ਲੰਬੀ ਦੇ ਪੰਚਾਇਤ ਸਮਿਤੀ ਦਫ਼ਤਰ ਦਾ ਬਾਹਰੀ ਦ੍ਰਿਸ਼।

ਆਮ ਖਬਰਾਂ

ਪੰਚਾਇਤ ਸਮਿਤੀ ਚੋਣਾਂ : ਅੱਖ਼ਰਾਂ ਤੋਂ ਕੋਰੇ ਉਮੀਦਵਾਰ ਲਿਖਣਗੇ ਹਲਕਾਂ ਲੰਬੀ ਦੇ ਪੇਂਡੂ ਵਿਕਾਸ ਦੀ ਇਬਾਰਤ

By ਸਿੱਖ ਸਿਆਸਤ ਬਿਊਰੋ

September 15, 2018

ਚੰਡੀਗੜ੍ਹ: ਪੰਜਾਬ ਵਿੱਚ 19 ਸਤੰਬਰ ਨੂੰ ਪੈਣ ਵਾਲੀਆਂ ਪੰਚਾਇਤ ਸਮਿਤੀ ਚੋਣਾਂ ‘ਚ ਲੰਬੀ ਹਲਕੇ ਦੇ ਪੇਂਡੂ ਵਿਕਾਸ ਦੀ ਇਬਾਰਤ ਅਨਪੜ੍ਹ ਅਤੇ ਘੱਟ ਪੜ੍ਹੇ-ਲਿਿਖਆਂ ਦੀ ਕੈਬਨਿਟ ਲਿਖੇਗੀ।

ਪੰਚਾਇਤ ਸਮਿਤੀ ਦੇ ਕਰੀਬ ਛੇ ਜ਼ੋਨਾਂ ਤੋਂ ਸਿੱਧੇ ਤੌਰ ’ਤੇ ਅਨਪੜ੍ਹ ਉਮੀਦਵਾਰ ਚੁਣ ਕੇ ਆ ਰਹੇ ਹਨ। ਇਨ੍ਹਾਂ ਜ਼ੋਨਾਂ ’ਚ ਸਾਰੇ ਉਮੀਦਵਾਰ ਅਨਪੜ੍ਹ ਹਨ। ਪੰਚਾਇਤ ਸਮਿਤੀ ਲੰਬੀ ’ਚ 66 ਉਮੀਦਵਾਰਾਂ ਵਿੱਚੋਂ 19 ਅਨਪੜ੍ਹ ਅਤੇ 15 ਉਮੀਦਵਾਰ ਮੈਟ੍ਰਿਕ ਪਾਸ ਹਨ। ਪੰਜ ਜ਼ੋਨਾਂ ’ਚ ਦੂਜੀ ਤੋਂ ਮਿਡਲ ਪਾਸ ਤੱਕ ਪਾਸ ਉਮੀਦਵਾਰ ਚੁਣੇ ਜਾਣਗੇ। ਜਦੋਂਕਿ 25 ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਦੂਜੀ ਤੋਂ ਲੈ ਕੇ 8ਵੀਂ ਜਮਾਤ ਹੈ ਅਤੇ ਲਗਪਗ ਚਾਰ ਉਮੀਦਵਾਰ ਜਮ੍ਹਾਂ ਦੋ ਪਾਸ ਹਨ। ਨੌਂ ਉਮੀਦਵਾਰ ਪ੍ਰਾਇਮਰੀ ਤੱਕ ਪੜ੍ਹੇ ਹਨ। ਹਾਲਾਂਕਿ ਸਰਕਾਰੀ ਤੌਰ ’ਤੇ ਬਲਾਕ ਸਮਿਤੀ ਚੋਣਾਂ ’ਚ ਵਿੱਦਿਅਕ ਯੋਗਤਾ ਦੀ ਸੀਮਾ ਮੁਕਰਰ ਨਹੀਂ ਹੈ।

ਲੰਬੀ ਹਲਕੇ ਦੇ 25 ਜ਼ੋਨਾਂ ਵਿੱਚ ਸਿਰਫ਼ ਚਾਰ ਉਮੀਦਵਾਰ ਹੀ ਗ੍ਰੇਜੂਏਟ, ਐੱਲਐੱਲਬੀ, ਐੱਮਏ (ਐਮ.ਫਿਲ) ਤੱਕ ਪੜ੍ਹੇ ਲਿਖੇ ਹਨ। ਜ਼ੋਨ ਭੀਟਵਾਲਾ ਤੋਂ ਐੱਲਐੱਲਬੀ ਪਾਸ 25 ਸਾਲਾ ਕਮਲਜੀਤ ਸਿੰਘ ਕਾਂਗਰਸ ਟਿਕਟ ’ਤੇ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਜਦੋਂਕਿ ਹਾਕੂਵਾਲਾ ਜ਼ੋਨ ’ਚ ਪ੍ਰਭਜੋਤ ਕੌਰ ਐੱਮ.ਏ. , ਐੱਮ. ਫਿਲ ਅਤੇ ਦਵਿੰਦਰ ਕੌਰ ਬੀ.ਏ ਪਾਸ ਹੈ। ਇਸੇ ਤਰ੍ਹਾਂ ਜ਼ੋਨ ਮਾਹਣੀਖੇੜਾ ਤੋਂ ਪਿੱਪਲ ਸਿੰਘ ਵੀ ਬੀਏ ਪਾਸ ਹੈ।

ਹੈਰਾਨੀ ਦੀ ਗੱਲ ਹੈ ਪਿਛਲੇ ਦਹਾਕੇ ’ਚ ਬਾਦਲ ਸਰਕਾਰ ਵੇਲੇ ਸਭ ਤੋ ਵੱਧ ਵਿਕਾਸ ਦੇ ਦੌਰ ’ਚੋਂ ਲੰਘਣ ਵਾਲੇ ਲੰਬੀ ਹਲਕੇ ’ਚ ਸਿਆਸੀ ਪਾਰਟੀਆਂ ਨੂੰ ਪੜ੍ਹੇ-ਲਿਖੇ ਉਮੀਦਵਾਰ ਨਹੀਂ ਮਿਲੇ। ਜਦੋਂਕਿ ਲੰਬੀ ਹਲਕੇ ’ਚ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਦੀ ਕੋਈ ਥੁੜ੍ਹ ਨਹੀਂ। ਪੰਚਾਇਤ ਸਮਿਤੀ ਲੰਬੀ ਦੇ ਜ਼ੋਨ ਘੁਮਿਆਰਾ, ਪੰਜਾਵਾ, ਮਿੱਡੂਖੇੜਾ, ਮਹਿਮੂਦਖੇੜਾ (ਭਾਈ ਕਾ ਕੇਰਾ) ਅਤੇ ਜ਼ੋਨ ਬਨਵਾਲਾ ਅੰਨੂ ਵਿਖੇ ਸਾਰੇ ਉਮੀਦਵਾਰ ਅੱਖਰਾਂ ਤੋਂ ਕੋਰੇ ਹਨ। ਜ਼ੋਨ ਮਹਿਣਾ ’ਚ ਦੋ ਉਮੀਦਵਾਰ ਅਨਪੜ੍ਹ ਹਨ ਅਤੇ ‘ਆਪ’ ਉਮੀਦਵਾਰ ਮਲਕੀਤ ਸਿੰਘ ਸਿਰਫ਼ ਦੂਜੀ ਪਾਸ ਹੈ। ਜਦੋਂਕਿ ਜ਼ੋਨ ਤਰਮਾਲਾ ਤੋਂ ਗੁਰਪ੍ਰੀਤ ਸਿੰਘ ਅਤੇ ਜ਼ੋਨ ਕੱਖਾਂਵਾਲੀ ਤੋਂ ਮਨਦੀਪ ਕੌਰ ਆਪਣੀ 23 ਸਾਲਾ ਸਦਕਾ ਸਭ ਤੋਂ ਘੱਟ ਉਮਰੇ ਉਮੀਦਵਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: