ਅੰਮ੍ਰਿਤਸਰ: ਸੁਖਬੀਰ ਬਾਦਲ ਨੇ ਕਿਹਾ ਕਿ ਮਾਲਵੇ ਦੇ ਕੁਝ ਹਲਕਿਆਂ ਨੂੰ ਛੱਡ ਕੇ ਬਾਕੀ ਥਾਈਂ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੈ। ਇਥੇ ਆਮ ਆਦਮੀ ਪਾਰਟੀ ਦੀ ਕੋਈ ਹੋਂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਮੁੜ ਸੱਤਾ ’ਚ ਆਈ ਤਾਂ ਤਕਰੀਬਨ ਦੋ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਗਰੀ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ। ਉਹ ਅੱਜ ਸ਼ਾਮ ਇਥੇ ਹਲਕਾ ਦੱਖਣੀ ’ਚ ਅਕਾਲੀ ਉਮੀਦਵਾਰ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਗੱਠਜੋੜ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਪ ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ‘ਆਪ’ ਦਾ ਸਿਰਫ਼ ਮਾਲਵੇ ਦੇ ਕੁਝ ਹਲਕਿਆਂ ਵਿੱਚ ਹੀ ਪ੍ਰਭਾਵ ਹੈ ਜਦੋਂ ਕਿ ਮਾਝੇ ਤੇ ਦੋਆਬਾ ’ਚ ‘ਆਪ’ ਦੀ ਕੋਈ ਹੋਂਦ ਨਹੀਂ ਹੈ। ‘ਆਪ’ ਨੂੰ ਰਗੜੇ ਲਾਉਂਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੇ ਇਹ ਟੋਪੀ ਵਾਲਿਆਂ ਨੇ ਪੰਜਾਬ ਦੇ ਹਿੱਤ ਲਈ ਕੁਝ ਨਹੀਂ ਕਰਨਾ। ਉਨ੍ਹਾਂ ‘ਆਪ’ ਆਗੂਆਂ ਨੂੰ ਡਰਾਮੇਬਾਜ਼ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਕੰਮਾ ਮੁੱਖ ਮੰਤਰੀ ਦੱਸਿਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਮੁੱਖ ਮੰਤਰੀ ਹੁੰਦਿਆਂ ਸੂਬੇ ਦਾ ਕੋਈ ਵਿਕਾਸ ਨਹੀਂ ਕੀਤਾ। ਵਿਧਾਇਕ ਹੁੰਦਿਆਂ ਪਟਿਆਲਾ ’ਚ ਅਤੇ ਸੰਸਦ ਮੈਂਬਰ ਹੁੰਦਿਆਂ ਅੰਮ੍ਰਿਤਸਰ ’ਚ ਕੁਝ ਨਹੀਂ ਕੀਤਾ। ਕਾਂਗਰਸ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਦੇ ਕਿਸੇ ਹਲਕੇ ਤੋਂ ਚੋਣ ਲੜਨ ਦੇ ਚਾਹਵਾਨ ਸਨ। ਇਸ ਮੌਕੇ ਭਾਜਪਾ ਵਲੋਂ ਲੋਕ ਸਭਾ ਉਮੀਦਵਾਰ ਛੀਨਾ ਅਤੇ ਬਾਦਲ ਦਲ ਵਲੋਂ ਉਮੀਦਵਾਰ ਟਿੱਕਾ ਨੇ ਵੀ ਸੰਬੋਧਨ ਕੀਤਾ।
ਸੁਖਬੀਰ ਬਾਦਲ ਸ਼ੁੱਕਰਵਾਰ ਨੂੰ ਰੈਲੀ ਤੋਂ ਪਹਿਲਾਂ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਅਤੇ ਨਗਰ ਨਿਗਮ ’ਚ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ ਦੇ ਘਰ ਗਏ। ਦੋਵਾਂ ਆਗੂਆਂ ਨੂੰ ਮਨਾਉਣ ਦਾ ਯਤਨ ਕਰਦਿਆਂ ਚੋਣ ਮੁਹਿੰਮ ’ਚ ਸ਼ਾਮਲ ਹੋਣ ਲਈ ਆਖਿਆ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੋਲਡੀ ਅਤੇ ਅਵਤਾਰ ਸਿੰਘ ਵਿਚਾਲੇ ਝਗੜਾ ਹੋ ਗਿਆ ਸੀ। ਇਸ ਮਾਮਲੇ ’ਚ ਗੋਲਡੀ ਖ਼ਿਲਾਫ਼ ਪੁਲਿਸ ਕੇਸ ਦਰਜ ਹੋਇਆ ਸੀ ਅਤੇ ਉਸ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ। ਗੋਲਡੀ ਨੇ ਉਪ ਮੁੱਖ ਮੰਤਰੀ ਕੋਲ ਇਸ ਘਟਨਾ ’ਚ ਦੱਖਣੀ ਹਲਕੇ ਤੋਂ ਉਮੀਦਵਾਰ ਗੁਰਪ੍ਰਤਾਪ ਟਿੱਕਾ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਇਸ ਮਾਮਲੇ ਨੂੰ ਟਿੱਕਾ ਨੇ ਵਧਾ ਚੜ੍ਹਾ ਕੇ ਪੇਸ਼ ਕੀਤਾ ਸੀ, ਜਿਸ ਦਾ ਉਸ ਨੂੰ ਰੰਜ ਹੈ। ਗੋਲਡੀ ਨੇ ਉਪ ਮੁੱਖ ਮੰਤਰੀ ਨੂੰ ਸਪੱਸ਼ਟ ਕਿਹਾ ਕਿ ਉਹ ਟਿੱਕਾ ਦੀ ਚੋਣ ਮੁਹਿੰਮ ’ਚ ਸ਼ਾਮਲ ਨਹੀਂ ਹੋਵੇਗਾ। ਉਂਜ ਉਹ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੈ।