Site icon Sikh Siyasat News

ਨੌਜਵਾਨਾਂ ਦੀਆਂ 21 ਜਥੇਬੰਦੀਆਂ ਨੇ ਕਿਸਾਨੀ ਸੰਘਰਸ਼ ਬਾਰੇ ਸੰਗਤਾਂ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ

ਨੌਜਵਾਨਾਂ ਦੀਆਂ 21 ਜਥੇਬੰਦੀਆਂ ਨੇ ਕਿਸਾਨੀ ਸੰਘਰਸ਼ ਬਾਰੇ ਸਿੱਖ ਸੰਗਤਾਂ ਦੇ ਨਾਂ ਲਿਖੀ ਖੁੱਲ੍ਹੀ ਚਿੱਠੀ ਪੜ੍ਹੋ:-

ੴਸ੍ਰੀਵਾਹਿਗੁਰੂਜੀਕੀਫਤਹ।।

ਇਨਗ੍ਰੀਬਸਿੰਘਨਕੌਦਯੈਪਤਿਸ਼ਾਹੀ।
ਏਯਾਦਰਖੈਂਹਮਰੀਗੁਰਿਆਈ।

ਪਿਛਲੇ ਕਈ ਦਿਨਾਂ ਤੋਂ ਕਿਸਾਨ ਮੋਰਚੇ ਦੇ ਚੜ੍ਹਦੀ ਕਲਾ ਵਾਲੇ ਕਾਰਨਾਮਿਆਂ ਨੇ ਦੁਨੀਆ ਭਰ ਦੇ ਪੰਥਕ ਨੌਜਵਾਨਾਂ ਨੂੰ ਇੱਕ ਪੈਗਾਮ ਦਿੱਤਾ ਤੇ ਮੁੜ ਯਾਦ ਕਰਵਾਇਆ ਕਿ ਅਸਲ ਤਾਕਤ ਅਤੇ ਰਾਜਸੀ ਵਾਗਡੋਰ ਹਮੇਸ਼ਾਂ ਸੰਗਤ ਦੇ ਹੀ ਹੱਥ ਵਿੱਚ ਰਹਿੰਦੀ ਹੈ। ਗੱਲ ਸਿਰਫ ਇਨ੍ਹੀ ਕੁ ਹੁੰਦੀ ਹੈ ਕਿ ਸੰਗਤ ਨੇ ਉਸ ਤਾਕਤ ਨੂੰ ਪਛਾਣ ਕੇ ਆਪਣਾ ਭਵਿੱਖ ਆਪਣੇ ਹੱਥੀਂ ਕਦੋਂ ਲੈਣਾ ਹੁੰਦਾ। ਪਿਛਲੇ ਦਿਨਾਂ ਦੇ ਜਾਹੋ ਜਲਾਲ ਨੇ ਪਰਤੱਖ ਰੂਪ ਵਿੱਚ ਇਸ ਤਾਕਤ ਦੇ ਸਿੱਟੇ ਵਿਖਾ ਦਿੱਤੇ। ਜਦੋ ਨੌਜਵਾਨ ਆਪਣੇ ਮਨ ਦੇ ਨਿਰਮੂਲ ਸ਼ੰਕਿਆਂ ਅਤੇ ਜਕੜਨਾਂ ਤੋਂ ਮੁਕਤ ਹੋ ਕੇ ਕਾਫਲੇ ਦਾ ਰੂਪ ਧਾਰਦੇ ਹਨ ਤਾਂ ਪੰਥ-ਪੰਜਾਬ ਦੀ ਸ਼ਕਤੀ ਮੂਹਰੇ ਕੋਈ ਨੀਂ ਖੜ੍ਹ ਸਕਦਾ।।

ਅੱਜ ਅਸੀਂ ਵੇਖਿਆ ਕਿਵੇਂ ਪੰਜਾਬ ਦੇ ਨੌਜਵਾਨਾਂ ਨੇ ਰਵਾਇਤੀ ਆਗੂਆਂ ਅਤੇ ਸਟੇਟ ਦੀ ਸੱਤਾ ਨੂੰ ਮੁੱਢ ਤੋਂ ਹੀ ਰੱਦ ਕਰਕੇ ਸੰਗਤ ਰੂਪ ਹੋ ਕੇ ਹੱਲਾ ਬੋਲਿਆ। ਕੁਝ ਰੂੜੀਵਾਦੀ ਨੇਤਾਵਾਂ ਦੇ ਹਉਮੈ ਗ੍ਰਸਤ ਮਨਸੂਬਿਆਂ ਤੇ ਚੱਲਣ ਜਾਂ ਉਦਾਸੀਨਤਾ ਵਿੱਚ ਸਟੇਟ ਕੋਲੋੰਂ ਭੀਖ ਮੰਗਣ ਦੀ ਬਜਾਏ ਨੌਜਵਾਨਾਂ ਨੇ ਸੰਗਤ ਰੂਪ ਵਿੱਚ ਅਕਾਲ ਪੁਰਖ ਦੁਆਰਾ ਖ਼ਾਲਸਾ ਜੀ ਨੂੰ ਬਖ਼ਸ਼ੀ ਸ਼ਕਤੀ ਦੀ ਮੁੜ ਝਲਕ ਵਿਖਾ ਦਿੱਤੀ। ਉਹਨਾਂ ਨੇ ਸਟੇਟ ਦੀ ਮਸ਼ੀਨਰੀ ਦੁਆਰਾ ਪੂਰੀ ਤਾਕਤ ਝੋਕ ਕੇ ਦਿੱਲੀ ਨੂੰ ਜਾਣ ਵਾਲੀ ਸੜਕਾਂ ਉੱਪਰ ਖੜ੍ਹੀਆਂ ਕੀਤੀਆਂ ਰੋਕਾਂ ਜਿਵੇਂ ਕੰਕਰੀਟ ਦੇ ਬੈਰੀਕੇਡ, ਪਾਣੀ ਦੀਆਂ ਤੋਪਾਂ, ਭਾਰੀ ਲਾਠੀਚਾਰਜਾਂ, ਅਤੇ ਵੱਡੀਆਂ-ਵੱਡੀਆਂ ਖਾਈਆਂ ਨੂੰ ਟਿੱਚ ਜਾਣਦੇ ਹੋਏ ਦ੍ਰਿੜ ਨਿਸ਼ਚੇ ਅਤੇ ਸਾਂਝੀ ਤਾਕਤ ਨਾਲ ਪਾਰ ਕੀਤਾ।

ਮੋਰਚੇ ਦੀ ਸਮਰੱਥਾ ਨੂੰ ਕਿਸੇ ਕੇਂਦਰੀ ਦਰਜੇਬੰਦੀ ਵਾਲੇ ਢਾਂਚੇ ਨਾਲ ਬੰਨਣ ਦੀ ਬਜਾਏ ਸੰਗਤ ਦੀ ਸ਼ਕਤੀ ਨਾਲ ਵਧਾਇਆ ਗਿਆ। ਜਿਸ ਦੇ ਨਤੀਜੇ ਵਜੋਂ ਕੋਈ ਵੀ ਆਗੂ ਅੰਦੋਲਨ ਦੀਆਂ ਮੰਗਾਂ ਨਾਲ ਧੋਖਾ ਨਹੀਂ ਕਰ ਸਕੇਗਾ, ਰਾਜ ਦੇ ਪੁਰਜੇ ਸੰਘਰਸ਼ ਨੂੰ ਕਾਬੂ ਨਹੀਂ ਕਰ ਸਕਣਗੇ, ਕੋਈ ਵਿਚਾਰ ਜਾਂ ਇਖਤਿਆਰ ਦਲ ਜਾਂ ਕੋਈ ਸੰਘਰਸ਼ ਨੂੰ ਲਮਕਾਉਣ ਥਕਾਉਣ ਦੀਆਂ ਕੋਈ ਹੋਰ ਨੀਤੀਆਂ ਸੰਗਤਾਂ ਨੂੰ ਝੂਠੀਆਂ ਤਸੱਲੀਆਂ ਦੇ ਨਾਲ ਬਹਿਕਾਅ ਨਹੀਂ ਸਕਦੀਆਂ। ਹਾਲਾਂਕਿ ਸਾਨੂੰ ਇਸ ਸੰਘਰਸ਼ ਵਿੱਚ ਸਾਡੇ ਲਈ ਉਪਲਬਧ ਹਰ ਸਾਧਨ ਅਤੇ ਰਸਤੇ ਨੂੰ ਇਸਤੇਮਾਲ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਪਰ ਮਹੱਤਵਪੂਰਨ ਇਹ ਹੈ ਕਿ ਅਸੀਂ ਕਦੇ ਵੀ ਇਨ੍ਹਾਂ ਵਿੱਚੋਂ ਕਿਸੇ ਉੱਤੇ ਅੰਨੇਵਾਹ ਨਿਰਭਰ ਨਾਂ ਹੋਈਏ। ਅਖੀਰਲਾ ਫੈਸਲਾ ਲੈਣ ਵਾਲੀ ਹਸਤੀ ਸੰਗਤ ਦੀ ਹੈ ਅਤੇ ਸਾਡੀਆਂ ਸੀਮਤਾਵਾਂ ਜਾਂ ਮਾਪਦੰਡ ਸਿਰਫ ਗੁਰੂ ਗ੍ਰੰਥ-ਪੰਥ ਦੇ ਸਿਧਾਂਤ ਹਨ।

ਜਿਵੇਂ ਅਸੀਂ ਸਭ ਜਾਣਦੇ ਹਾਂ ਮੁੱਦਾ ਸਿਰਫ਼ ਕਿਸਾਨੀ ਜਾਂ ਆਰਥਿਕਤਾ ਦਾ ਨਹੀਂ ਹੈ। ਦਿੱਲੀ ਦੀ ਪੰਜਾਬ ਅਤੇ ਹੋਰ ਖੇਤਰਾਂ ਦੀਆਂ ਜ਼ਮੀਨਾਂ ਨੂੰ ਅੰਬਾਨੀਆਂ ਅਡਾਨੀਆਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨੂੰ ਵੇਚਣ ਦੀ ਕੋਸ਼ਿਸ਼ ਇਸਦੇ ਮੁਢਲੇ ਉਭਾਰ ਦਾ ਕਾਰਨ ਜ਼ਰੂਰ ਬਣਿਆ ਪਰ ਇਸਦੇ ਪਿੱਛੇ ਡੂੰਘਾ ਪ੍ਰਸੰਗ ਹੈ। ਇਹਨਾਂ ਵਿੱਚ ਭਾਰਤੀ ਫ਼ਾਸ਼ੀਵਾਦੀ ਸਰਕਾਰ ਦੀਆਂ ਪੱਛਮੀ ਤਾਕਤਾਂ ਦੇ ਮੋਢੇ ਚੜ ਦਿੱਲੀ ਵਿੱਚ ਭਾਰਤੀ ਉਪ ਮਹਾਂਦੀਪ ਦੀ ਸੱਤਾ ਦੇ ਕੇਂਦਰੀਕਰਨ ਅਤੇ ਸੱਭਿਆਚਾਰ ਨੂੰ ਇਕਰੂਪ ਕਰਨ ਦੀ ਜ਼ਿੱਦ ਸ਼ਾਮਿਲ ਹੈ। ਇਹ ਨਵੀਂ ਆਰਥਿਕ ਨੀਤੀ ਲੋਕਾਂ ਨੂੰ ਇੱਕ ਘ੍ਰਿਣਾਵਾਦੀ ਹਿੰਦੂ ਰਾਸ਼ਟਰਵਾਦ ਦੇ ਸਨਕ ਅਤੇ ਵਿਸ਼ਵ ਪੂੰਜੀਵਾਦ ਦੇ ਪੰਜੇ ਵਿੱਚ ਜਕੜ ਕੇ ਸੁੱਟਣ ਦੀ ਵੱਡੀ ਵਿਓਂਤਬੰਦੀ ਦਾ ਹਿੱਸਾ ਹੈ। ਇਸੇ ਲੜੀ ਤਹਿਤ ਪਿਛਲੇ ਸਾਲਾਂ ਵਿੱਚ ਕੀਤੇ ਗਏ ਡੀਮੋਨੇਟਾਈਜ਼ੇਸ਼ਨ, ਜੀਐਸਟੀ ਲਾਗੂ ਕਰਨਾ, ਕਸ਼ਮੀਰ ਵਿੱਚ ਆਰਟੀਕਲ ੩੭੦ ਨੂੰ ਰੱਦ ਕਰਨਾ, ਰਾਮ ਮੰਦਰ ਦਾ ਸ਼ਰਾਰਤੀ “ਪੁਨਰ ਨਿਰਮਾਣ”, ਨਾਗਰਿਕਤਾ ਸੋਧ ਕਾਨੂੰਨ ਵਰਗੇ ਹੋਰ ਅਣਗਿਣਤ ਕਾਲੇ ਕਾਨੂੰਨਾਂ ਨੂੰ ਵੇਖ ਕੇ ਸੋਖਿਆਂ ਸਮਝਿਆ ਜਾ ਸਕਦਾ ਹੈ।

ਜਿਵੇਂ ਸੰਘਰਸ਼ ਵਿੱਚ ਸ਼ਾਮਲ ਨੌਜਵਾਨਾਂ ਨੇ ਪੂਰੀ ਸਪੱਸ਼ਟਤਾ ਨਾਲ ਦੱਸਿਆ ਹੈ ਇਹ ਸਿਰਫ਼ ਆਰਥਿਕ ਨੀਤੀਆਂ ਜਾਂ ਖ਼ੇਤੀ ਬਿੱਲਾਂ ਦਾ ਮਸਲਾ ਨਹੀ ਹੈ। ਇਸਦੇ ਬਾਵਜੂਦ ਭਾਰਤੀ ਲਿਬਰਲ (ਉਦਾਰਵਾਦੀ) ਅਤੇ ਅਗਿਆਨੀ ਟੀਕਾ-ਟਿੱਪਣੀਕਾਰ ਭੰਬਲਭੂਸੇ ਵਿਚ ਪਏ ਇਸਨੂੰ ਪੁਰੀ ਤਰ੍ਹਾਂ ਅਖੌਤੀ “ਸੈਕੂਲਰ” ਅਤੇ ਨਿਰੋਲ ਆਰਥਕ ਲਹਿਰ ਵਜੋਂ ਪਰਿਭਾਸਤ ਕਰਨ ਦੀਆਂ ਬੇਤੁਕੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਹਿੰਦੂਤਵੀ ਹਮਾਇਤੀ ਇਸਨੂੰ ਗਰਮਖਿਆਲੀ ਵੱਖਵਾਦੀਆਂ ਦੁਆਰਾ ਕੀਤੇ ਜਾ ਰਹੇ ਪ੍ਰਦਰਸ਼ਨ ਆਖ ਭੰਡ ਰਹੇ ਹਨ। ਦੋਵਾਂ ਦੇ ਵਿਚਕਾਰ ਸਾਫ ਫਰਕ ਹੋਣ ਦੇ ਬਾਵਜੂਦ ਦੋਵਾਂ ਦੇ ਸੁਆਰਥ ਸਾਂਝੇ ਹਨ। ਇੱਕ ਪਾਸੇ ਲਿਬਰਲ (ਉਦਾਰਵਾਦੀ) ਨਹਿਰੂਵਾਦੀ ਮਾਰਕਾ ਦੀ ਭਾਰਤੀ ਰਾਸ਼ਟਰਵਾਦ ਪ੍ਰਤੀ ਆਪਣੀ ਵਿਚਾਰਧਾਰਕ ਵਚਨਬੱਧਤਾ ਵਿਖਾਉਣ ਲਈ ਪੂਰੇ ਪ੍ਰਸੰਗ ਨੂੰ ਨਜ਼ਰਅੰਦਾਜ਼ ਕਰਕੇ ਹਕੀਕਤ ਨੂੰ ਭਟਕਾਉਣ ਦੀ ਬੇਚੈਨੀ ਨਾਲ ਕੋਸ਼ਿਸ਼ ਕਰ ਰਹੇ ਹਨ। ਦੂਸਰੇ ਪਾਸੇ ਹਿੰਦੂਤਵੀ ਬਾਅਦ ਵਿਚ ਹੋਣ ਵਾਲੀ ਕਿਸੇ ਸੰਭਾਵਿਤ ਜ਼ੁਲਮੀ ਕਾਰਵਾਈ ਨੂੰ ਜਾਇਜ ਠਹਿਰਾਉਣ ਲਈ ਪਹਿਲੋਂ ਹੀ ਤਿਆਰੀ ਕਰ ਰਹੇ ਹਨ। ਇਨ੍ਹਾਂ ਭੰਬਲਭੂਸਿਆਂ ਦੇ ਬਾਵਜੂਦ ਸੱਚ ਇਹ ਹੈ ਕਿ ਇਹ ਦੋਵੇਂ ਕਿਸਮ ਦੀਆਂ ਧਾਰਾਵਾਂ ਲੋਕਾਂ ਤੋਂ ਅਸਲੀਅਤ ਛੁਪਾ ਰਹੇ ਹਨ।

ਅੱਜ ਦੀ ਇਹ ਲਾਮਬੰਦੀ ਦੀ ਭਾਵਨਾ ਪੰਥ-ਪੰਜਾਬ ਦੀ ਰੂਹ ਦਾ ਦਿੱਲੀ ਵਿਰੁੱਧ ਰੋਹ ਹੈ ਜਿਹੜਾ ਦਹਾਕਿਆਂ ਤੋਂ ਬਸਤੀਵਾਦੀ ਪ੍ਰਬੰਧ ਦੀਆਂ ਨਸਲਕੁਸ਼ੀ ਅਤੇ ਵਿੰਭਿਨਤਾ ਨੂੰ ਜ਼ਜ਼ਬ ਕਰਨ ਦੀਆਂ ਦਮਨਕਾਰੀ ਨੀਤੀਆਂ ਕਰਕੇ ਬਣਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਹੁੰਗਾਰੇ ਦਾ ਹੋਰ ਪ੍ਰਭਾਵਤ ਖੇਤਰਾਂ ਨਾਲੋਂ ਸਪੱਸ਼ਟ ਫਰਕ ਹੈ। ਇਸ ਗੁੱਸੇ ਦਾ ਉਭਾਰ ਅਸੀਂ ਪਿਛਲੇ ਦਹਾਕੇ ਵਿੱਚ ਕਈ ਵੇਰਾਂ ਵੇਖਿਆ ਪਰ ਛੇਤੀ ਸ਼ਾਂਤ ਕਰਵਾਇਆ ਜਾਂਦਾ ਰਿਹਾ। ਸਮਝੌਤਾਵਾਦੀ ਆਗੂਆਂ, ਅਧੂਰੇ ਟੀਚਿਆਂ ਅਤੇ ਸਟੇਟ ਦੇ ਤਿੱਖੇ ਜਬਰ ਕਰਕੇ ਇਹਨਾਂ ਉਭਾਰਾਂ ਵਿੱਚੋਂ ਕੋਈ ਸਾਰਥਿਕ ਹੱਲ ਨਹੀਂ ਨਿਕਲ ਸਕੇ। ਅੱਜ ਦਾ ਰੋਹ ਸਾਰੀਆਂ ਝੂਠੀਆਂ ਤਸੱਲੀਆਂ ਵਾਲੇ ਜ਼ਾਲਮ ਰਾਜ ਪ੍ਰਬੰਧ ਦੇ ਬੱਝਵੇਂ ਚੋਣ ਤੰਤਰ ਦੀਆਂ ਪਰਤਾਂ ਨੂੰ ਪਲਟਾ ਕੇ ਹੀ ਨਿਕਲਿਆ ਹੈ। ਇਤਿਹਾਸ ਇਹਨਾਂ ਮਹੱਤਵਪੂਰਣ ਪਲਾਂ ਨੂੰ ਪੰਜਾਬ ਅਤੇ ਸਮੁੱਚੇ ਦੱਖਣੀ ਏਸ਼ੀਆ ਉੱਪਰ ਦਿੱਲੀ ਦੇ ਗਲਬੇ ਦੇ ਖਾਤਮੇ ਦੀ ਸ਼ੁਰੂਆਤ ਦੇ ਤੌਰ ਤੇ ਯਾਦ ਕਰੇਗਾ।

ਮੌਜੂਦਾ ਸੰਘਰਸ਼ ਬੁਨਿਆਦੀ ਤੌਰ ਤੇ ਅਣਖ, ਇਨਸਾਫ, ਅਤੇ ਪੰਜਾਬ ਨੂੰ ਆਪਣੀ ਖੇਤੀਬਾੜੀ ਨੀਤੀ ਆਪ ਨਿਰਧਾਰਤ ਕਰਨ ਅਤੇ ਆਪਣੀ ਆਰਥਿਕ, ਸਮਾਜਿਕ ਅਤੇ ਵਾਤਾਵਰਣ ਦੀਆਂ ਜ਼ਰੂਰਤਾਂ ਨੂੰ ਆਪ ਨਜਿੱਠਣ ਦੇ ਪ੍ਰਬੰਧ ਸਿਰਜਣ ਵੱਲ ਸੇਧਤ ਹੈ। ਗੁਰੂ ਖਾਲਸਾ ਪੰਥ ਅਤੇ ਪੰਜਾਬ ਭਾਵੇਂ ਸੰਕਲਪਕ ਤੌਰ ਤੇ ਵੱਖੋ ਵੱਖਰੇ ਹਨ ਪਰ ਸਦੀਆਂ ਤੋਂ ਸਾਡੀਆਂ ਇਕ-ਦੂਜੇ ਨਾਲ ਰਚੀਆਂ ਹੋਈਆਂ ਜ਼ਮੀਨਾਂ ਅਤੇ ਦੇਹਾਂ ਨੇ ਆਪਣੀਆਂ ਤਕਦੀਰਾਂ ਦਾ ਬੇਹੱਦ ਗੂੜਾ ਰਿਸ਼ਤਾ ਬੰਨ ਦਿੱਤਾ ਹੈ।

ਖਾਲਸੇ ਦਾ ਸਦੀਆਂ ਤੋਂ ਚੱਲ ਰਿਹਾ ਸੰਘਰਸ਼ ਕਦੀ ਵੀ ਫ਼ਿਰਕਾਪ੍ਰਸਤ ਕੱਟੜਤਾ ਜਾਂ ਜ਼ਾਤੀ ਹਿੱਤਾਂ ਉੱਪਰ ਅਧਾਰਤ ਨਹੀਂ ਰਿਹਾ। ਹਰ ਸੰਘਰਸ਼ ਵਿਚ ਖਾਲਸੇ ਨੇ ਅਕਾਲ ਪੁਰਖ ਵੱਲੋਂ ਬਖਸ਼ੀ ਪਾਤਸ਼ਾਹੀ ਦੇ ਅਧਾਰ ‘ਤੇ ਮਜ਼ਲੂਮ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਕਰਦਿਆਂ ਹੋਇਆਂ ਪੰਜਾਬ ਵਿੱਚ ਸਾਂਝੀਵਾਲਤਾ ਦੇ ਅਧਾਰ ਤੇ ਰਾਜ ਸਥਾਪਤ ਕਰਨ ਲਈ ਜੱਦੋ-ਜਹਿਦ ਕੀਤਾ ਹੈ। ਸਾਡੇ ਵਡੇਰਿਆਂ ਨੇ ਬਾਬਾ ਬੰਦਾ ਸਿੰਘ ਦੁਆਰਾ ਰਾਜ ਸਥਾਪਤ ਕਰਨ ਤੋਂ ਲੈ ਕੇ ਧਰਮ ਯੁੱਧ ਮੋਰਚੇ ਅਤੇ ਖਾਲਿਸਤਾਨ ਲਈ ਲੜੇ ਸਿੱਖ ਜੁਝਾਰੂਆਂ ਤੱਕ ਇਹਨਾਂ ਹੀ ਸੰਕਲਪਾਂ ਨੂੰ ਰੂਪਮਾਨ ਕਰਨ ਦੇ ਲਈ ਆਪਣੇ ਖੂਨ ਨਾਲ ਇਸ ਧਰਤੀ ਨੂੰ ਸਿੰਜਿਆ ਅਤੇ ਹਰ ਜ਼ੁਲਮੀ ਰਾਜ ਦੀ ਜੜ੍ਹ ਪੁੱਟਣ, ਸਰਬੱਤ ਦੇ ਭਲੇ ਲਈ, ਅਤੇ ਖਾਲਸਾ ਜੀ ਦੀ ਅਕਾਲੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਨਿਰੰਤਰ ਸੰਘਰਸ਼ ਕਰਦੇ ਰਹੇ। ਅੱਜ ਦਾ ਸੰਘਰਸ਼ ਉਸ ਪੰਧ ਤੋਂ ਵੱਖਰਾ ਨਹੀਂ ਹੈ।

ਗੁਰੂ ਖਾਲਸੇ ਪੰਥ ਦਾ ਨੌਜਵਾਨ ਹਰ ਉਸ ਯੁੱਗ ਵਿਚ ਇਤਿਹਾਸ ਦੀ ਅਗਵਾਈ ਕਰਨ ਵਾਲਾ ਸ਼ਕਤੀ ਰਿਹਾ ਹੈ ਜਿਸ ‘ਤੇ ਸਾਨੂੰ ਮਾਣ ਹੈ ਅਤੇ ਅੱਜ ਵੀ ਇਹ ਜ਼ਿੰਮੇਵਾਰੀ ਸਾਡੇ ਮੋਢਿਆਂ ਉੱਪਰ ਹੈ। ਉਹਨਾਂ ਸਵਾਰਥੀ ਲੋਕਾਂ ਨੂੰ ਸਾਨੂੰ ਕਿਸੇ ਵੀ ਕੀਮਤ ਤੇ ਰੋਕਣਾ ਪਵੇਗਾ ਜੋ ਆਪਣੇ ਚੋਣਾਂ ਦੀ ਨੀਤੀ ਲਈ ਮੋਰਚੇ ਨੂੰ ਵਰਤਣ ਜਾਂ ਮੋਰਚੇ ਨੂੰ ਵੇਚਣ ਦੀ ਕੋਸ਼ਿਸ਼ ਕਰਨਗੇ। ਸਭ ਤੋਂ ਜ਼ਰੂਰੀ ਗੱਲ ਇਹ ਕਿ ਸਾਨੂੰ ਸਿਰਫ਼ ਸਟੇਟ ਤੋਂ ਕੁਝ ਰਿਆਇਤਾਂ ਲਈ ਮੰਗਾਂ ਮੰਨਵਾਉਣ ਜਾਂ ਆਪਣੀ ਮਜ਼ਲੂਮੀਅਤ ਨੂੰ ਹੀ ਅਧਾਰ ਬਨਾਉਣ ਵਾਲੀ ਰਾਜਨੀਤੀ ਨੂੰ ਠੋਕਰਾਂ ਮਾਰਕੇ ਆਪਣੀਆਂ ਸੁਤੰਤਰ ਸੰਸਥਾਵਾਂ ਅਤੇ ਸੰਗਤ ਵਿੱਚ ਵਸਦੀ ਅਸਲ ਰਾਜਸੀ ਸ਼ਕਤੀ ਜ਼ਰੀਏ ਸਾਂਝੀ ਕੌਮੀ ਤਾਕਤ ਸਥਾਪਤ ਕਰਨ ਦੀ ਲੋੜ ਹੈ। ਨਿਆਂ ਅਤੇ ਰਾਜਸੀ ਸ਼ਕਤੀ ਸਾਨੂੰ ਆਪਣੇ ‘ਤੇ ਜੁਲਮ ਢਹੁਣ ਵਾਲੇ ਜ਼ਾਬਰ ਹਾਕਮਾਂ ਕੋਲੋਂ ਨਹੀਂ ਮਿਲਣੀ ਸਗੋਂ ਇਹ ਤਾਂ ਗੁਰੂ ਗ੍ਰੰਥ-ਪੰਥ ਦੀ ਬਖਸ਼ਸ਼ ਅਤੇ ਬਰਕਤ ਨਾਲ ਹੀ ਮਿਲਣੀ ਹੈ। ਅਸੀਂ ਸਿਰਫ਼ ਅਪਣੀ ਬੁੱਧੀ ਦੀਆਂ ਸੀਮਤਾਈਆਂ ਤੇ ਨਿਰਭਰ ਹੀ ਨਹੀਂ ਰਹਿਣਾ ਬਲਕਿ ਨਾਮ-ਬਾਣੀ ਨਾਲ ਜੁੜ ਕੇ ਗੁਰੂ ਦੇ ਹੁਕਮ ਦੇ ਵਾਹਕ ਵੀ ਬਣਨਾ ਹੈ। ਗੁਰੂ ਸਾਹਿਬ ਵੱਲੋੰ ਖਾਲਸਾ ਜੀ ਨੂੰ ਬਖਸ਼ੀ ਪਾਤਸ਼ਾਹੀ ਦੇ ਲਾਇਕ ਹੋਣ ਲਈ ਇਹੋ ਹੀ ਰਾਹ ਹੈ।

ਇਹ ਮੋਰਚਾ ਆਉਣ ਵਾਲੇ ਲੰਮੇ ਸੰਘਰਸ਼ ਦਾ ਸਿਰਫ ਪਹਿਲਾ ਪੜਾਅ ਹੈ ਅਤੇ ਗੁਰੂ ਗ੍ਰੰਥ-ਪੰਥ ਦੇ ਇਸ ਰਾਹ ‘ਤੇ ਤੁਰਨ ਵਾਲੇ ਨੋਜਵਾਨਾਂ ਦੀ ਨਿਧੱੜਕ ਸਾਂਝੀ ਅਗਵਾਈ ਵਿੱਚ ਹੀ ਸਾਡੀ ਫ਼ਤਿਹ ਹੋਵੇਗੀ।

ਗੁਰੂ ਪੰਥ ਦੇ ਦਾਸ,

  1. ਸਿੱਖ ਸਟੂਡੈਂਟ ਅਸੋਸੀਏਸ਼ਨ, ਸੀਐਟਲ
  2. ਸਿੱਖ ਨੌਜਵਾਨ ਸਭਾ, ਮਲੇਸ਼ੀਆ
  3. ਸਿੱਖ ਯੂਥ ਯੂਕੇ, ਯੂਕੇ
  4. ਸਿੱਖ ਲਿਬਰੇਸ਼ਨ ਫਰੰਟ, ਕਨੇਡਾ
  5. ਕੈੰਪ ਸੰਤ ਸਿਪਾਹੀ, ਡੀ.ਸੀ., ਮੇਰੀਲੈਂਡ
  6. ਕੈੰਪ ਪਰਗਾਸ, ਨਿਊ ਯੌਰਕ
  7. ਕੈਲਿਫੋਰਨੀਆ ਸਿੱਖ ਯੂਥ ਅਲਾਇੰਸ, ਕੈਲਿਫੋਰਨੀਆ
  8. ਖਾਲਸਾ ਫਾਉਂਡੇਸ਼ਨ, ਯੂਕੇ
  9. ਖਾਲਿਸਤਾਨ ਐਕਟਿਵਿਸਟ ਫਡਰੇਸ਼ਨ, ਕੈਲਿਫੋਰਨੀਆ
  10. ਖਾਲਿਸਤਾਨ ਕੇਂਦਰ, ਕਨੇਡਾ
  11. ਗੁਰਮਤ ਟਕਸਾਲ, ਜੰਮੂ ਕਸ਼ਮੀਰ
  12. ਚੜਦੀ ਕਲਾ ਸਪੋਰਟਸ ਕਲੱਬ, ਵਰਜਿੰਨੀਆ
  13. ਜਕਾਰਾ ਮੂਵਮੈਂਟ, ਕੈਲਿਫੋਰਨੀਆ
  14. ਟ੍ਰਿਬਿਊਟ੧੯੮੪, ਯੂਕੇ
  15. ਨਿਸ਼ਾਨ, ਯੂਕੇ
  16. ਨੈਸ਼ਨਲ ਸਿੱਖ ਯੂਥ ਫਡਰੇਸ਼ਨ, ਯੂਕੇ
  17. ਨੌਜਵਾਨੀ, ਯੂਕੇ
  18. ਬੱਬਰ ਅਕਾਲੀ ਲਹਿਰ, ਯੂਕੇ
  19. ਬ੍ਰਿਟਿਸ਼ ਓਰਗਨਾਈਜ਼ੇਸ਼ਨ ਆਫ ਸਿੱਖ ਸਟੂਡੈਂਟਸ, ਯੂਕੇ
  20. ਯੂਨਾਈਟਡ ਸਿੱਖ ਯੂਥ ਫਡਰੇਸ਼ਨ, ਆਸਟ੍ਰੇਲੀਆ
  21. ਰਣਜੀਤ ਗੱਤਕਾ ਅਖਾੜਾ, ਸੀਐਟਲ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version