Site icon Sikh Siyasat News

ਅਸੀਮਾਨੰਦ ਕੇਂਦਰੀ ਏਜੰਸੀਆਂ ਦੇ ਦਬਾਅ ਹੇਠ ਧਮਾਕਿਆਂ ਵਿੱਚ ਸ਼ਮੂਲੀਅਤ ਤੋਂ ਮੁਕਰਿਆ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (2 ਅਪ੍ਰੈਲ, 2011) : ਅਜਮੇਰ, ਮੱਕਾ ਮਸਜਿਦ, ਮਾਲੇਗਾਉਂ, ਅਤੇ ਸਮਝੌਤਾ ਐਕਸਪ੍ਰੈਸ ਧਮਾਕਿਆਂ ਵਿੱਚ ਅਪਣੀ ਭੂਮਿਕਾ ਤੋਂ ਅਸੀਮਾਨੰਦ, ਕੇਂਦਰੀ ਏਜੰਸੀਆਂ ਦੇ ਦਬਾਅ ਹੇਠ ਮੁਕਰਿਆ ਹੈ ਨਾ ਕਿ ਉਸਨੇ ਪਹਿਲੇ ਬਿਆਨ ਕਿਸੇ ਦੇ ਦਬਾਅ ਹੇਠ ਦਿੱਤੇ ਸਨ। ਇਹ ਵਿਚਾਰ ਪੇਸ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੀ ਕਾਰਨ ਹੈ ਕਿ ਭਾਰਤ ਸਰਕਾਰ ਵਲੋਂ ਪਾਕਿ ਸਰਕਾਰ ਨੂੰ ਸਮਝੌਤਾ ਐਕਸਪ੍ਰੈਸ ਬੰਬ ਕਾਂਡ ਦੀ ਜਾਂਚ ਅਜੇ ਚਲ ਰਹੀ ਹੋਣ ਦੇ ਦਿਤੇ ਗਏ ਜਵਾਬ ਤੋਂ ਇਕ ਦਿਨ ਬਾਅਦ ਹੀ ਅਸੀਮਾਨੰਦ ਵੀ ਅਜਮੇਰ ਦੇ ਚੀਫ ਜ਼ੁਡੀਸ਼ੀਅਲ ਦੀ ਅਦਾਲਤ ਵਿਚ ਉਕਤ ਸਾਰੇ ਬੰਬ ਧਮਾਕਿਆ ਵਿੱਚ ਅਪਣੀ ਸ਼ਮੂਲੀਅਤ ਤੋਂ ਮੁੱਕਰ ਚੁੱਕਿਆ ਹੈ।

ਉਕਤ ਆਗੂਆਂ ਨੇ ਕਿਹਾ ਕਿ ਸਚਾਈ ਇਹ ਹੈ ਕਿ ਉਕਤ ਧਾਮਕਿਆਂ ਦੇ ਭਗਵੇਂ ਦੋਸ਼ੀਆਂ ਨੂੰ ਕੇਂਦਰ ਸਰਕਾਰ ਇਕ ਦਿਨ ਪਹਿਲਾਂ ਹੀ ਕੌਮਾਂਤਰੀ ਪੱਧਰ ’ਤੇ ਕਲੀਨ ਚਿੱਟ ਦੇ ਚੁੱਕੀ ਸੀ ਤੇ ਅਗਲੇ ਦਿਨ ਤੱਕ ਅਸੀਮਾਨੰਦ ’ਤੇ ਵੀ ਦਬਾਅ ਪਾ ਕੇ ਉਸਨੂੰ ਅਪਣੇ ਇਕਬਾਲੀਆ ਬਿਾਅਨਾਂ ਤੋਂ ਮੁੱਕਰ ਜਾਣ ਲਈ ਮਜ਼ਬੂਰ ਕਰ ਲਿਆ ਗਿਆ। ਉਕਤ ਆਗੂਆਂ ਨੇ ਕਿਹਾ ਕਿ ਇਹ ਵਰਤਾਰਾ ਸਪੱਸ਼ਟ ਕਰਦਾ ਹੈ ਕਿ ਕਿਸ ਤਰ੍ਹਾ ਇਕ ਖਾਸ ਕਿਸਮ ਦੀ ਵਿਚਾਰਧਾਰਾ ਦੇਸ਼ ਦੇ ਸਮੁੱਚੇ ਢਾਂਚੇ ਦੀਆਂ ਜੜਾਂ ਤੱਕ ਕਾਬਜ਼ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਾਲਾਂ ਕਿ ਇਸ ਤੋਂ ਪਹਿਲਾਂ ਉਕਤ ਧਾਮਕਿਆਂ ਵਿੱਚ ਅਪਣੀ ਮੁੱਖ ਭੁਮਿਕਾ ਹੋਣ ਸਬੰਧੀ ਇਕ ਤੋਂ ਵੱਧ ਵਾਰ ਖੁਲਾਸੇ ਕਰਦਿਆਂ ਅਸੀਮਾਨੰਦ ਕਹਿ ਚੁੱਕਾ ਹੈ ਕਿ ਅਪਣੀ ਆਤਮਾ ਦੀ ਅਵਾਜ਼ ਸੱਚ ਸਾਹਮਣੇ ਲਿਆਉਣ ਲਈ ਮਜ਼ਬੂਰ ਹੋਇਆ ਹੈ।

ਇਸਦੇ ਨਾਲ ਹੀ ਉਕਤ ਆਗੂਆ ਨੇ ਅਜਮੇਰ ਬੰਬ ਕਾਂਡ ਦੀ ਜਾਂਚ ਐਨ. ਅਈ. ਏ. (ਕੌਮੀ ਜਾਂਚ ਏਜੰਸੀ) ਨੂੰ ਸੌਂਪੇ ਜਾਣ ’ਤੇ ਪ੍ਰਤੀਕਰਮ ਪ੍ਰਗਟਾਉਂਦਿਆ ਕਿਹਾ ਕਿ ਸਹੀ ਦਿਸ਼ਾ ਵਿੱਚ ਚਲ ਹੀ ਜਾਂਚ ਨੂੰ ਅੱਧ-ਵਿਚਕਾਰ ਤੋਂ ਕਿਸੇ ਹੋਰ ਏਜੰਸੀ ਨੂੰ ਸੌਂਪਿਆ ਜਾਣਾ ਸ਼ੱਕ ਪ੍ਰਟਗ ਕਰਦਾ ਹੈ ਕਿ ਇਸ ਜਾਂਚ ਨੂੰ ਵੀ ਕੇਂਦਰੀ ਏਜੰਸੀਆਂ ਅਪਣੀ ਇੱਛਾ ਅਨੁਸਾਰ ਪ੍ਰਭਾਵਿਤ ਕਰ ਸਕਦੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version