ਆਪਣੇ ਹੀ ਪ੍ਰਬੰਧ ਹੇਠ ਗਾਇਬ ਹੋਏ ਜਾਂ ਕਰ ਦਿੱਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗੰਭੀਰ ਮਾਮਲੇ ਦੀ ਜਾਂਚ ਤੋਂ ਲੈਕੇ ਦੋਸ਼ੀ ਕਰਾਰ ਦਿੱਤੇ ਗਏ ਸਿਰਫ ਕਮੇਟੀ ਮੁਲਾਜਮਾਂ ਨੂੰ ਸਜਾ ਦੇਣ ਦੇ ਸਫਰ ਦਾ ਇੱਕ ਪੜਾਅ ਤੈਅ ਕਰਦਿਆਂ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਉਨ੍ਹਾਂ ਨਾਲ ਚਲ ਰਹੀ ਕਾਰਜਕਾਰਣੀ ਨੇ ਦਾਅਵਾ ਕੀਤਾ ਹੈ ਕਿ ਸ਼੍ਰੋ.ਗੁ.ਪ੍ਰ.ਕ. ਸਮਰੱਥ ਹੈ, ਉਹ ਸਿੱਖ ਗੁਰਦੁਆਰਾ ਐਕਟ 1925 ਦੇ ਘੇਰੇ ਅੰਦਰ ਰਹਿੰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਵੇਗੀ। ਲੇਕਿਨ ਜਦੋਂ ਕਮੇਟੀ ਪ੍ਰਧਾਨ ਨੂੰ ਇਹ ਪੁਛਿਆ ਗਿਆ ਕਿ “ਜਿਹੜੀ ਕਮੇਟੀ ਦੇ ਆਪਣੇ ਅਧਿਕਾਰੀ ਹੀ ਮਾਮਲੇ ਦੀ ਜਾਂਚ ਨਹੀ ਕਰ ਸਕੇ, ਕਾਰਜਕਾਰਣੀ ਦੇ ਜਨਰਲ ਸਕੱਤਰ ਦੀ ਅਗਵਾਈ ਵਾਲੀ ਟੀਮ ਜਾਂਚ ਨਹੀ ਕਰ ਸਕੀ, ਜਾਂਚ ਤਾਂ ਅਕਾਲ ਤਖਤ ਸਾਹਿਬ ਰਾਹੀਂ ਕਿਸੇ ਤੀਸਰੇ ਸ਼ਖਸ਼ ਪਾਸੋਂ ਕਰਵਾਈ ਗਈ ਹੈ ਉਹ ਕਿਹੜੇ ਦੋਸ਼ੀ ਦੀ ਕੀ ਸਜਾ ਤੈਅ ਕਰੇਗੀ” ਤਾਂ ਕਮੇਟੀ ਪ੍ਰਧਾਨ ਦਾ ਇਸ਼ਾਰਾ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਦੀ ਕਾਬਲੀਅਤ ਅਤੇ ਕਮੇਟੀ ਨੇੜਲੇ ਵਿਦਵਾਨਾਂ ਵੱਲ ਸੀ। ਕੋਈ ਤਿੰਨ ਮਹੀਨੇ ਬਾਅਦ ਅੰਮਿ੍ਰਤਸਰ ਦੀ ਪ੍ਰੈਸ ਦੇ ਸਨਮੁਖ ਹੋਏ ਕਮੇਟੀ ਪ੍ਰਧਾਨ ਅੱਜ ਵੀ ਕਾਹਲੀ ਵਿੱਚ ਸਨ ਕਿਉਂਕਿ ਉਨ੍ਹਾਂ ਪਾਸ ਕਹਿਣ ਲਈ ਇਹੀ ਕੁਝ ਸੀ ਕਿ ਸਰੂਪ ਗਾਇਬ ਨਹੀ ਹੋਏ, ਕੁਝ ਮੁਲਾਜਮਾਂ ਨੇ ਵੇਚ ਕੇ ਪੈਸੇ ਜੇਬਾਂ ਚ ਪਾ ਲਏ। ਵੈਸੇ ਪਰਧਾਨ ਜੀ ਸਮੁਚੇ ਵਰਤਾਰੇ ਲਈ ਕੌਮ ਪਾਸੋਂ ਨਿੱਜੀ ਤੌਰ ਤੇ ਖਿਮਾ ਯਾਚਨਾ ਕਰਦੇ ਨਜਰ ਆਏ। ਉਸੇ ਵੇਲੇ ਹੀ ਮੀਡੀਆ ਚ ਘੁਸਰ ਮੁਸਰ ਛਿੜ ਪਈ ਸੀ ਕਿ ਹੁਣ ਭਾਵੇਂ ਕਮੇਟੀ ਮੁਲਾਜਮ ਤੇ ਅਧਿਕਾਰੀ ਸ਼ਰੇਆਮ ਗੁਰੁ ਦੀ ਗੋਲਕ ਦੀ ਚੋਰੀ ਕਰਨ ਡਾਕਾ ਮਾਰਨ ਉਨ੍ਹਾਂ ਨੂੰ ਤੱਤੀ ਵਾਅ ਨਹੀਂ ਲਗ ਸਕੇਗੀ। ਕਾਰਣ ਵੀ ਸਾਫ ਸੀ ਕਿ ਅਕਸਰ ਕਮੇਟੀ ਨਿਜ਼ਾਮ ਅੰਦਰ ਵਾਪਰ ਰਹੀਆਂ ਬੇਨਿਯਮੀਆਂ ਤੇ ਘਪਲਿਆਂ ਬਾਰੇ ਪੁਛੇ ਵਾਲੇ ਸਵਾਲਾਂ ਦੇ ਅਜੇਹੇ ਜਵਾਬ ਸਾਬਕਾ ਪ੍ਰਧਾਨ ਮਰਹੂਮ ਅਵਤਾਰ ਸਿੰਘ ਮੱਕੜ ਦਿਆ ਕਰਦੇ ਸਨ “ਸਾਡੇ ਪਾਸੇ ਯੋਗ ਅਧਿਕਾਰੀ ਵੀ ਹਨ ਤੇ ਸੁਲਝੇ ਹੋਏ ਵਕੀਲ ਵੀ”। ਕਿਉਂਕਿ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਦੀ ਤਾਰ (ਹੁਣ ਹੋਈ ਜਾਂਚ ਅਨੁਸਾਰ) 2015 ਨਾਲ ਜੁੜੀ ਦੱਸੀ ਗਈ ਹੈ, ਔਰ ਸਾਲ 2012-13, 2013-14 ਦੇ ਕਮੇਟੀ ਖਾਤਿਆਂ ਦੇ ਨੁਕਸਦਾਰ ਹੋਣ ਦਾਅਵਾ ਸਰਕਾਰੀ ਆਡੀਟਰ 2018 ਵਿੱਚ ਕਰ ਗਏ ਸਨ, ਸਾਲ 2016 ਤੋਂ ਸਾਲ 2020 ਤੀਕ ਪਬਲੀਕੇਸ਼ਨ ਵਿਭਾਗ ਦਾ ਆਡਿਟ ਨਾ ਕੀਤੇ ਜਾਣ ਦੇ ਦੋਸ਼ ਮੌਜੂਦਾ ਜਾਂਚ ਕਮਿਸ਼ਨ ਨੇ ਲਗਾਏ ਹਨ ਤਾਂ ਇਹ ਸਵਾਲ ਹਰ ਆਮ ਸਿੱਖ ਵਲੋਂ ਪੁਛਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਨਿਜ਼ਾਮ ਕਿਸ ਪਹਿਲੂ ਤੋਂ ਸਮਰੱਥ ਹੋਇਆ ਹੈ।
ਇਹ ਸਵਾਲ ਇਸ ਕਰਕੇ ਹੈ ਕਿ ਜਾਂਚ ਕਮੇਟੀ ਦੀ ਰਿਪੋਰਟ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਕਹੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਨਾਲ ਜੁੜੇ ਕਮੇਟੀ ਦੇ ਪਬਲੀਕੇਸ਼ਨ ਵਿੱਚ ਉਹ ਮੁਲਾਜਮ ਲਾਏ ਜਾਂਦੇ ਸਨ ਜੋ ਨਿਕੰਮੇ ਹੋਣ, ਚਾਰ ਸਾਲ ਕਿਸੇ ਨੇ ਆਡਿਟ ਕਰਨਾ ਜਰੂਰੀ ਨਹੀ ਸਮਝਿਆ, ਇੰਸਪੈਕਸ਼ਨ ਸ਼ਾਖਾ ਜਾਂ ਫਲਾਇੰਗ ਸਕੂਐਡ ਨੇ ਕਦੇ ਫਿਜੀਕਲ ਸਟਾਕ ਦੀ ਜਾਂਚ ਕਰਨੀ ਜਰੂਰੀ ਨਹੀ ਸਮਝੀ, ਅਧਿਕਾਰੀਆਂ ਉਪਰ ਸ਼ਰੇਆਮ ਅਣਗਹਿਲੀ ਦੇ ਦੋਸ਼ ਹੋਣ, ਸ਼੍ਰੋਮਣੀ ਕਮੇਟੀ ਦੀ 27 ਅਗਸਤ ਦੀ ਕਾਰਜਕਾਰਣੀ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਗਲ ਕਰੇ ਤੇ ਮਹਿਜ ਇੱਕ ਹਫਤੇ ਬਾਅਦ ਆਪਣੇ ਪਹਿਲੇ ਫੈਸਲੇ ਤੋਂ ਭੱਜ ਜਾਏ। ਕਮੇਟੀ ਪਾਸ ਵੀ ਦਰਜਨਾਂ ਹੀ ਜਾਂਚਾਂ ਫੈਸਲੇ ਉਡੀਕ ਰਹੀਆਂ ਹਨ। ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀਆਂ ਤੇ ਹੈੱਡ ਗ੍ਰੰਥੀ ਦਰਮਿਆਨ ਸ਼ੁਰੂ ਹੋਈ ਠੰਡੀ ਜੰਗ ਪੂਰੀ ਤਰਹਾਂ ਉਬਾਲੇ ਖਾ ਰਹੀ ਹੈ। ਹੈੱਡ ਗ੍ਰੰਥੀ ਸਾਹਿਬ ਦੇ ਲਾਈਵ ਪ੍ਰੋਗਰਾਮ ਦੇ ਚਲਦਿਆਂ ਰਾਗੀ ਸਿੰਘਾਂ ਨੂੰ ਆਦੇਸ਼ ਤੇ ਖੁੱਦ ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਕੀਤੀਆਂ ਜਾ ਰਹੀਆਂ ਗਲਤੀਆਂ ਸਮੁਚਾ ਜਗਤ ਵੇਖ ਰਿਹਾ ਹੈ। ਸ਼ਬਦ ਗੁਰੂ, ਗੁਰ ਸਿਧਾਂਤ, ਗੁਰ ਇਤਿਹਾਸ ਦੀ ਕਥਾ ਵਖਿਆਨ ਲਈ ਜਾਣਿਆ ਜਾਂਦਾ ਮੰਜੀ ਸਾਹਿਬ ਦੀਵਾਨ ਅਸਥਾਨ ਦਾ ਮੰਚ ਨਿੱਜੀ ਕਿੜ੍ਹਾਂ ਕੱਢਣ ਲਈ ਵਰਤਿਆ ਜਾ ਰਿਹਾ ਹੈ। ਨਾ ਇਹ ਸਭ ਕੁਝ ਜਥੇਦਾਰ ਜੀ ਨੂੰ ਦਿੱਸ ਰਿਹਾ ਹੈ, ਨਾ ਕਮੇਟੀ ਪਰਧਾਨ, ਨਾ ਉਨ੍ਹਾਂ ਦੀ ਕਾਰਜਕਾਰਣੀ ਤੇ ‘ਸਮਰੱਥ’ ਅਧਿਕਾਰੀਆਂ ਨੂੰ। ਸਿਆਸਤ ਤੇ ਡੇਰਿਆਂ ਦੀ ਦਖਲਅੰਦਾਜੀ ਦੇ ਬੋਝ ਹੇਠ ਦੱਬ ਚੱੁਕੀ ਸ਼੍ਰੋਮਣੀ ਕਮੇਟੀ ਦਿਨੋ ਦਿਨ ਸਾਫ ਲਾਚਾਰ ਨਜਰ ਆ ਰਹੀ ਹੈ। ਫਿਰ ਇੱਕ ਹਫਤੇ ਦੇ ਅੰਦਰ ਹੀ ਸਮਰੱਥ ਕਿਵੇਂ ਹੋ ਗਈ?
ਕਮੇਟੀ ਪਰਧਾਨ ਸ਼ਾਇਦ ਭੁੱਲ ਗਏ ਹਨ ਕਿ ਜਾਚ ਰਿਪੋਰਟ ਦੇ ਪੇਜ ਨੰਬਰ 7 ਤੇ ਦਰਜ ਹੈ ਕਿ ‘ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਭੇਟ ਕੀਤੀ ਮਾਇਆ ਤੋਂ ਚਾਰਟਰਡ ਅਕਉਟੈਂਟ ਐਸ. ਐਸ. ਕੋਹਲੀ ਨੂੰ ਅਦਾਇਗੀ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਪ੍ਰਤੀ ਗਿਣਤੀ, ਬਾਰੀਕੀ ਦੀ ਚੈਕਿੰਗ ਹੈ। ਗੁਰੁ ਸਾਹਿਬ ਸਤਿਕਾਰ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ’। ਕੀ ਉਸ ਚਾਰਟਰਡ ਅਕਾਉਟੈਂਟ ਪਾਸੋਂ ਬਣਦੀ ਰਕਮ ਸਾਢੇ ਸੱਤ ਕਰੋੜ ਬਿਨ੍ਹਾਂ ਕਾਨੂੰਨੀ ਕਾਰਵਾਈ ਲਈ ਜਾ ਸਕੇਗੀ ਜਾਂ ਸਮਰੱਥ ਹੋਣ ਦੀ ਆੜ ਚ ਮਾਮਲਾ ਹੀ ਦੱਬਾ ਦਿੱਤਾ ਜਾਵੇਗਾ?
ਜਾਂਚ ਰਿਪੋਰਟ ਦੇ ਪੇਜ ਨੰਬਰ 3 ਅਨੁਸਾਰ ਜਿਲਦਸਾਜਾਂ ਪਾਸ ਜੋ ਪਾਵਨ ਸਰੂਪ ਦੇ ਜੋ ਅੰਗ ਛਪਕੇ ਆਉਂਦੇ ਹਨ ਉਹ ਇਨ੍ਹਾਂ ਦੀ ਲੋੜ ਤੋਂ ਵੱਧ ਆਉਂਦੇ ਸਨ। ਕਈ ਸਾਲਾਂ ਤੀਕ ਇਹ ਵਾਧੂ ਅੰਗ ਹਾਲ ਨੰਬਰ 3-4 ਵਿੱਚ ਬਿਨ੍ਹਾਂ ਰਿਕਾਰਡ ਤੇ ਅਦਬ ਸਤਿਕਾਰ ਰੱਖਿਆ ਜਾਂਦਾ ਹੈ। ਹੁਣ ਇਹ ਤਾਂ ਪੁਛਣਾ ਜਰੂਰ ਬਣਦਾ ਹੈ ਤੇ ਸਿੱਖ ਸੰਗਤਾਂ ਪੁਛਣਗੀਆਂ ਵੀ ਜਰੂਰ ਕਿ ਜਿਹੜੇ ਕਮੇਟੀ ਦੀ ਹੋਂਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਦੇ ਪਰਚਾਰ ਪ੍ਰਸਾਰ ਤੇ ਅਦਬ ਸਤਿਕਾਰ ਕਰਕੇ ਹੈ ਉਸਦੇ ਆਪਣੇ ਪ੍ਰਬੰਧ ਹੇਠ ਅਜੇਹੀ ਗਲਤੀ ਹੋਵੇ ਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਨਾ ਹੋਵੇ। ਆਖਿਰ ਵਾਧੂ ਅੰਗ ਤੋਂ ਤਿਆਰ ਸਰੂਪ ਕਿਥੇ ਗਏ? ਇਹ ਗਿਣਤੀ ਜਿਲਦਸਾਜ ਵੀ ਜਾਣਦੇ ਹੋਣਗੇ ਤੇ ਮੁਲਾਜਮ ਵੀ, ਅਧਿਕਾਰੀ ਵੀ ਲੇਕਿਨ ਜਿਲਦਸਾਜਾਂ ਦਾ ਠੇਕਾ ਰੱਦ ਕਰਨਾ ਸਾਜਿਸ਼ ਤੀਕ ਪੁਜਣ ਦਾ ਰਾਹ ਬੰਦ ਕਰਨਾ ਹੈ ਤੇ ਫਿਰ ਜਦੋਂ ਇਹ ਰਾਹ ਕਿਸੇ ਸੀਨੀਅਰ ਕਮੇਟੀ ਮੈਂਬਰ ਨੂੰ ਸੇਕ ਦੇਣ ਵਾਲਾ ਹੋਵੇ। ਸ਼੍ਰੋਮਣੀ ਕਮੇਟੀ ਸਮਰੱਥ ਹੋਵੇ ਕੌਮ ਨੂੰ ਖੁਸ਼ੀ ਹੋਵੇਗੀ ਲੇਕਿਨ ਗੁਰੂੁ ਸਿਧਾਂਤ ਤੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਪ੍ਰਤੀ ਕੁਤਾਹੀ ਕਰਨ ਵਾਲਿਆਂ ਨਾਲ ਨਰਮੀ ਸਮਰੱਥਾ ਨਹੀ ਬਲਕਿ ਕਿਸੇ ਮਜਬੂਰੀ ਦਾ ਸੰਕੇਤ ਹੈ। ਕਦੇ ਖੁੱਦ ਨੂੰ ਸ਼੍ਰੋਮਣੀ ਅਕਾਲੀ ਦਲ ਹੋਣ ਦਾ ਦਾਅਵਾ ਕਰਨ ਵਾਲਾ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਦਲ ਸਾਲ 2015 ਵਿੱਚ ਵਾਪਰੀ ਬੇਅਦਬੀ ਦੀ ਘਟਨਾ ਕਾਰਣ ਸ਼੍ਰੋਮਣੀ ਹੋਣ ਦਾ ਮਾਣ ਗਵਾ ਚੁਕਾ ਹੈ, ਉਸਦੇ ਕਬਜੇ ਹੇਠਲੀ ਕਮੇਟੀ ਅਜੇਹਾ ਕਲੰਕ ਖੱਟਣ ਤੋਂ ਅਜੇ ਵੀ ਪ੍ਰਹੇਜ ਕਰ ਸਕਦੀ ਹੈ।
* ਲੇਖਕ ਨਾਲ +91-98553-13236 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।