ਸਿਆਸੀ ਖਬਰਾਂ

ਭੁੱਲਰ ਲਈ ਸਜ਼ਾ ਮੰਗਦੀ ਭਾਜਪਾ ਮਸਜਿਦਾਂ ਵਿੱਚ ਧਮਾਕਿਆਂ ਦੇ ਦੋਸ਼ੀਆਂ ਨੂੰ ਕਿਉਂ ਹੀਰੋ ਮੰਨਦੀ ਹੈ?

By ਸਿੱਖ ਸਿਆਸਤ ਬਿਊਰੋ

June 03, 2011

ਫ਼ਤਿਹਗੜ੍ਹ ਸਾਹਿਬ (2 ਜੂਨ, 2011): ਬੇਕਸੂਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਦੱਸ ਕੇ ਫਾਸ਼ੀ ਲਗਾਉਣ ਦੀ ਮੰਗ ਕਰਨ ਵਾਲੇ ਭਾਜਪਾ ਆਗੂ ਪਹਿਲਾਂ ਹਿੰਦੂ ਅੱਤਵਾਦੀਆਂ ਬਾਰੇ ਅਪਣੀ ਰਾਏ ਸਪੱਸ਼ਟ ਕਰਨ ਕਿ ਮਸਜਿਦਾਂ ਵਿੱਚ ਧਮਾਕੇ ਕਰਕੇ ਲੋਕਾਂ ਦਾ ਕਤਲੇਆਮ ਕਰਨ ਵਾਲੀ ਪ੍ਰੀਗਿਆ ਸਾਧਵੀਂ, ਕਰਨਲ ਪ੍ਰੋਹਿਤ ਤੇ ਅਸੀਮਾਨੰਦ ਵਰਗੇ ਦਹਿਸ਼ਤਗਰਦਾਂ ਦਾ ਕੀ ਹਸ਼ਰ ਹੋਣਾ ਚਾਹੀਦਾ ਹੈ। ਇਹ ਸਵਾਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਭਾਜਪਾ ਫਾਸ਼ੀਵਾਦੀ ਹਿੰਦੂਤਵੀ ਪਾਰਟੀ ਹੈ ਤੇ ‘ਅੱਤਵਾਦ’ ਦੀ ਵਿਆਖਿਆ ਇਹ ਲੋਕ ਧਾਰਮਿਕ ਭੇਦ-ਭਾਵ ਨਾਲ ਕਰਦੇ ਹਨ? ਘੱਟਗਿਣਤੀਆਂ ਦੇ ਧਾਰਮਿਕ ਸਥਾਨਾਂ ’ਤੇ ਧਮਾਕੇ ਕਰਨ ਵਾਲੇ ਅੱਤਵਾਦੀਆਂ ਨੂੰ ‘ਨਾਇਕਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਭਾਈ ਚੀਮਾ ਨੇ ਕਿਹਾ ਕਿ ਸਵਾਮੀ ਅਗਨੀਵੇਸ਼ ਦਾ ਸਿਰ ਕਲਮ ਕਰਨ ਲਈ ਰੱਖਿਆ 10 ਲੱਖ ਦਾ ਇਨਾਮ ਵੀ ਅੱਤਵਾਦੀ ਕਾਰਵਾਈ ਹੈ ਜਦਕਿ ਇਨ੍ਹਾਂ ਦਹਿਸ਼ਤਗਰਦਾਂ ਦੀ ਭਾਜਪਾ ਲੀਡਰਾਂ ਵਲੋਂ ਹੀ ਪਿੱਠ ਥਾਪੜੀ ਜਾ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਪ੍ਰੋ. ਭੁੱਲਰ ਲਈ ਮੌਤ ਦੀ ਮੰਗ ਕਰਕੇ ਇਹ ਫ਼ਿਰਕੂ ਲੀਡਰ ਸਿੱਖ ਕੌਮ ਪ੍ਰਤੀ ਅਪਣੀ ਇਤਿਹਾਸਿਕ ਦੁਸ਼ਮਣੀ ਦਾ ਖੁੱਲ੍ਹੇਆਮ ਪ੍ਰਗਟਾਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੰਥ ਤੇ ਪੰਜਾਬ ਦੀ ਦੁਸ਼ਮਣ ਪਾਰਟੀ ਹੈ ਜੋ ਦੇਸ਼ ਨੂੰ ਨਿਰੰਕੁਸ਼ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੀ ਹੈ। ਇਹ ਲੋਕ ਸਿੱਖਾਂ ਤੇ ਹੋਰ ਘੱਟਗਿਣਤੀਆਂ ਨੂੰ ਗੁਲਾਮ ਬਣਾ ਕ ਅਪਣੇ ਰਹਿਮੋ-ਕਰਮ ’ਤੇ ਰੱਖਣਾ ਚਾਹੁੰਦੇ ਹਨ। ਬਿਨਾਂ ਕੋਈ ਸਬੂਤ, ਬਿਨਾਂ ਗਵਾਹੀ, ਤੇ ਜੱਜਾਂ ਦੀ ਇੱਕ ਰਾਏ ਤੋਂ ਬਿਨਾਂ ਪ੍ਰੋ. ਭੁੱਲਰ ਦੀ ਸਜ਼ਾ ਬਰਕਰਾਰ ਰੱਖਣ ਨੂੰ ਫ਼੍ਰਿਕਾਪ੍ਰਸਤ ਸ਼ਕਤੀਆਂ ‘ਅੱਤਵਾਦ ਵਿਰੁੱਧ ਸਟੈਂਡ’ ਦੱਸ ਰਹੀਆਂ ਹਨ, ਜਦਕਿ ਇਹ ਸਟੈਂਡ ਘੱਟਗਿਣਤੀ ਵਿਰੋਧੀ ਹੈ। ਬਹੁ ਗਿਣਤੀ ਦੇ ਸਬੰਧ ਵਿੱਚ ਅਜਿਹੇ ‘ਸਟੈਂਡ’ ਹਮੇਸਾਂ ਵੱਖਰੇ ਹੁੰਦੇ ਹਨ।

ਉਕਤ ਆਗੂਆਂ ਨੇ ਕਿਹਾ ਕਿ ਇਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਸਦੇ ਬੱਚਿਆ ਨੂੰ ਜ਼ਿਊਂਦਾ ਸਾੜਣ ਵਾਲੇ ਰਾਬਿੰਦਰਾ ਕੁਮਾਰ ਉਰਫ ਦਾਰਾ ਸਿੰਘ ਵਾਸਤੇ ਇਹ ਲੀਡਰ ਫਾਸ਼ੀ ਕਿਉਂ ਨਹੀਂ ਮੰਗਦੇ। ਨਵੰਬਰ 84 ਵਿੱਚ ਸਿੱਖਾਂ ਨੂੰ ਮਾਰਨ ਵਾਲੇ ਕਿਸ਼ੋਰੀ ਦੀ ਤੀਹਰੀ ਫਾਸੀ ਦੀ ਸਜ਼ਾ ਮੁਆਫ਼ ਕੀਤੇ ਜਾਣ ਦਾ ਇਨ੍ਹਾ ਲੋਕਾਂ ਵਲੋਂ ਅੱਜ ਤੱਕ ਕੋਈ ਵਿਰੋਧ ਕਿਉਂ ਨਹੀਂ ਕੀਤਾ ਗਿਆ। ਦਿੱਲੀ ਅਤੇ ਗੁਜਰਾਤ ਵਿੱਚ ਸਿੱਖਾਂ ਤੇ ਮੁਸਲਮਾਨਾਂ ਨੂੰ ਜਿਉਂਦੇ ਸਾੜਣ ਵਾਲਿਆਂ ਵਾਸਤੇ ਇਨ੍ਹਾਂ ਲੋਕਾਂ ਨੇ ਅੱਜ ਤੱਕ ਸਜ਼ਾ ਦੀ ਇਸ ਤੀਬਰਤਾ ਨਾਲ ਕਿਉਂ ਮੰਗ ਨਹੀਂ ਕੀਤੀ ਜਿੰਨੀ ਤੀਬਰਤਾ ਪ੍ਰੋ. ਭੁੱਲਰ ਵਿਰੁੱਧ ਵਿਖਾਈ ਜਾ ਰਹੀ ਹੈ। ੳਨ੍ਹਾਂ ਕਿਹਾ ਕਿ ਇਨ੍ਹਾਂ ਸਭ ਸਵਾਲਾਂ ਦਾ ਇੱਕੋ ਇੱਕ ਜਵਾਬ ਹੈ ਕਿ ਇਹ ਫਾਸੀਵਾਦੀ ਲੀਡਰ ਘੱਟਗਿਣਤੀਆ ਨੂੰ ਨਫ਼ਰਤ ਕਰਦੇ ਹਨ ਤੇ ਉਨ੍ਹਾਂ ਨੂੰ ਅਪਣੇ ਅਧੀਨ ਰੱਖਣਾ ਚਾਹੁੰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: