ਚੰਡੀਗੜ੍ਹ: ਲਹਿੰਦੇ ਪੰਜਾਬ ਦੇ ਹਸਨ ਅਬਦਾਲ ਵਿਚ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਪਾਕਿਸਤਾਨ ਵਿਚਲੇ ਭਾਰਤੀ ਰਾਜਦੂਤ ਦੇ ਵਿਰੋਧ ਦੇ ਮਾਮਲੇ ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੂਟਨੀਤਕ ਪੱਧਰ ‘ਤੇ ਇਲਜ਼ਾਮ ਬਾਜੀ ਦਾ ਦੌਰ ਜਾਰੀ ਹੈ। ਜਿੱਥੇ ਭਾਰਤ ਨੇ ਇਸ ਵਰਤਾਰੇ ਪਿੱਛੇ ਪਾਕਿਸਤਾਨ ਸਰਕਾਰ ਦਾ ਹੱਥ ਦਸਦਿਆਂ ਪਾਕਿਸਤਾਨ ਦੇ ਭਾਰਤ ਵਿਚਲੇ ਰਾਜਦੂਤ ਨੂੰ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਉੱਥੇ ਪਾਕਿਸਤਾਨ ਨੇ ਭਾਰਤ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਭਾਰਤੀ ਰਾਜਦੂਤ ਨੂੰ ਨਹੀਂ ਰੋਕਿਆ ਗਿਆ, ਬਲਕਿ ਸਿੱਖ ਸੰਗਤਾਂ ਵਲੋਂ ਭਾਰਤ ਖਿਲਾਫ ਰੋਸ ਅਤੇ ਰਾਜਦੂਤ ਦੀ ਆਮਦ ‘ਤੇ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਕਾਰਨ ਭਾਰਤੀ ਰਾਜਦੂਤ ਨੇ ਖੁਦ ਆਪਣਾ ਦੌਰਾ ਰੱਦ ਕੀਤਾ ਸੀ।
ਗੌਰਤਲਬ ਹੈ ਕਿ ਭਾਰਤ ਦੀਆਂ ਸਿੱਖ ਵਿਰੋਧੀ ਨੀਤੀਆਂ ਅਤੇ ਭਾਰਤ ਵਿਚ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਦੇ ਵਿਰੁੱਧ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੇ ਪਿਛਲੇ ਸਾਲ ਤੋਂ ਫੈਂਸਲੇ ਲਏ ਹਨ ਕਿ ਸਿੱਖਾਂ ਦੇ ਕੇਂਦਰ ਗੁਰਦੁਆਰਾ ਸਾਹਿਬਾਨ ਵਿਚ ਭਾਰਤ ਸਰਕਾਰ ਵਲੋਂ ਆਪਣੇ ਨੁਮਾਂਇੰਦਿਆਂ ਰਾਹੀਂ ਕੀਤੀ ਜਾਂਦੀ ਦਖਲਅੰਦਾਜ਼ੀ ਨੂੰ ਰੋਕਣ ਲਈ ਭਾਰਤੀ ਅਫਸਰਾਂ ਦੇ ਭਾਰਤੀ ਨੁਮਾਂਇੰਦੇ ਦੇ ਤੌਰ ‘ਤੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕੇ ਸੰਗਤਾਂ ਨੂੰ ਸੰਬੋਧਨ ਕਰਨ ‘ਤੇ ਰੋਕ ਲਾਈ ਗਈ।
ਪਾਕਿਸਤਾਨ ਮੀਡੀਆ ਮੁਤਾਬਿਕ ਇਸੇ ਕੜੀ ਤਹਿਤ ਪੰਜਾ ਸਾਹਿਬ ਜੁੜੀਆਂ ਸਿੱਖ ਸੰਗਤਾਂ ਨੂੰ ਜਦੋਂ ਪਤਾ ਲੱਗਾ ਕਿ ਭਾਰਤੀ ਨੁਮਾਂਇੰਦਾ ਭਾਰਤੀ ਰਾਜਦੂਤ ਗੁਰਦੁਆਰਾ ਸਾਹਿਬ ਆ ਰਿਹਾ ਹੈ ਤਾਂ ਸਿੱਖ ਸੰਗਤਾਂ ਨੇ ਉਸਦਾ ਵਿਰੋਧ ਕਰਨ ਦਾ ਫੈਂਸਲਾ ਕੀਤਾ। ਇਸ ਸਬੰਧੀ ਸਥਾਨਕ ਪ੍ਰਸ਼ਾਸਨ ਵਲੋਂ ਭਾਰਤੀ ਰਾਜਦੂਤ ਨੂੰ ਜਾਣੂ ਕਰਵਾਇਆ ਗਿਆ ਤੇ ਭਾਰਤੀ ਰਾਜਦੂਤ ਨੇ ਵਿਰੋਧ ਤੋਂ ਬਚਣ ਲਈ ਆਪਣਾ ਦੌਰਾ ਰੱਦ ਕਰਨ ਦਾ ਫੈਂਸਲਾ ਕੀਤਾ। ਅਖ਼ਬਾਰੀ ਖ਼ਬਰਾਂ ਮੁਤਾਬਿਕ ਸਿੱਖਾਂ ਵਲੋਂ ਕੀਤੇ ਜਾ ਰਹੇ ਵਿਰੋਧ ਦਾ ਮੁੱਖ ਕਾਰਨ ਭਾਰਤੀ ਸੁਪਰੀਮ ਜੋਰਟ ਵਲੋਂ ਸਿੱਖ ਸਿਧਾਂਤਾਂ ਦੇ ਖਿਲਾਫ ਜਾਂਦਿਆਂ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕਰਦੀ ਵਿਵਾਦਿਤ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਚਲਾਉਣ ਦੀ ਪ੍ਰਵਾਨਗੀ ਦੇਣਾ ਸੀ।
ਪਰ ਭਾਰਤੀ ਮੀਡੀਆ ਨੇ ਇਹ ਖ਼ਬਰਾਂ ਨਸ਼ਰ ਕੀਤੀਆਂ ਕਿ ਪਾਕਿਸਤਾਨ ਪ੍ਰਸ਼ਾਸਨ ਵਲੋਂ ਭਾਰਤੀ ਰਾਜਦੂਤ ਨੂੰ ਗੁਰਦੁਆਰਾ ਸਾਹਿਬ ਜਾ ਕੇ ਸਿੱਖ ਸੰਗਤਾਂ ਨਾਲ ਮਿਲਣ ਤੋਂ ਰੋਕਿਆ ਗਿਆ।
ਸਬੰਧਿਤ ਖ਼ਬਰ: ਸਿੱਖਾਂ ਵਿਚ ਵੱਧ ਰਿਹਾ ਭਾਰਤ ਖਿਲਾਫ ਰੋਸ; ਭਾਰਤੀ ਰਾਜਦੂਤ ਨੂੰ ਗੁਰਦੁਆਰਾ ਪੰਜਾ ਸਾਹਿਬ ਦਾਖਲ ਹੋਣ ਤੋਂ ਰੋਕਿਆ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਇਹਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਬਿਆਨ ਜਾਰੀ ਕੀਤਾ ਕਿ, “ਸਿੱਖ ਸੰਗਤਾਂ ਭਾਰਤ ਵਿਚ ਹੋ ਰਹੀਆਂ ਬੇਇਨਸਾਫੀਆਂ ਅਤੇ ਵਿਵਾਦਿਤ ਫਿਲਮ ਜਾਰੀ ਕਰਨ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਸਨ। ਭਾਰਤੀ ਰਾਜਦੂਤ ਨੂੰ ਸਿੱਖ ਸੰਗਤਾਂ ਦੀਆਂ ਇਹਨਾਂ ਭਾਵਨਾਵਾਂ ਬਾਰੇ ਜਾਣੂ ਕਰਵਾਇਆ ਗਿਆ ਸੀ ਅਤੇ ਉਹਨਾਂ ਆਪਣੇ ਦੌਰਾ ਰੱਦ ਕਰ ਦਿੱਤਾ।”
ਇਸ ਘਟਨਾ ਸਬੰਧੀ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ, “ਪਾਕਿਸਤਾਨ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਭਾਰਤੀ ਕੂਟਨੀਤਕ ਅਫਸਰਾਂ ਨੂੰ ਰੋਕਣਾ ਕੂਟਨੀਤਕ ਸਬੰਧਾਂ ਬਾਰੇ 1961 ਦੀ ਵਿਆਨਾ ਕਨਵੈਂਸ਼ਨ ਅਤੇ 1974 ਦੇ ਧਾਰਮਿਕ ਅਸਥਾਨਾਂ ‘ਤੇ ਦੌਰੇ ਬਾਰੇ ਦੋਹਰੇ ਪ੍ਰੋਟੋਕਾਲ ਦੀ ਉਲੰਘਣਾ ਹੈ।”