ਸਿੱਖ ਖਬਰਾਂ

ਬੇਅਦਬੀ ਮਾਮਲੇ ਦੇ ਦੋਸ਼ੀ ਦੀ ਬਾਦਲ ਦਲ ਦੇ ਵਕੀਲ ਆਗੂ ਵਲੋਂ ਲਾਈ ਜਮਾਨਤ ਦੀ ਅਰਜੀ ਰੱਦ

By ਸਿੱਖ ਸਿਆਸਤ ਬਿਊਰੋ

March 02, 2019

ਲੁਧਿਆਣਾ: ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਾਲਮ ਵਿਹਾਰ ਕਲੋਨੀ, ਪਿੰਡ ਦਾਦ, ਪੱਖੋਵਾਲ ਸੜਕ ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਗੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਾਲਮ ਵਿਹਾਰ ਦੀ ਜਮਾਨਤ ਦੀ ਅਰਜੀ ਬੀਤੇ ਦਿਨ ਲੁਧਿਆਣੇ ਦੀ ਇੱਕ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਨੂੰ ਜਮਾਨਤ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਤੇ ਪੇਸ਼ੇ ਵਜੋਂ ਵਕੀਲ ਹਰੀਸ਼ ਰਾਏ ਢਾਂਡਾ ਹੋਰਨਾਂ ਵਕੀਲਾਂ ਨਾਲ ਅਦਾਲਤ ਵਿਚ ਪੇਸ਼ ਹੋਏ ਸਨ ਪਰ ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ-1 ਅੰਕਿਤਾ ਲੂੰਬਾ ਦੀ ਅਦਾਲਤ ਨੇ ਇਹ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ।

ਇੱਥੇ ਇਹ ਦੱਸਿਆ ਜਾ ਸਕਦਾ ਹੈ ਕਿ ਗੁਰਿੰਦਰ ਸਿੰਘ 12 ਫਰਵਰੀ ਨੂੰ ਪਾਲਮ ਵਿਹਾਰ ਦੇ ਗੁਰਦੁਆਰਾ ਸਾਹਿਬ ਆਇਆ ਤੇ ਦਰਬਾਰ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਿਸ ਬਾਰੇ ਕੁਝ ਚਿਰ ਮਗਰੋਂ ਜਦੋਂ ਗੁਰਦੁਆਰਾ ਸਾਹਿਬ ਵਿਖੇ ਸੰਗਤ ਨੂੰ ਪਤਾ ਲੱਗਿਆ ਤਾਂ ਉਹਨਾਂ ਗ੍ਰੰਥੀ ਸਿੰਘ ਭਾਈ ਜਲ ਸਿੰਘ ਨੂੰ ਦੱਸਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਨਾਲ ਗੁਰਦੁਆਰਾ ਸਾਹਿਬ ‘ਚ ਲੱਗੇ ਕੈਮਰੇ ਵੇਖੇ ਅਤੇ ਦੋਸ਼ੀ ਦੀ ਸ਼ਨਾਖਤ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਮੁਲਾਜ਼ਮ ਸੁਖਦਿਆਲ ਸਿੰਘ ਨੇ ਦੱਸਿਆ ਸੀ ਕਿ ਗੁਰਿੰਦਰ ਸਿੰਘ ਜੋ ਕਿ ਫੋਟੋ ਸਟੇਟ ਦਾ ਕੰਮ ਕਰਦਾ ਹੈ, ਅਤੇ ਦੋ ਸਾਲ ਪਹਿਲਾਂ ਉਸ ਨੂੰ ਆਸਟ੍ਰੇਲੀਆਈ ਸਰਕਾਰ ਵਲੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ।

ਲੰਘੇ ਕੱਲ ਦੀ ਅਦਾਲਤੀ ਕਾਰਵਾਈ ਮੌਕੇ ਦੋਸ਼ੀ ਵਲੋਂ ਵਕੀਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਨਰਲ ਸਕੱਤਰ ਐਡਵੋਕੇਟ ਹਰੀਸ਼ ਰਾਏ ਢਾਂਡਾ ਤੋਂ ਇਲਾਵਾ ਐਡਵੋਕੇਟ ਜਗਮੋਹਨ ਸਿੰਘ ਵੜੈਚ, ਐਡਵੋਕੇਟ ਬੀ.ਕੇ. ਐਨ ਛਿੱਬੜ, ਮਨਜੀਤ ਸਿੰਘ ਮੋਹਰ ਤੇ ਹੋਰ ਵੀ ਵਕੀਲ ਗੁਰੂ ਦੋਖੀ ਵਲੋਂ ਪੇਸ਼ ਹੋਏ।

ਇਸ ਮਾਮਲੇ ਵਿਚ ਮੁਦਈ ਧਿਰ- ਸੰਬੰਧਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਦੋਸ਼ੀ ਦੀ ਜਮਾਨਤ ਦਾ ਵਿਰਧ ਕਰਨ ਲਈ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੇ ਨਾਲ ਐਡਵੋਕੇਟ ਗੁਰਵਿੰਦਰ ਸਿੰਘ ਸੋਢੀ, ਕੇਵਲਪ੍ਰੀਤ ਸਿੰਘ ਦੇਤਵਾਲ, ਜਰਨੈਲ ਸਿੰਘ, ਆਦਰਸ਼ ਸ਼ਰਮਾ, ਅੰਕਿਤ ਭੱਲਾ, ਕਮਲਪ੍ਰੀਤ ਸਿੰਘ ਅਤੇ ਅਨੇਕਾਂ ਹੋਰ ਵਕੀਲ ਪੇਸ਼ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: