ਵਿਦੇਸ਼

ਬਲੋਚ ਭਾਸ਼ਾ ‘ਚ ਖ਼ਬਰਾਂ ਪ੍ਰਸਾਰਤ ਕਰਨ ਦੇ ਐਲਾਨ ਪਿੱਛੋਂ ਭਾਰਤ ਦੇ ਸਾਰੇ ਚੈਨਲਾਂ ‘ਤੇ ਪਾਕਿ ‘ਚ ਪਾਬੰਦੀ

By ਸਿੱਖ ਸਿਆਸਤ ਬਿਊਰੋ

September 02, 2016

ਚੰਡੀਗੜ੍ਹ: ਪਾਕਿਸਤਾਨ ਇਲੈਕਟ੍ਰਾਨਿਕ ਰੈਗੂਲੇਟਰੀ ਅਥਾਰਿਟੀ (PEMRA) ਨੇ ਬੁੱਧਵਾਰ ਨੂੰ ਡੀਟੀਐਚ (DTH) ਸੇਵਾ ਰਾਹੀਂ ਪ੍ਰਸਾਰਿਤ ਹੋਣ ਵਾਲੇ ਭਾਰਤ ਦੇ ਸਾਰੇ ਚੈਨਲਾਂ ‘ਤੇ ਪਾਬੰਦੀ ਲਾ ਦਿੱਤੀ ਹੈ।

ਭਾਰਤ ਸਰਕਾਰ ਵਲੋਂ ਜੰਮੂ ਕਸ਼ਮੀਰ ਵਿਚ ਆਲ ਇੰਡੀਆ ਰੇਡੀਓ ਦੇ ਨਵੇਂ ਲੱਗੇ ਟ੍ਰਾਂਸਮੀਟਰਾਂ ਦੇ ਸਿਗਨਲ ਵਧਾਉਣ ਅਤੇ ਬਲੋਚ ਭਾਸ਼ਾ ‘ਚ ਖ਼ਬਰਾਂ ਪ੍ਰਸਾਰਿਤ ਕਰਨ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਨੇ ਇਹ ਕਹਿ ਕੇ ਭਾਰਤੀ ਚੈਨਲਾਂ ‘ਤੇ ਪਾਬੰਦੀ ਲਾ ਦਿੱਤੀ ਹੈ ਕਿ ਪਾਕਿਸਤਾਨ ਵਿਚ ਭਾਰਤ ਦਾ ਕੋਈ ਵੀ ਟੀ.ਵੀ. ਚੈਨਲ ਪਾਕਿਸਤਾਨ ਦੀ ਧਰਤੀ ‘ਤੇ ਕਾਨੂੰਨੀ ਤੌਰ ‘ਤੇ ਅਧਿਕਾਰਤ ਨਹੀਂ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਇਹ ਦੋਸ਼ ਲਾਇਆ ਜਾਂਦਾ ਹੈ ਕਿ ਬਲੋਚਸਤਾਨ ਸੂਬੇ ਵਿਚ ਭਾਰਤ ਦੀ ਖੁਫੀਆ ਏਜੰਸੀ ਰਾਅ ਗੜਬੜ ਕਰਾ ਰਹੀ ਹੈ। ਇਸੇ ਸਾਲ 15 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਲੋਚਿਸਤਾਨ ਦੀ ਅਜ਼ਾਦੀ ਦੇ ਹੱਕ ਵਿਚ ਦਿੱਤੇ ਬਿਆਨ ਤੋਂ ਬਾਅਦ ਪਾਕਿਸਤਾਨ ਵਲੋਂ ਤਿੱਖੀ ਪ੍ਰਤੀਕ੍ਰਿਆ ਹੋਈ ਸੀ। ਇਨ੍ਹਾਂ ਹਾਲਾਤਾਂ ਵਿਚ ਭਾਰਤ ਵਲੋਂ ਬਲੋਚ ਭਾਸ਼ਾ ‘ਚ ਖ਼ਬਰ ਦੇ ਪ੍ਰਸਾਰਣ ਦਾ ਐਲਾਨ ਹੀ ਭਾਰਤੀ ਚੈਨਲਾਂ ਦੇ ਪਾਕਿਸਤਾਨ ‘ਚ ਬੰਦ ਹੋਣ ਦਾ ਕਾਰਨ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹਾਲੇ ਇਕ ਮਹੀਨਾ ਪਹਿਲਾਂ ਹੀ ਆਲ ਇੰਡੀਆ ਰੇਡੀਓ ਨੇ ਦਿੱਲੀ ਤੋਂ ਪੰਜਾਬੀ ‘ਚ ਖ਼ਬਰਾਂ ਦਾ ਪ੍ਰਸਾਰਣ ਬੰਦ ਕਰਨ ਦਾ ਐਲਾਨ ਕੀਤਾ ਸੀ। ਅਜਿਹੇ ਵਿਚ ਬਲੋਚੀ ‘ਚ ਖ਼ਬਰਾਂ ਪ੍ਰਸਾਰਿਤ ਕਰਨ ਦਾ ਐਲਾਨ ਭਾਰਤ ਦੀ ਨੀਤੀ ਅਤੇ ਨੀਅਤ ਦਾ ਖੁਲਾਸਾ ਕਰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: