ਲੰਡਨ: ਸਿੱਖ ਜਥੇਬੰਦੀ ਪੰਚ ਪਰਧਾਨੀ ਯੂ. ਕੇ. ਵੱਲੋਂ ਨਵੰਬਰ 2020 ਵਿੱਚ ਸਿੱਖਾਂ ਦੀ ਸਿਰਮੋਰ ਸੰਸਥਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਸਥਾਪਨਾ ਸ਼ਤਾਬਦੀ ‘ਤੇ ਸਮੁੱਚੇ ਸਿੱਖ ਪੰਥ ਨੂੰ ਲੰਘੀ ਸਦੀ ਦੇ ਸੰਘਰਸ਼ ਦੀ ਪੜਚੋਲ ਕਰਨ ਦਾ ਸੱਦਾ ਦਿੱਤਾ ਹੈ।
ਪੰਚ ਪਰਧਾਨੀ ਯੂ. ਕੇ. ਵੱਲੋਂ ਜਾਰੀ ਕੀਤੇ ਗਏ ਇਕ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ:
ਅੱਜ ਤੋਂ ਸੌ ਸਾਲ ਪਹਿਲਾਂ ਦੇ ਕੁਝ ਵਰ੍ਹੇ ਪਹਿਲਾਂ ਸਿੱਖਾਂ ਵਲੋਂ ਸਿੱਖ ਵਿਰੋਧੀ ਤੇ ਵਿਭਚਾਰੀ ਮਹੰਤਾਂ ਅਤੇ ਗੈਰ-ਪੰਥਕ ਅਨਸਰਾਂ ਵਿਰੁੱਧ ਮੋਰਚਿਆਂ ਗੁਰਦੁਆਰਾ ਸੁਧਾਰ ਲਹਿਰਾਂ, ਸਿੰਘ ਸਭਾ ਲਹਿਰ, ਬੱਬਰ ਅਕਾਲੀ ਲਹਿਰ ਦੀ ਭਾਰੀ ਜਦੋ ਜਹਿਦ ਅਤੇ ਸ਼ਹਾਦਤਾਂ ਉਪਰੰਤ 15 ਨਵੰਬਰ 1920 ਨੂੰ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਹੋਂਦ ਵਿੱਚ ਲਿਆਂਦੀ ਗਈ। ਮਕਸਦ ਇਹ ਸੀ ਕਿ ਭਵਿੱਖ ਵਿੱਚ ਸਿੱਖਾਂ ਦੇ ਧਾਰਮਿਕ, ਸਿਆਸੀ ਹਿੱਤਾਂ ਦੀ ਪ੍ਰਤੀਨਿਧਤਾ ਇਹ ਸੰਸਥਾ ਕਰੇਗੀ। ਆਓ! ਪੜਚੋਲ ਕਰੀਏ ਕਿ ਬੀਤੇ ਤਕਰੀਬਨ 100 ਸਾਲਾਂ ਵਿੱਚ ਇੰਜ ਹੀ ਹੋਇਆ ਜਾਂ ਕਿ ਕੁਝ ਘਾਟਾਂ ਰਹੀਆਂ। ਇਤਿਹਾਸ ’ਤੇ ਝਾਤ ਮਾਰੀਏ ਅਤੇ ਵਿਚਾਰੀਏ –
15 ਨਵੰਬਰ 1920 ਵਿੱਚ ਉਪਰੋਕਤ ‘ਸ਼੍ਰੋਮਣੀ ਕਮੇਟੀ’ ਅਤੇ ਦਸੰਬਰ 1920 ਵਿੱਚ ਅਕਾਲੀ ਦਲ ਦੀ ਸਥਾਪਨਾ।
1925 ਵਿੱਚ ‘ਸਿੱਖ ਗੁਰਦੁਆਰਾ ਐਕਟ’ ਬਣਿਆ।
1932 ਵਿੱਚ ‘ਸਿੱਖ ਰਹਿਤ ਮਰਿਆਦਾ’ ਬਣਾਈ ਗਈ।
1947 ਵਿੱਚ ‘ਭਾਰਤ’ ਅਤੇ ‘ਪੰਜਾਬ’ ਦੇਸ਼ ਦਾ ਬਟਵਾਰਾ।
1950 ਵਿੱਚ ‘ਭਾਰਤੀ ਵਿਧਾਨ’ ਦੀ ਸਥਾਪਨਦ ਅਤੇ ਸਿੱਖ ਕੌਮ ਵਲੋਂ ਅਸਵਿਕਾਰ ਕਰਨਾ।
1960 ‘ਪੰਜਾਬੀ ਬੋਲੀ’ ਦੀ ਹੋਂਦ ਲਈ ਸੰਘਰਸ਼ ਦਾ ਆਰੰਭ।
1966 ਵਿੱਚ ‘ਪੰਜਾਬੀ ਸੂਬਾ’ ਹੋਂਦ ਵਿੱਚ ਆਇਆ।
1973 ਵਿੱਚ ‘ਆਨੰਦਪੁਰ ਮਤੇ’ ਦਾ ਉਲੀਕਣਾ।
1975 ਵਿੱਚ ਭਾਰਤ ਵਿੱਚ ‘ਐਮਰਜੈਂਸੀ’ ਲਗਾਈ ਗਈ ਅਤੇ ਸਿੱਖਾਂ ਦੇ ਰੋਲ।
1978 ਵਿੱਚ ਨਕਲੀ ਨਿਰੰਕਾਰੀਆਂ ਹੱਥੋਂ ਅੰਮ੍ਰਿਤਸਰ ਵਿਖੇ ‘ਖੂਨੀ ਸਾਕਾ’ (ਸਿੱਖਾਂ ਦੀਆਂ ਸ਼ਹਾਦਤਾਂ)।
1981 ਵਿੱਚ ‘ਧਰਮ ਯੁੱਧ’ ਮੋਰਚੇ ਦਾ ਆਰੰਭਿਆ ਸੰਘਰਸ਼।
1984 ਦਾ ‘ਅੰਮ੍ਰਿਤਸਰ’ ਪੰਜਾਬ ਵਿਖੇ ਤੀਸਰਾ ਘਲੂਘਾਰਾ।
1984 ਨਵੰਬਰ ਵਿੱਚ ਸਿੱਖਾਂ ਦੀ ਨਸਲਕੁਸ਼ੀ।
1986 ਸਮੇਂ ‘ਸ੍ਰੀ ਦਰਬਾਰ ਸਾਹਿਬ’ ਅੰਮ੍ਰਿਤਸਰ ਵਿਖੇ ‘ਸਰਬੱਤ ਖਾਲਸਾ’ ਦਾ ਇਕੱਠ ਅਤੇ ‘ਖਾਲਿਸਤਾਨ’ ਦੇ ਮਤੇ ਦਾ ਐਲਾਨਨਾਮਾ।
ਖਾਸ ਕਰ ਕਿ ‘ਪੰਜਾਬ’ ਵਿੱਚ ਅਥਵਾ ਭਾਰਤ ਵਿੱਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ’ ਦੀਆਂ ਘੋਰ ਘਟਨਾਵਾਂ ਉਪਰੰਤ 2015 ਸਮੇਂ ਸਰਬੱਤ ਖਾਲਸੇ ਦਾ ਇਕੱਠ।”
ਪੰਚ ਪਰਧਾਨੀ ਵੱਲੋਂ ਅੱਗੇ ਕਿਹਾ ਗਿਆ ਹੈ ਕਿ:
“ਅਸੀਂ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਉੱਪਰ ਲਿਖੇ ਪੂਰਨਿਆਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਕੌਮੀ’ ਤੌਰ ’ਤੇ ਲੇਖਾ ਜੋਖਾ ਕਰੀਏ ਕਿ ਕੀ ਖਟਿਆ! ਕੀ ਪਾਇਆ! ਅਤੇ ਕੀ ਕੀ ਗਵਾਇਆ? ਇਸ ਤਰ੍ਹਾਂ ਦੀ ‘ਪੜਚੋਲ’ ਕਰੀਏ ਕਿ ਆਉਣ ਵਾਲੇ 100 ਸਾਲ ਦਾ ਭਵਿੱਖ ਉਲੀਕਣ ਵਿੱਚ ਕਾਮਯਾਬ ਹੋਈਏ।”
“ਅਸੀਂ ਆਉਂਦੇ 2018-2019-2020 (ਤਿੰਨਾਂ ਸਾਲਾਂ) ਵਿੱਚ ਵਿਦਵਾਨਾਂ, ਲਿਖਾਰੀਆਂ, ਇਤਿਹਾਸਕਾਰਾਂ, ਬੁਧੀਜੀਵਾਂ ਨੂੰ ਸੁਝਾਵਾਂ ਅਤੇ ਲਿਖਤਾਂ ਲਿਖਣ ਲਈ ਬੇਨਤੀ ਕਰਦੇ ਹਾਂ। ਨਵੰਬਰ 2020 ਤੋਂ ਉਪਰੰਤ ਇਸਨੂੰ ਇਕ ‘ਪੁਸਤਕ’ ਦੇ ਰੂਪ ਵਿੱਚ ਪ੍ਰਕਾਸ਼ਤ ਕਰਾਂਗੇ।”
ਜਥੇਬੰਦੀ ਦੇ ਨੁਮਾਇੰਦਿਆਂ ਪਰਮਿੰਦਰ ਸਿੰਘ ਬੱਲ, ਅਮਰਜੀਤ ਸਿੰਘ ਮਿਨਹਾਸ, ਹਰਦਿਆਲ ਸਿੰਘ ਨੇ ਕਿਹਾ ਕਿ ਪੰਚ ਪਰਧਾਨੀ ਯੂ. ਕੇ. ਨਾਲ ਈ-ਮੇਲ ਪਤੇ panchpardhani [at] outlook [dot] com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।