ਅਮ੍ਰਿਤਸਰ ਸਾਹਿਬ ( 1 ਜੂਨ 2014): ਅੰਮ੍ਰਿਤਸਰ ਦੇ ਲੋਕਾਂ ਨੂੰ ਮੁਕੰਮਲ ਬੰਦ ਰੱਖਣ ਦੀ ਅਪੀਲ ਕਰਦਿਆਂ, ਦਲ
ਜੂਨ 1984 ਨੂੰ ਦਰਬਾਰ ਸਾਹਿਬ ‘ਤੇ ਹੋਏ ਫੋਜੀ ਹਮਲੇ ਦੇ ਸ਼ਹੀਦਾਂ ਨੂੰ ਸਤਿਕਾਰ ਅਤੇ ਸ਼ਰਧਾਂਜਲੀ ਦੇਣ ਅਤੇ ਸਿੱਖ ਪੰਥ ਦੀ ਪੀੜ ਤੇ ਦਰਦ ਅਤੇ ਰਿਸਦੇ ਜ਼ਖਮਾਂ ਦਾ ਅਹਿਸਾਸ ਅਤੇ ਪ੍ਰਗਟਾਵਾ ਕਰਨ ਲਈ ਦਲ ਖਾਲਸਾ ਨੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ 30ਵੀ ਵਰੇਗੰਢ ਮੌਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿਤਾ ਹੈ।
ਉਹਨਾਂ ਕਿਹਾ ਕਿ ਦਰਬਾਰ ਸਾਹਿਬ ਹਮਲੇ ਦੌਰਾਨ ਮਾਸੂਮ ਬੱਚਿਆਂ, ਬੁਜ਼ਰਗਾਂ ਅਤੇ ਔਰਤਾਂ ਦੇ ਕਤਲ ਦੇ ਦੋਸ਼ੀਆਂ ਨੂੰ ਹਿੰਦੁਸਤਾਨ ਦੀ ਕਿਸੇ ਵੀ ਸਰਕਾਰ ਨੇ ਕਾਨੂੰਨ ਦੇ ਕਟਹਿਰੇ ਵਿੱਚ ਖੜ ਨਹੀ ਕੀਤਾ ਅਤੇ ਨਾ ਹੀ ਅਜਿਹੀ ਕੋਈ ਆਸ ਹੈ ਕਿਉਕਿ ਭਾਰਤੀ ਸਟੇਟ ਖੁਦ ਦੋਸ਼ੀ ਹੈ। ਉਹਨਾ ਕਿਹਾ ਸਿੱਖਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਆਸ ਲਾ ਰੱਖੀ ਹੈ ਕਿ ਉਹ ਸਿੱਖਾਂ ਨਾਲ ਹੋਏ ਜ਼ੁਲਮਾਂ ਲਈ ਜ਼ਿਮੇਵਾਰਾਂ ਨੂੰ ਦੋਸ਼ੀਆਂ ਦੇ ਕਟਹਿਰੇ ਵਿੱਚ ਖੜਾ ਕਰੇਗਾ ਪਰ ਸਿੱਖਾਂ ਦੀ ਇਹ ਆਸ ਵੀ ਅੱਜੇ ਤੱਕ ਪੂਰੀ ਨਹੀ ਹੋਈ।
ਉਹਨਾਂ ਕਿਹਾ ਕਿ ਸਿੱਖ ਰੈਂਫਰੈਂਸ ਲਾਇਬ੍ਰੇਰੀ ਦਾ ਲੁੱਟਿਆ ਬੇਸ਼ਕੀਮਤੀ ਇਤਿਹਾਸਕ ਖਜਾਨਾ 30 ਸਾਲ ਬੀਤਣ ਦੇ ਬਾਵਜੂਦ ਵੀ ਵਾਪਿਸ ਨਹੀ ਕੀਤਾ ਗਿਆ ਅਤੇ ਨਾ ਹੀ ਕੇਂਦਰ ਅਤੇ ਨਾ ਹੀ ਸੂਬਾ ਸਰਕਾਰ ਨੇ ਦਰਬਾਰ ਸਾਹਿਬ ਹਮਲੇ ਮੌਕੇ ਮਾਰੇ ਗਏ ਲੋਕਾਂ ਦੀ ਸਹੀ ਗਿਣਤੀ ਹੀ ਅੱਜ ਤੱਕ ਦੱਸੀ ਹੈ। ਉਹਨਾ ਕਿਹਾ ਸਿੱਖ ਮਨਾਂ ਅੰਦਰ ਸਟੇਟ ਪ੍ਰਤੀ ਗੁੱਸਾ ਹੈ ਅਤੇ ਇਸੇ ਰੋਹ ਅਤੇ ਰੋਸ ਦਾ ਪ੍ਰਗਟਾਵਾ ਕਰਨ ਲਈ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਰਖਿਆ ਜਾਵੇਗਾ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਕੇਵਲ ਵਿਦਿਅਕ ਅਤੇ ਕਾਰੋਬਾਰ ਨਾਲ ਸਬੰਧਤ ਅਦਾਰੇ ਹੀ ਬੰਦ ਰੱਖੇ ਜਾਣ ਜਦਕਿ ਆਵਾਜਾਈ ਵਿੱਚ ਕੋਈ ਰੁਕਾਵਟ ਨਹੀ ਖੜੀ ਕੀਤੀ ਜਾਏਗੀ। ਉਹਨਾਂ ਹਿੰਦੂ, ਮੁਸਲਮਾਨ ਅਤੇ ਈਸਾਈ ਵੀਰਾਂ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਕਿ ਉਹ ਆਪਣੇ ਅਦਾਰੇ ਬੰਦ ਰੱਖਕੇ ਉਸ ਪੀੜ ਅਤੇ ਦਰਦ ਦਾ ਅਹਿਸਾਸ ਕਰਨ ਜਿਸ ਵਿਚੋਂ ਸਿੱਖ ਪੰਥ ਪਿਛਲ਼ੇ 30 ਵਰਿਆਂ ਤੋਂ ਲੰਘ ਰਿਹਾ ਹੈ।
ਉਹਨਾਂ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ 6 ਜੂਨ ਵਾਲੇ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ, ਮਾਰੇ ਗਏ ਨਿਰਦੋਸ਼ਾਂ ਦੀ ਯਾਦ ਵਿੱਚ ਆਪਣੇ ਨੇੜਲੇ ਗੁਰੂ ਘਰ ਵਿੱਚ ਜਾਕੇ ਅਰਦਾਸ ਕਰਨ ਅਤੇ ਹਰ ਪਿੰਡ, ਕਸਬਾ ਅਤੇ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਧਾਰਮਿਕ ਦੀਵਾਨ ਸਜਾਉਣ ਅਤੇ ਸ਼ਹੀਦੀ ਸਮਾਗਮ ਆਯੋਜਿਤ ਕਰਨ।
ਉਹਨਾਂ ਕਿਹਾ ਕਿ ੫ ਜੂਨ ਦੀ ਸ਼ਾਮ ਨੂੰ ਦਲ ਖਾਲਸਾ ਵਲੋਂ ਇੱਕ ਸ਼ਹੀਦੀ ਸਮਾਗਮ ਗੁ: ਸੰਤੋਖਸਰ ਸਾਹਿਬ ਦੇ ਨੇੜੇ ਕੀਤਾ ਜਾਵੇਗਾ ਉਪਰੰਤ ਘੱਲੂਘਾਰਾ ਯਾਦਗਾਰੀ ਮਾਰਚ ਸਮਾਗਮ ਵਾਲੀ ਥਾ ਤੋਂ ਚੱਲਕੇ ਹਾਲ ਗੇਟ, ਹਾਲ ਬਜ਼ਾਰ ਚੋਂ ਲੰਘਦਾ ਹੋਇਆ ਅਕਾਲ ਤਖਤ ਸਾਹਿਬ ਤੱਕ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ਼ਹੀਦਾਂ ਨੂੰ ਯਾਦ ਰੱਖਣਾ, ਉਹਨਾਂ ਦੇ ਪਾਏ ਪੂਰਨਿਆਂ ਉਤੇ ਚਲਣਾ, ਉਹਨਾਂ ਦੇ ਮਿਥੇ ਨਿਸ਼ਾਨਿਆਂ ਨੂੰ ਸਰ ਕਰਨ ਲਈ ਯਤਨਸ਼ੀਲ ਹੋਣਾ ਅਤੇ ਸ਼ਹੀਦਾਂ ਦੀ ਯਾਦ ਮਨਾਉਣੀ ਸਿੱਖ ਪ੍ਰੰਪਰਾ ਦਾ ਹਿੱਸਾ ਹੈ।
ਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਇਸ ਗੱਲ ਉਤੇ ਜੋਰ ਦਿਤਾ ਹੈ ਕਿ ਦਰਬਾਰ ਸਾਹਿਬ ਉਤੇ ਹਮਲਾ ਕਾਂਗਰਸ ਨੇ ਕਰਵਾਇਆ ਸੀ। ਜਦਕਿ ਹਕੀਕਤ ਹੈ ਕਿ ਇਹ ਹਮਲਾ ਭਾਰਤੀ ਕਾਨੂੰਨ ਅਤੇ ਸੰਵਿਧਾਨ ਅਨੁਸਾਰ ਚੁਣੀ ਗਈ ਹਕੂਮਤ ਦੇ ਹੁਕਮਾਂ ਨਾਲ ਹੋਇਆ ਸੀ ਅਤੇ ਸਟੇਟ ਇਸ ਲਈ ਜ਼ਿਮੇਵਾਰ ਹੈ।
ਉਹਨਾਂ ਕਿਹਾ ਕਿ ਦਰਬਾਰ ਸਾਹਿਬ ਹਮਲੇ ਸਬੰਧੀ ਕਾਂਗਰਸ ਅਤੇ ਭਾਜਪਾ ਦੋਨਾਂ ਦੀ ਸੋਚ ਇੱਕੋ ਹੀ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਸੱਤਾ ਬਦਲ ਚੁੱਕੀ ਹੈ, ਕਾਂਗਰਸ ਹਾਰ ਗਈ ਹੈ, ਅਤੇ ਅਕਾਲੀ ਦਲ ਦੇ ਭਾਈਵਾਲਾਂ ਦੇ ਹੱਥ ਸੱਤਾ ਹੈ ਇਸ ਕਰਕੇ ਬਾਦਲ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਮੋਦੀ ਸਰਕਾਰ ਨੂੰ ਪਰਖਣ ਲਈ ਭਾਰਤ ਸਰਕਾਰ ਪਾਸੋਂ ਸਿੱਖ ਰੈਂਫਰੈਂਸ ਲਾਇਬਰੇਰੀ ਦਾ ਲੁਟਿਆ ਵੱਡਮੁੱਲਾ ਖਜ਼ਾਨਾ ਵਾਪਿਸ ਲੈਣ।
ਪ੍ਰੈਸ ਕਾਨਫਰੰਸ ਤੋਂ ਪਹਿਲਾਂ ਪਾਰਟੀ ਦੀ ਮੀਟਿੰਗ ਆਜ਼ਾਦ ਭਵਨ ਵਿਖੇ ਹੋਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਘੁਮਾਣ, ਬਲਦੇਵ ਸਿੰਘ ਗ੍ਰੰਥਗੜ, ਡਾ ਅਰਪਾਲ ਸਿੰਘ, ਸੁਖਵਿੰਦਰ ਸਿੰਘ, ਰਣਬੀਰ ਸਿੰਘ, ਗੁਰਵਿੰਦਰ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਅਤੇ ਮੀਤ-ਪ੍ਰਧਾਨ ਨੋਬਲਜੀਤ ਸਿੰਘ, ਗੁਰਮੀਤ ਸਿੰਘ ਅਤੇ ਮਨਜੀਤ ਸਿੰਘ ਨੇ ਹਿੱਸਾ ਲਿਆ।