ਮਿਲਾਨ (20 ਅਪ੍ਰੈਲ, 2015): ਸਿੱਖ ਧਰਮ ਦੇ ਇਤਿਹਾਸਿਕ ਦਿਹਾੜਿਆਂ ਨੂੰ ਇਕਸੁਰਤਾ ਪ੍ਰਦਾਨ ਕਰਨ ਵਾਲੇ ਭਾਈ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ-2003 ਦੀ ਮਹੱਤਤਾ ਨੂੰ ਬਰਕਰਾਰ ਰੱਖਦਿਆ ਇਟਲੀ ਦੀਆਂ ਸੰਗਤਾਂ ਵੱਲੋਂ ਪ੍ਰਵਾਨ ਕਰਦਿਆਂ ਉਸ ਕੈਲੰਡਰ ਨੂੰ ਇਟਲੀ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ(ਵਿਰੋਨਾ) ਵਿਖੇ ਬੀਤੇ ਜਾਰੀ ਕੀਤਾ ਗਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਸਨਬੋਨੀਫਾਚੋ ਵੱਲੋਂ ਇਸ ਕੈਲੰਡਰ ਨੂੰ ਜਾਰੀ ਕਰਦਿਆਂ ਮੁੱਖ ਬੁਲਾਰੇ ਭਾਈ ਗੁਰਮੇਲ ਸਿੰਘ ਜੋਧੇ ਨੇ ਕਿਹਾ ਕਿ ਸਿੱਖ ਕੌਮ ਨੂੰ ਦੋਫਾੜ ਕਰਕੇ ਸਿੱਖ ਵਿਰੋਧੀ ਤਾਕਤਾਂ ਆਪਣਾ ਲਾਹਾ ਲੈਣਾ ਚਾਹੁੰਦੀਆਂ ਹਨ। ਸਿੱਖ ਕੌਮ ਵੱਖਰੀ ਹੈ, ਇਸ ਦਾ ਵੱਖਰਾ ਕੈਲੰਡਰ ਅਤੇ ਵੱਖਰੀ ਪਹਿਚਾਣ ਹੈ।
ਸਿੱਖ ਧਰਮ ਦੇ ਇਤਿਹਾਸ਼ਕ ਦਿਹਾੜਿਆਂ ਨੂੰ ਮਨਾਉਣ ਲਈ ਇਹ ਕੈਲੰਡਰ ਅਤਿ ਸਰਬੋਤਮ ਤੇ ਸਿਧਾਂਤ ਪੁਰਵਕ ਹੈ। ਜੋ ਕਿ ਸਿੱਖ ਕੌਮ ਦੀ ਦੁਬਿਧਾ ਨੂੰ ਖਤਮ ਕਰਦਾ ਹੈ ਇਸ ਲਈ ਸਮੁੱਚੀ ਕੌਮ ਨੂੰ ਇਸ ਕੈਲੰਡਰ ਨੂੰ ਹੀ ਅਪਨਾਉਣਾ ਚਾਹੀਦਾ ਹੈ।
ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦੇ ਮੁੱਖ ਪ੍ਰਬੰਧਕ ਭਾਈ ਨਰਿੰਦਰ ਸਿੰਘ, ਹਰਪ੍ਰੀਤ ਸਿੰਘ , ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਵਿਰਕ,ਬਲਵਿੰਦਰ ਸਿੰਘ ਬੈਂਸ, ਸ:ਜਗਜੀਤ ਸਿੰਘ ਈਸ਼ਰਹੇਲ, ਕਸ਼ਮੀਰ ਸਿੰਘ ਨਵਾਂ ਸ਼ਹਿਰ,ਬਹਾਦਰ ਸਿੰਘ, ਬੀਬੀ ਪ੍ਰਿਤਪਾਲ ਕੌਰ ਖਾਲਸਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਿਰ ਸਨ।