ਲੁਧਿਆਣਾ (31 ਅਗਸਤ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਭਾਰਤੀ ਜਨਤਾ ਪਾਰਟੀ ਦੇ ਰਾਸਟਰੀ ਪ੍ਰਧਾਨ ਗਡਕਰੀ ਵਲੋ ਚੰਡੀਗੜ੍ਹ ਵਿਖੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਸਬੰਧੀ ਦਿੱਤੇ ਬਿਆਨ ਉਪਰ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਇਸ ਨੂੰ ਝੂਠ ਦਾ ਪੁਲੰਦਾ ,ਗੁਮਰਾਹਕੁੰਨ ਅਤੇ ਭਾਜਪਾ ਦੇ ਨਕਲੀ ਤੇ ਦੋਹਰੇ ਕਿਰਦਾਰ ਅਤੇ ਮੱਗਰਮੱਛ ਦੇ ਹੰਝੂ ਬਹਾਉਣ ਵਾਲਾ ਕਰਾਰ ਦਿੱਤਾ।
ਪਾਰਟੀ ਦੇ ਮੁਖ ਦਫਤਰ ਲੁਧਿਆਣਾ ਤੋਂ ਜਾਰੀ ਇਕ ਸਾਂਝੇ ਬਿਆਨ ਵਿਚ ਪਾਰਟੀ ਦੇ ਕੌਮੀ ਪੰਚ ਕਮਿੱਕਰ ਸਿੰਘ ਮੁਕੰਦਪੁਰ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਅਤੇ ਜਥੇਬੰਦਕ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਇਹ ਭਾਜਪਾ ਹੀ ਹੈ ਜਿਹੜੀ ਰਾਜਾਂ ਦੇ ਅਧਿਕਾਰ ਖਤਮ ਕਰਕੇ ਕੇਂਦਰ ਨੂੰ ‘ਮਜਬੂਤ’ ਬਣਾਉਣ ਦੀ ਵਕਾਲਤ ਕਰਦੀ ਆ ਰਹੀ ਹੈ ਅਤੇ ਇਸ ਤਹਿਤ ਹੀ ਇਹ ਰਾਜਾਂ ਨੂੰ ਮਿਲੇ ਵਿਸ਼ੇਸ ਅਧਿਕਾਰਾਂ ਦਾ ਵਿਰੋਧ ਅਤੇ ਉਨ੍ਹਾਂ ਨੂੰ ਖਤਮ ਕਰਨ ਦੀ ਮੰਗ ਕਰਦੀ ਆ ਰਹੀ ਹੈ ।
1982 ਵਿਚ ਪੰਜਾਬ ਵਿਚ ਲੱਗਿਆ ਧਰਮ ਯੁੱਧ ਮੋਰਚਾ ‘ਅਨੰਦਪੁਰ ਸਾਹਿਬ’ ਮਤੇ ਨੂੰ ਲਾਗੂ ਕਰਨ ਸਬੰਧੀ ਹੀ ਸੀ ਜਿਸ ਵਿਚ ਰਾਜਾਂ ਨੂੰ ਵੱਧ ਅਧਿਕਾਰ ਦੇਕੇ ਹਿੰਦੁਸਤਾਨ ਵਿਚ ਸਹੀ ਭਾਵਨਾ ਵਿਚ ਫੈਡਰਲ ਢਾਂਚਾ ਸਥਾਪਤ ਕਰਨ ਦੀ ਮੰਗ ਕੀਤੀ ਗਈ ਸੀ । ਪਰ ਭਾਜਪਾ ਨੇ ਇਸ ਦਾ ਵਿਰੋਧ ਹੀ ਨਹੀਂ ਕੀਤਾ ਸਗੋਂ ਇਸ ਮੰਗ ਨੂੰ ਸਦਾ ਲਈ ਖਤਮ ਕਰਨ ਹਿੱਤ ਦਰਬਾਰ ਸਾਹਿਬ ਉਪਰ ਹਮਲਾ ਕਰਨ ਤੇ ਕਰਵਾਉਣ , ਪੰਜਾਬ ਵਿਚ ਇਸ ਹੱਕ ਦੀ ਪ੍ਰਾਪਤੀ ਲਈ ਜੂਝਦੇ ਹਜਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿਚ ਕਤਲ ਕਰਵਾਉਣ ਲਈ ਕਾਂਗਰਸ ਨੂੰ ਉਕਸਾਇਆ ਅਤੇ ਇਸ ਮੰਗ ਨੂੰ ਦਬਾਉਣ ਹਿਤ ਦਮਨਕਾਰੀ ਤੇ ਕਾਲੇ ਕਨੂੰਨ ਬਣਾਉਣ ਤੇ ਲਾਗੂ ਕਰਨ ਲਈ ਕੇਂਦਰ ਸਰਕਾਰ ਦਾ ਪੂਰਾ ਸਾਥ ਦਿੱਤਾ।ਇਸ ਮੰਗ ਦੇ ਹੱਕ ਵਿਚ ਸੰਘਰਸ਼ਸੀਲ ਸੈਂਕੜੇ ਸਿੱਖ ਕਈ ਦਹਾਕੇ ਬਾਅਦ ਅਜ ਵੀ ਕਾਂਗਰਸ ਅਤੇ ਅਕਾਲੀ- ਭਾਜਪਾ ਦੀਆਂ ਜੇਲ੍ਹਾਂ ਵਿਚ ਬੰਦ ਹਨ।ਭਾਜਪਾ ਦੀ ਨੀਤੀ ਇੰਨੀ ਸੌੜੀ ਤੇ ਕੇਂਦਰ ਅਧਾਰਤ ਹੈ ਕਿ ਉਹ ਰਾਜਾਂ ਵਿਚ ਉਥੋਂ ਦੀ ਸਥਾਨਕ ਪੱਧਰ ਤੇ ਬੋਲੀ-ਲਿੱਖੀ ਜਾ ਰਹੀ ਭਾਸ਼ਾਂ ਜਾਂ ਸਭਿਆਚਾਰ ਦੀ ਹਮੇਸ਼ਾਂ ਵਿਰੋਧੀ ਰਹੀ ਹੈ ।ਪੰਜਾਬ ਤੇ ਪੰਜਾਬੀ ਇਸਦੀ ਜਿੰਦਾ ਜਾਗਦੀ ਮਿਸਾਲ ਹਨ।
ਉਨ੍ਹਾਂ ਕਿਹਾ ਕਿ ਜੇ ਭਾਜਪਾ ਪ੍ਰਧਾਨ ਰਾਜਾਂ ਨੂੰ ਵੱਧ ਅਧਿਕਾਰ ਦੇਣ ਪ੍ਰਤੀ ਸਚੁਮੱਚ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਖੁਲਕੇ ‘ਅਨੰਦਪੁਰ ਸਾਹਿਬ’ ਦੇ ਮਤੇ ਨੂੰ ਲਾਗੂ ਕਰਨ ਦੀ ਹਮਾਇਤ ਕਰਨੀ ਚਾਹੀਦੀ ਹੈ ।
ਉਨ੍ਹਾਂ ਨੇ ਬਾਦਲ ਦੀ ਸਖਤ ਅਲੋਚਨਾ ਕੀਤੀ ਕਿ ਉਸਦੀ ਹਾਜ਼ਰੀ ਵਿਚ ਜਦੋਂ ਇਹ ਕੁਫਰ ਤੋਲਿਆ ਜਾ ਰਿਹਾ ਸੀ ਤਾਂ ਉਹ ਚੁਪ-ਚਾਪ ‘ਘੁੱਗੂ’ ਬਣਕੇ ਇਹ ਸਭ ਸੁਣਦੇ ਰਹੇ । ਉਨ੍ਹਾਂ ਮੰਗ ਕੀਤੀ ਕਿ ਜੇ ਭਾਜਪਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਸਮਰਥਕ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਐਨ.ਡੀ.ਏ. ਦੀ ਮੀਟਿੰਗ ਵਿਚ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਦੀ ਮੰਗ ਪ੍ਰਵਾਨ ਕਰੇ ਅਤੇ ਕੇਂਦਰ ਸਰਕਾਰ ਵਲੋਂ ਪੰਜਾਬ ਕੋਲੋਂ ਖੋਹੇ ਗਏ ਇਲਾਕਾਈ ਤੇ ਪਾਣੀਆਂ ਦੇ ਹੱਕ ਪੰਜਾਬ ਨੂੰ ਵਾਪਸ ਦੇਣ ਦੀ ਮੰਗ ਕੇਂਦਰ ਸਰਕਾਰ ਕੋਲ ਰੱਖੇ।
ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਅਜਿਹੇ ਬਿਆਨਾਂ ਰਾਂਹੀ ਹਵਾ ਵਿਚ ਤੀਰ ਚਲਾਉਣ ਦੀਆਂ ਭਾਜਪਾ-ਅਕਾਲੀਆਂ ਦੀਆਂ ਫੋਕੀਆਂ ਚਾਲਾਂ ਨੂੰ ਹੁਣ ਪੰਜਾਬ ਵਾਸੀ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਉਹ ਪੰਜਾਬ ਦੇ ਸਿਅਸੀ ਦੁਸਮਣਾਂ ਨੂੰ ਚੰਗੀ ਤਰ੍ਹਾਂ ਪਛਾਣ ਤੇ ਸਮਝ ਚੁੱਕੇ ਹਨ ਇਸ ਲਈ ਗਡਕਰੀ ਤੇ ਉਸਦੇ ਪਿਛਲੱਗੂਆਂ ਦੇ ਅਜਿਹੇ ਗੁਮਰਾਹਕੁੰਨ ਬਿਆਨਾਂ ਤੋਂ ਪ੍ਰਭਾਵਤ ਹੋਣ ਵਾਲੇ ਨਹੀਂ ।