ਓਂਟਾਰੀਓ: ਓਂਟਾਰੀਓ ਗੁਰਦੁਆਰਾ ਕਮੇਟੀ ਅਤੇ ਓਂਟਾਰੀਓ ਸਿੱਖਸ ਅਤੇ ਓਂਟਾਰੀਓ ਕਾਉਂਸਲ ਵਲੋਂ 9 ਜੁਲਾਈ ਨੂੰ ਸਾਂਝੀ ਪੱਤਰਕਾਰ ਮਿਲਣੀ ਦੌਰਾਨ ਅਫਗਾਨਿਸਤਾਨ ਵਿਚ ਸਿੱਖਾਂ ਦੇ ਹਾਲਾਤਾਂ ਪ੍ਰਤੀ ਫਿਕਰਮੰਦ ਹੁੰਦਿਆਂ ਉਨ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ।
ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਦੇ ਨੁਮਾਂਇੰਦੇ ਬਲਜਿੰਦਰ ਸਿੰਘ ਭੁੱਲਰ, ਮਰਹੂਮ ਐਮ.ਐਲ.ਏ ਮਨਮੀਤ ਸਿੰਘ ਭੁੱਲਰ ਦੇ ਪਿਤਾ, ਵਰਲਡ ਸਿੱਖ ਓਰਗਨਾਈਜ਼ੇਸ਼ਨ ਆਫ ਕੈਨੇਡਾ ਤੋਂ ਸ਼ਰਨਜੀਤ ਕੌਰ ਅਤੇ ਖਾਲਸਾ ਏਡ ਕੈਨੇਡਾ ਤੋਂ ਜਤਿੰਦਰ ਸਿੰਘ ਵੀ ਇਸ ਪੱਤਰਕਾਰ ਮਿਲਣੀ ਵਿਚ ਸ਼ਾਮਿਲ ਹੋਏ।
ਅਫਗਾਨਿਸਤਾਨ ਵਿਚ ਬੀਤੇ ਦਿਨੀਂ ਸਿੱਖਾਂ ‘ਤੇ ਹੋਏ ਆਤਮਘਾਤੀ ਹਮਲੇ ਨੇ ਕੈਨੇਡਾ ਦੇ ਸਿੱਖ ਭਾਈਚਾਰੇ ਨੇ ਸੋਗ ਪ੍ਰਗਟ ਕੀਤਾ। ਨੁਮਾਂਇੰਦਿਆਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਜਾਨ ਸੁਰੱਖਿਅਤ ਨਹੀਂ ਹੈ ਤੇ ਕੈਨੇਡਾ ਦੇ ਸਿੱਖ ਆਪਣੀ ਸਰਕਾਰ ਤੋਂ ਮੰਗ ਕਰਦੇ ਹਨ ਕਿ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਨੂੰ ਖਤਰੇ ਹੇਠ ਜੀਅ ਰਹੀਆਂ ਘੱਟਗਿਣਤੀਆਂ ਦੀ ਸੂਚੀ ਵਿਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਉਸ ਖਤਰਨਾਕ ਸਥਿਤੀ ਵਿਚੋਂ ਕੱਢ ਕੇ ਕਿਸੇ ਹੋਰ ਦੇਸ਼ ਵਿਚ ਵਸਾਉਣ ਦੇ ਯਤਨ ਕਰੇ। ਇਸ ਤੋਂ ਇਲਾਵਾ ਨਿਜੀ ਸਪੋਂਸਰਸ਼ਿਪ ਤਹਿਤ ਲੱਗੀਆਂ ਹੋਈਆਂ 65 ਅਫਗਾਨ ਸਿੱਖ ਅਤੇ ਹਿੰਦੂ ਪਰਿਵਾਰਾਂ ਦੀਆਂ ਫਾਈਲਾਂ ਨੂੰ ਛੇਤੀ ਪਾਸ ਕੀਤਾ ਜਾਵੇ।