- “ਬਾਦਲਕੇ ਪਹਿਲਾਂ ਵਿਧਾਨ ਸਭਾ ਵਿਚ ਸਿੱਖ ਰਾਜ ਦੇ ਹੱਕ ਵਿੱਚ ਮਤਾ ਪੇਸ਼ ਕਰਨ”
ਫ਼ਤਿਹਗੜ੍ਹ ਸਾਹਿਬ, 28 ਅਗਸਤ (ਪੰਜਾਬ ਨਿਊਜ਼ ਨੈਟ) : “ਆਖਰ ਬਾਦਲਕਿਆਂ ਨੇ ਦੇਸ਼ ਦੀ ਸੰਸਦ ਵਿਚ ਵੱਖਰੇ ਸਿੱਖ-ਰਾਜ ਦੀ ਮੰਗ ਰੱਖਦਿਆਂ ਦੇਸ਼ ਅੱਗੇ ਸਾਫ਼ ਕਰ ਦਿੱਤਾ ਹੈ ਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਅੱਜ ਵੀ ‘ਸਿੱਖ ਰਾਜ’ ਦੇ ਸੰਕਲਪ ਨਾਲ ਜੁੜੀਆਂ ਹੋਈਆਂ ਹਨ ਭਾਵੇਂ ਕਿ ਬਾਦਲਕਿਆਂ ਦੀ ਸਿੱਖ ਰਾਜ ਦੀ ਭਾਵਨਾ ਉੱਤੇ ਨਿੱਜ਼ੀ ਖਵਾਹਿਸਾਂ ਅਤੇ ਕੁਰਸੀਆਂ ਦੇ ਲਾਲਚ ਭਾਰੂ ਹੋ ਚੁੱਕੇ ਹਨ। ਫਿਰ ਵੀ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਵੇਖਦਿਆਂ ਹਮੇਸਾਂ ਪੰਥ ਦੇ ਵਿਰੁੱਧ ਭੁਗਤਣ ਵਾਲੇ ਬਾਦਲਕਿਆਂ ਵਲੋਂ ਰੱਖੀ ਗਈ ਇਹ ਮੰਗ ਸਿੱਖ ਕੌਮ ਦੀ ਇੱਕ ਵੱਡੀ ਜਿੱਤ ਹੈ। ਪੰਜਾਬ ਵਿਚ ਸਰਕਾਰ ਚਲਾ ਰਹੇ ਬਾਦਲ ਧੜੇ ਨੇ ਸੰਸਦ ਵਿੱਚ ਮੰਨ ਲਿਆ ਹੈ ਕਿ ਇੰਨੇ ਜ਼ੁਲਮ ਸਹਿਣ ਤੋਂ ਬਾਅਦ ਵੀ ਸਿੱਖ ਕੌਮ ਅਪਣੇ ਵੱਖਰੇ ਰਾਜ ਦੀ ਹੱਕੀ ਮੰਗ ਨੂੰ ਛੱਡ ਨਹੀਂ ਸਕਦੀ। ਇਸ ਲਈ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ‘ਸਿੱਖ ਰਾਜ’ ਦੀ ਮੰਗ ਦਾ ਸ਼ੋਸ਼ਾ ਛੱਡਣਾ ਜ਼ਰੂਰੀ ਹੋ ਗਿਆ ਸੀ।” ਅਕਾਲੀ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਵਲੋਂ ਸੰਸਦ ਵਿਚ ਸਿੱਖ ਰਾਜ ਦੀ ਕੀਤੀ ਗਈ ਮੰਗ ਦੇ ਸਬੰਧ ਉਕਤ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਦੇ ‘ਹਿੰਦੂ ਰਾਸ਼ਟਰ’ ਨੂੰ ਸਮਰਪਿਤ ਬਾਦਲਕੇ ਅੱਜ ਕਿਵੇਂ ‘ਸਿੱਖ-ਰਾਜ’ ਦੀ ਗੱਲ ਕਰ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਜੇ ਬਾਦਲਕੇ ਸਿੱਖ ਰਾਜ ਦੀ ਸਥਾਪਨਾ ਲਈ ਸੱਚਮੁਚ ਦਿਲੋਂ ਸੰਜੀਦਾ ਹਨ ਤਾਂ ਪਹਿਲਾਂ ਵਿਧਾਨ ਸਭਾ ਵਿਚ ਇਸਦੇ ਹੱਕ ਵਿੱਚ ਮਤਾ ਪੇਸ਼ ਕਰਨ। ਉਕਤ ਆਗੂਆਂ ਨੇ ਕਿਹਾ ਕਿ ਸਿੱਖ ਰਾਜ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਦੇ ਰੁਲ ਰਹੇ ਯਤੀਮ ਪਰਿਵਾਰ ਵੀ ਬਾਦਲਕਿਆਂ ਦੀ ਨਜ਼ਰ ਵਿਚ ਦੇਸ਼-ਧ੍ਰੋਹੀ ਹਨ। ਇਹੀ ਕਾਰਨ ਹੈ ਬਾਦਲ ਸਰਕਾਰ ਨੇ ਇਨ੍ਹਾਂ ਬੇਸਹਾਰਾ ਪਰਿਵਾਰਾਂ ਦੀ ਮਦਦ ਕਰਨ ਦੇ ਦੋਸ਼ ਵਿਚ ਭਾਈ ਦਲਜੀਤ ਸਿੰਘ ਬਿੱਟੂ ਤੇ ਉਨ੍ਹਾਂ ਦੇ ਸਾਥੀਆਂ ਨੂੰ ‘ਦੇਸ਼-ਧ੍ਰੋਹ’ ਦੇ ਕੇਸ ਪਾ ਕੇ ਜੇਲ੍ਹਾਂ ’ਚ ਡੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਸੁਮੇਧ ਸੈਣੀ ਵਰਗੇ ਪੁਲਿਸ ਅਫਸਰ ਬਾਦਲ ਸਰਕਾਰ ਦੇ ਚਹੇਤੇ ਹਨ ਤੇ ਸੈਣੀ ਦਾ ਕੇਸ ਵੀ ਬਾਦਲ ਸਰਕਾਰ ਖੁਦ ਸੁਪਰੀਮ ਕੋਰਟ ਵਿੱਚ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਛੱਤੀ ਸਿੰਘਪੁਰਾ ਦੇ ਕਤਲੇਆਮ ਦੀ ਗੱਲ ਕਰਕੇ ਬਾਦਲਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਕਿਉਂਕਿ ਜਦੋਂ ਇਹ ਕਤਲੇਅਮ ਹੋਇਆ ਤਾਂ ਉਦੋਂ ਕੇਂਦਰ ਵਿਚ ਇਨ੍ਹਾਂ ਦੀ ਭਾਈਵਾਲ ਭਾਜਪਾ ਦੀ ਸਰਕਾਰ ਹੀ ਸੀ ਤੇ ਇਨ੍ਹਾ ਲੋਕਾਂ ’ਤੇ ਹੀ ਇਸ ਕਤਲੇਆਮ ਦੇ ਦੋਸ਼ ਲੱਗ ਰਹੇ ਹਨ। ਜੰਮੂ ਕਸਮੀਰ ਦੇ ਸਾਬਕਾ ਮੁੱਖ ਮੰਤਰੀ ਜਨਾਬ ਫਾਰੂਕ ਅਬਦੁਲਾ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਹੀ ਇਸ ਕਤਲੇਆਮ ਦੀ ਜਾਂਚ ਰੋਕ ਦਿੱਤੀ ਸੀ।