ਸਿੱਖ ਖਬਰਾਂ

ਪੰਜਾਬ ਪੁਲੀਸ ਦਾ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਆਖਿਰ ਕਾਨੂੰਨੀ ਗੇੜ ਵਿਚ ਫਸ ਹੀ ਗਿਆ

By ਸਿੱਖ ਸਿਆਸਤ ਬਿਊਰੋ

May 08, 2020

ਪੰਜਾਬ ਪੁਲੀਸ ਦਾ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਆਖਿਰ ਕਾਨੂੰਨੀ ਗੇੜ ਵਿਚ ਫਸ ਹੀ ਗਿਆ। ਜਦ ਤੱਕ ਵਰਦੀ ਵਿਚ ਸੀ, ਹੋਰ ਗੱਲ ਸੀ, ਬਚਦਾ ਰਿਹਾ ਪਰ ਆਖਿਰ ਕੀਤੀਆਂ ਵਧੀਕੀਆਂ ਦਾ ਖਮਿਆਜ਼ਾ ਭੁਗਤਣ ਦਾ ਵੇਲਾ ਆ ਗਿਆ।

ਜਦ ਕੱਲ੍ਹ ਦੇਰ ਰਾਤ ਪਰਚਾ ਦਰਜ਼ ਹੋਣ ਦਾ ਪਤਾ ਲੱਗਿਆ ਤਾਂ ਸੈਣੀ ਨੇ ਹਿਮਾਚਲ ਪ੍ਰਦੇਸ਼ ਜਾਣਾ ਚਾਹਿਆ। ਸਵੇਰੇ ਚਾਰ ਵਜੇ ਹਿਮਾਚਲ ਪੁਲੀਸ ਨੇ ਸਖਤੀ ਨਾਲ ਆਪਦੇ ਸੂਬੇ ਵਿਚ ਦਾਖਲ ਹੋਣ ਤੋਂ ਜਦ ਮਨ੍ਹਾ ਕਰ ਦਿਤਾ ਤਾਂ ਸੈਣੀ ਅਣਦੱਸੇ ਸਫਰ ਤੇ ਤੁਰ ਪਿਆ।

ਚੇਤੇ ਰਹੇ ਕਿ ਸੈਣੀ ਨੇ ਖਾੜਕੂਵਾਦ ਦੌਰਾਨ ਬਹੁਤ ਵੱਡੇ ਪੱਧਰ ਉਤੇ ਧੱਕੇਸ਼ਾਹੀਆਂ ਕੀਤੀਆਂ ਤੇ ਬੇਦੋਸ਼ੇ ਸਿਖਾਂ ਦਾ ਘਾਣ ਕੀਤਾ।

ਪਿਛੇ ਜਿਹੇ ਪਿੰਕੀ ਕੈਟ ਨੇ ਵੀ ਦੱਸਿਆ ਸੀ ਕਿ ਪ੍ਰੋ. ਰਾਜਿੰਦਰਪਾਲ ਸਿੰਘ ਬੁਲਾਰਾ ਤੇ ਤਿੰਨ ਹੋਰ ਸਿੱਖਾਂ ਨੂੰ ਕਿਵੇਂ ਮੋਹਾਲੀ ਤੋਂ ਚੁੱਕਕੇ ਲਿਆਂਦਾ ਸੀ ਲੁਧਿਆਣੇ ਦੁੱਗਰੀ ਵਿਚ ਸੀ.ਆਰ.ਪੀ.ਐਫ. ਦੇ ਹੈਡਕਵਾਰਟਰ ਵਿਚ ਲਿਆਕੇ ਸੈਣੀ ਦੇ ਹਵਾਲੇ ਕੀਤਾ ਸੀ ਜਿੰਨਾਂ ਨੂੰ ਮਗਰੋਂ ਝੂਠੇ ਮੁਕਾਬਲਿਆਂ ਵਿਚ ਮਾਰ ਦਿਤਾ ਗਿਆ।

ਹੁਣ ਜਿਸ ਮਾਮਲੇ ਵਿਚ ਸੈਣੀ ਉਤੇ ਕੇਸ ਦਰਜ਼ ਹੋਇਆ ਹੈ ਸਿੱਧਾ ਸਬੰਧ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਨਾਲ ਵੀ ਜੁੜਦਾ ਹੈ।

ਚੇਤੇ ਰਹੇ ਕਿ ਪੁਲੀਸ ਨੇ ਪ੍ਰੋ. ਭੁੱਲਰ ਦੇ ਪਿਤਾ ਸ. ਬਲਵੰਤ ਸਿੰਘ ਨੂੰ ਕਤਲ ਕਰ ਕੇ ਕਿਧਰੇ ਖਪਾ ਦਿੱਤਾ ਸੀ। ਪ੍ਰੋ. ਭੁੱਲਰ ਦੇ ਪਿਤਾ ਜੀ ਦੇ ਵਾਂਗ ਹੀ ਉਹਨਾਂ ਦੇ ਮਾਸੜ ਜੀ ਵੀ ਜ਼ੁਲਮ ਦਾ ਸ਼ਿਕਾਰ ਹੋਏ ਜੋ ਕਿ ਅੱਜ ਤਕ ਪੁਲੀਸ ਵੱਲੋਂ ਚੁੱਕੇ ਜਾਣ ਤੋਂ ਬਾਅਦ ਲੱਭੇ ਹੀ ਨਹੀਂ।

ਅੱਜ ਜਿਸ ਬਲਵੰਤ ਸਿੰਹ ਮੁਲਤਾਨੀ ਅਗਵਾਹ ਦੇ ਮਾਮਲੇ ਵਿਚ ਸੈਣੀ ਉਤੇ ਪਰਚਾ ਦਰਜ਼ ਹੋਇਆ ਉਹ ਵੀ ਪ੍ਰੋ. ਭੁੱਲਰ ਦਾ ਕਰੀਬੀ ਦੋਸਤ ਸੀ ਤੇ ਸਰਕਾਰੀ ਅਧਿਕਾਰੀ ਸੀ।

ਬਲਵੰਤ ਸਿੰਘ ਮੁਲਤਾਨੀ ਤੇ ਪ੍ਰੋ.ਭੁੱਲਰ ਦੇ ਪਿਤਾ ਤੇ ਮਾਸੜ ਨੂੰ ਖਤਮ ਕਰਵਾਉਣ ਲਈ ਜਿੰਮੇਵਾਰ ਸੈਣੀ ਨੇ ਕਦੇ ਸੋਚਿਆ ਵੀ ਨਹੀ ਹੋਣਾ ਕਿ ਜਿਸ ਹਕੂਮਤੀ ਸਿਸਟਮ ਦੇ ਕਹਿਣ ਉਤੇ ਉਹਨੇ ਸਿਖਾਂ ਦਾ ਘਾਣ ਕੀਤਾ ਉਹ ਇਹੋ ਜਿਹੇ ਦਿਨ ਵੀ ਦਿਖਾ ਸਕਦੀ ਹੈ।

ਮੁਲਤਾਨੀ ਦੇ ਭਰਾ ਨੇ ਆਪਦੇ ਗਾਇਬ ਕੀਤੇ ਭਰਾ ਦੇ ਮਾਮਲੇ ਦੀ ਪੈੜ ਦੱਬੀ ਰੱਖੀ। ਆਖਿਰ ਮੁਕਦਮਾ ਦਰਜ਼ ਹੋ ਗਿਆ।

ਚੇਤੇ ਰਹੇ ਕਿ ਸੈਣੀ ਨੇ ਬਾਦਲਕਿਆਂ ਦੇ ਰਾਜ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਡੀ.ਜੀ.ਪੀ. ਵਿਰਕ ਖਿਲਾਫ ਮੁੱਖ ਭੂਮਿਕਾ ਨਿਭਾਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: