ਵਿਦੇਸ਼

ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਐਨਡੀਪੀ ਆਗੂ ਐਂਡਰਿਆ ਹੋਰਵਾਥ ਨੇ ਗੁਰਦੁਆਰੇ ਹਾਜ਼ਰੀ ਲੁਆਈ

By ਸਿੱਖ ਸਿਆਸਤ ਬਿਊਰੋ

November 19, 2016

ਬਰੈਂਪਟਨ: ਐਨ.ਡੀ.ਪੀ. ਆਗੂ ਐਂਡਰਿਆ ਹੋਰਵਾਥ ਅਤੇ ਮੀਤ ਪ੍ਰਧਾਨ ਜਗਮੀਤ ਸਿੰਘ ਨੇ ਓਨਟਾਰੀਓ ਦੀਆਂ ਸਿੱਖ ਸੰਗਤ ਨਾਲ ਬਰੈਂਪਟਨ ਇਲਾਕੇ ਦੇ ਚਾਰ ਗੁਰਦੁਆਰਿਆਂ ‘ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਐਂਡਰਿਆ ਹੋਰਵਾਥ ਨੇ ਕਿਹਾ, “ਗੁਰੂ ਨਾਨਕ ਸਾਹਿਬ ਜੀ ਦੀਆਂ ਦੂਜੀਆਂ ਸਿਖਿਆਵਾਂ ਦੇ ਨਾਲ-ਨਾਲ ਗੁਰੂ ਜੀ ਨੇ ਸਿੱਖਾਂ ਵਿੱਚ ਬਰਾਬਰਤਾ ਅਤੇ ਵੰਡ ਕੇ ਛਕਣ ਦਾ ਸਿਧਾਂਤ ਪ੍ਰਚੱਲਤ ਕੀਤਾ। ਉਨ੍ਹਾਂ ਕਿਹਾ ਕਿ ਐਨ.ਡੀ.ਪੀ. ਇਨ੍ਹਾਂ ਸਿਧਾਂਤਾਂ ਉੱਤੇ ਅਧਾਰਿਤ ਹੈ ਇਸੇ ਕਰਕੇ ਹੀ ਐਨ.ਡੀ.ਪੀ. ਵਿੱਚ ਸਿੱਖ ਭਾਈਚਾਰੇ ਦੀ ਮਿੱਤਰਤਾ ਅਤੇ ਹਿੱਸੇਦਾਰੀ ਦੀ ਨੀਂਹ ਬਹੁਤ ਮਜ਼ਬੂਤ ਹੈ।”

ਐਨ.ਡੀ.ਪੀ. ‘ਚ ਦੂਜੇ ਨੰਬਰ ਦੇ ਆਗੂ ਜਗਮੀਤ ਸਿੰਘ ਨੂੰ ਓਨਟਾਰੀਓ ਅਸੈਂਬਲੀ ਵਿੱਚ ਐਮ.ਪੀ.ਪੀ. ਅਤੇ ਕੈਨੇਡਾ ਦੀ ਇੱਕ ਵੱਡੀ ਰਾਜਨੀਤਿਕ ਪਾਰਟੀ ਦੇ ਮੀਤ ਆਗੂ ਦੇ ਤੌਰ ‘ਤੇ ਪਹਿਲਾ ਪਗੜੀਧਾਰੀ ਸਿੱਖ ਹੈ। ਜਗਮੀਤ ਸਿੰਘ ਨੇ ਵੀ ਸੋਮਵਾਰ ਦੀ ਸ਼ਾਮ ਨੂੰ ਐਨ.ਡੀ.ਪੀ. ਆਗੂ ਐਂਡਰਿਆ ਹੋਰਵਾਥ ਦੇ ਨਾਲ ਗੁਰਦੁਆਰਿਆਂ ਵਿੱਚ ਹਾਜ਼ਰੀ ਲੁਆਈ ਅਤੇ ਸਿੱਖ ਸੰਗਤਾਂ ਨਾਲ ਗੱਲਬਾਤ ਕੀਤੀ।

ਜਗਮੀਤ ਸਿੰਘ ਨੇ ਕਿਹਾ ਕਿ ਐਨ.ਡੀ.ਪੀ. ਹੀ ਓਨਟਾਰੀਓ ਅਸੈਂਬਲੀ ਵਿੱਚ ਅਜਿਹੀ ਪਾਰਟੀ ਹੈ ਜਿਹੜੀ ਕਿ 1984 ਦੇ ਭਾਰਤ ਵਿੱਚ ਹੋਏ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦੇਣ ਦੀ ਹਾਮੀ ਭਰਦੀ ਹੈ। ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦੇਣਾ ਪੀੜਤਾਂ ਦੇ ਮਾਨਸਿਕ ਜ਼ਖਮਾਂ ਨੂੰ ਭਰਨ ਵਿੱਚ ਸਹਾਈ ਹੋਵੇਗਾ ਅਤੇ ਭਵਿੱਖ ਵਿੱਚ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਨੂੰ ਰੋਕਣ ਵਿੱਚ ਸਹਾਈ ਹੋਵੇਗਾ। ਜਗਮੀਤ ਸਿੰਘ ਨੇ ਕਿਹਾ, “ਮੈਨੂੰ ਮਾਣ ਹੈ ਕਿ ਸਾਡੀਆਂ ਸਮਾਜਿਕ ਇੰਨਸਾਫ, ਬਰਾਬਰਤਾ ਵਰਗੀਆਂ ਕਦਰਾਂ ਕੀਮਤਾਂ ਇੱਕ ਵਧੀਆ ਸਮਾਜ ਸਿਰਜਣ ਵਿੱਚ ਸਹਾਈ ਹੋਣਗੀਆਂ।”

ਓਨਟਾਰੀਓ ਵਿੱਚ ਐਨ.ਡੀ.ਪੀ. ਨੇ ਕਈ ਸਿੱਖਾਂ ਲਈ ਮਹੱਤਵਪੂਰਣ ਕੰਮ ਕੀਤੇ ਹਨ। ਓਨਟਾਰੀਓ ਐਨ.ਡੀ.ਪੀ. ਉਦੋਂ ਜਗਮੀਤ ਸਿੰਘ ਦੇ ਨਾਲ ਬੜੇ ਮਾਣ ਨਾਲ ਖੜ੍ਹੀ ਸੀ ਜਦੋਂ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਐਲਾਨਿਆ ਗਿਆ ਤਾਂ ਜੋ ਓਨਟਾਰੀਓ ਦੇ ਲੋਕ ਸਿੱਖ ਕੌਮ ਦੇ ਸੇਵਾ, ਬਰਾਬਰਤਾ ਦੇ ਮੁੱਢਲੇ ਸਿਧਾਂਤਾਂ ਅਤੇ ਆਪਣੇ ਗੁਆਂਢੀ ਸਮਾਜ ਦੀ ਸਹਾਇਤਾ ਵਰਗੇ ਗੁਣਾਂ ਨੂੰ ਅਪਣਾ ਸਕਣ। ਓਨਟਾਰੀਓ ਵਿੱਚ ਐਨ.ਡੀ.ਪੀ. ਹੀ ਅਜਿਹੀ ਪਾਰਟੀ ਹੈ ਜਿਸਨੇ ਸਿੱਖ ਕੌਮ ਦੀ ਕਾਨੂੰਨੀ ਤੌਰ ਉਤੇ ਸੁਰੱਖਿਆ ਦਾ ਮਤਾ ਪਾਸ ਕੀਤਾ। ਐਨ.ਡੀ.ਪੀ. ਸਿੱਖ ਕੌਮ ਨਾਲ ਆਪਣੇ ਰਿਸ਼ਤੇ ਹਮੇਸ਼ਾਂ ਮਜ਼ਬੂਤ ਰੱਖੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: