱਸਿਆ ਕਿ ਗਿਆਨੀ ਗੁਰਬਚਨ ਸਿੰਘ ਸਮੇਤ ਕਿਸੇ ਵੀ ਤਖਤ ਸਾਹਿਬ ਦਾ ਕੋਈ ਵੀ ਮੁੱਖ ਸੇਵਾਦਾਰ ਹਾਜਰ ਨਹੀ ਹੋਇਆ,ਨਾ ਹੀ ਉਨ੍ਹਾ ਵਲੋਂ ਪੰਜ ਪਿਆਰਿਆਂ ਨਾਲ ਸੰਪਰਕ ਕੀਤਾ ਗਿਆ ।ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਦੱਸਿਆ ਕਿ ਕੋਈ ਡੇਢ ਘੰਟਾ ਇੰਤਜਾਰ ਕਰਨ ਬਾਅਦ ਪੰਜ ਪਿਆਰਿਆਂ ਨੇ ਫੈਸਲਾ ਕੀਤਾ ਹੈ ਕਿ ‘ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬਾਨਾਂ ਦੇ ਮੁੱਖ ਸੇਵਾਦਾਰਾਂ ਵਲੋਂ ਲਏ ਜਾਣ ਵਾਲੇ ਫੈਸਲਿਆਂ ਕਾਰਣ ਸਿੱਖ ਪੰਥ ਅੰਦਰ ਚਲੀ ਆ ਰਹੀ ਦਾਸਤਾਨ ਉਸ ਵੇਲੇ ਸਿਖਰਾਂ ਨੂੰ ਛੁਹ ਗਈ ਜਦੋਂ ਇਨ੍ਹਾ ਨੇ ਖਾਲਸਾ ਪੰਥ ਦੀਆਂ ਉੱਚੀਆਂ ਤੇ ਸੁੱਚੀਆਂ ਰਵਾਇਤਾਂ ਦੇ ਵਿਰੁੱਧ ਜਾਕੇ ਲਏ ਫੈਸਲਿਆਂ ਨਾਲ ਪੰਥ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।ਉਨ੍ਹਾਂ ਦੱਸਿਆ ਕਿ ਐਸੇ ਹਾਲਾਤਾਂ ਦੇ ਚਲਦਿਆਂ ਪੰਥ ਦੀ ਅਗਵਾਈ ਨਾ ਕਰ ਸਕਣ ਦੇ ਕਾਰਣ ਖਾਲਸਾ ਪੰਥ ਇਨ੍ਹਾ(ਜਥੇਦਾਰਾਂ) ਕੋਲੋਂ ਅਸਤੀਫੇ ਮੰਗ ਰਿਹਾ ਹੈ ।

ਪੰਜ ਪਿਆਰੇ ਸਿੰਘਾਂ ਵਲੋਂ ਕੀਤੇ ਗੁਰਮਤੇ ਅਨੁਸਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਕਾਰਜਕਾਰਣੀ ਕਮੇਟੀ)ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਪੰਜ ਤਖਤ ਸਾਹਿਬਾਨਾਂ ਦੇ ਮੁਖ ਸੇਵਾਦਾਰਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਬੰਦ ਕਰ ਦੇਵੇ ।

ਇਸਤੋਂ ਪਹਿਲਾਂ ਜਦੋਂ ਇਹ ਪੰਜ ਪਿਆਰੇ ਸਫੈਦ ਪੌਸ਼ਾਕ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਕੜਾਹ ਪ੍ਰਸ਼ਾਦਿ ਵਾਲੀ ਬਾਹੀ ਰਾਹੀ ਦਾਖਲ ਹੋਏ ਤਾਂ ਹਾਜਰ ਸੰਗਤਾਂ ਨੇ ਜੈਕਾਰੇ ਬੁਲਾਕੇ ਸਵਾਗਤ ਕੀਤਾ।ਪੰਜ ਪਿਆਰੇ ਅੱਜ ਕਾਫੀ ਗੰਭੀਰ ਨਜਰ ਆਏ ਅਤੇ ਸਿੱਧੇ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚਲੇ ਗਏ।ਉਨ੍ਹਾਂ ਗੁਰਮਤਾ ਕਰਨ ਤੋਂ ਪਹਿਲਾਂ ਬਕਾਇਦਾ ਸਰੀ ਗੁਰੁ ਗੰ੍ਰਥ ਸਾਹਿਬ ਦੇ ਸਨਮੁਖ ਅਰਦਾਸ ਕੀਤੀ ।

ਪੰਜ ਪਿਆਰਿਆਂ ਦੁਆਰਾ ਕੀਤੀ ਜਾਣ ਵਾਲੀ ਕਾਰਵਾਈ ਤੇ ਨਿਗਾਹ ਰੱਖਣ ਲਈ ਸ੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰ ਪ੍ਰਤਾਪ ਸਿੰਘ ਹਾਜਰ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: