ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਏਸ਼ੀਆਈ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਪੁਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ੍ਰੀ ਦਰਬਾਰ ਸਾਹਿਬ ਫੇਰੀ, ਸਿਰ ‘ਤੇ ਟੋਪੀ ਪਹਿਨੀ ਹੋਣ ‘ਤੇ ਸਿਰੋਪਾਉ ਦਿੱਤੇ ਜਾਣ ਕਾਰਣ ਚਰਚਾ ਦਾ ਵਿਸ਼ਾ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸਬੰਧਤ ਸ਼੍ਰੋਮਣੀ ਕਮੇਟੀ ਕਾਰਜਕਾਰਣੀ ਮੈਂਬਰ ਸ. ਸੁਰਜੀਤ ਸਿੰਘ ਕਾਲਾਬੂਲਾ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਵੋਟਾਂ ਮੰਗਣ ਆਏ ਮੋਦੀ ਨੂੰ ਬਾਦਲਕੇ ਸਿਰ ‘ਤੇ ਬੰਨ੍ਹੀ ਹੋਈ ਪੱਗ ਰੱਖ ਸਕਦੇ ਹਨ ਤਾਂ ਫਿਰ ਦਰਬਾਰ ਸਾਹਿਬ ਫੇਰੀ ਦੌਰਾਨ ਸਿਰ ‘ਤੇ ਰੁਮਾਲ ਬੰਨਣ ਤੋਂ ਗੁਰੇਜ ਕਿਉਂ ਕੀਤਾ ਗਿਆ?
ਜ਼ਿਕਰਯੋਗ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਫਗਾਨਿਸਤਾਨ ਦੇ ਰਾਸ਼ਟਰਪਤੀ ਜਨਾਬ ਅਸ਼ਰਫ ਗਨੀ, ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਫੂਡ ਪ੍ਰੋਸੈਸਿੰਗ ਸਨਅਤ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ, ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਸਹਿਤ ਬੀਤੇ ਕਲ੍ਹ ਦੇਰ ਸ਼ਾਮ 8.15 ਵਜੇ ਦਰਬਾਰ ਸਾਹਿਬ ਮੱਥਾ ਟੇਕਣ ਪੁਜੇ ਸਨ। ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੁਰਾਂ ਨੇ ਨਰਿੰਦਰ ਮੋਦੀ, ਜਨਾਬ ਅਸ਼ਰਫ ਗਨੀ ਸਮੇਤ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਨੂੰ ਸਿਰੋਪਾਉ ਦਿੱਤੇ। ਨਰਿੰਦਰ ਮੋਦੀ ਨੇ ਸਿਰ ‘ਤੇ ਉਨ ਦੀ ਟੋਪੀ ਪਾਈ ਹੋਈ ਸੀ ਜਦੋਂ ਕਿ ਅਸ਼ਰਫ ਗਨੀ ਰਵਾਇਤੀ ਪਠਾਣੀ ਟੋਪੀ ਨਾਲ ਲੈਸ ਸਨ। ਰਾਜਪਾਲ ਵੀ.ਪੀ. ਬਦਨੌਰ , ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ, ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਸਮੇਤ ਇਸ ਕਾਫਲੇ ਨਾਲ ਚਲ ਰਹੇ ਵੱਡੀ ਗਿਣਤੀ ਗੈਰ ਸਿੱਖ ਸੁਰੱਖਿਆ ਅਧਿਕਾਰੀਆਂ ਅਤੇ ਸਟਾਫ ਨੇ ਸਿਰਾਂ ਉਤੇ ਚਿੱਟੇ ਪਟਕੇ ਬੰਨੇ ਹੋਏ ਸਨ।
ਸਬੰਧਤ ਖ਼ਬਰ: ਸਿਆਸੀ ਮੁਫਾਦਾਂ ਲਈ ਬਾਦਲ ਹਕੂਮਤ ਵਲੋਂ ਚਾਪਲੂਸੀ ਦੇ ਹੱਦ ਬੰਨੇ ਟੱਪਣ ਦਾ ਹਿਸਾਬ ਕੌਮ ਜ਼ਰੂਰ ਲਵੇਗੀ …
ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਬੰਧਕਾਂ ਵਲੋਂ ਸਿਰ ‘ਤੇ ਕਿਸੇ ਕਿਸਮ ਦੀ ਟੋਪੀ ਪਹਿਨ ਕੇ ਪਰਕਰਮਾ ਵਿੱਚ ਹੀ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਅਜਿਹੇ ਵਿੱਚ ਸਿਰ ‘ਤੇ ਟੋਪੀ ਪਹਿਨੀ ਨਰਿੰਦਰ ਮੋਦੀ ਨੂੰ ਦਰਬਾਰ ਸਾਹਿਬ ਅੰਦਰ ਸਿਰੋਪਾਉ ਦੇਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੁਰਜੀਤ ਸਿੰਘ ਕਾਲਾਬੂਲਾ ਨੇ ਕਿਹਾ ਹੈ ਕਿ ਦਸਤਾਰ ਸਿੱਖ ਦੇ ਸਿਰ ਦਾ ਤਾਜ ਹੈ ਤੇ ਇਹ ਸਰਦਾਰੀ ਹਾਸਿਲ ਕਰਨ ਹਿੱਤ ਅਨਗਿਣਤ ਸ਼ਹਾਦਤਾਂ ਦਿੱਤੀਆਂ ਗਈਆਂ ਪਰ ਪਰਕਾਸ਼ ਸਿੰਘ ਬਾਦਲ ਤੇ ਉਸਦੇ ਦਲ ਦੇ ਆਗੂਆਂ ਨੇ ਇਸ ਦਸਤਾਰ ਨੂੰ ਵੀ ਮਹਿਜ ਵੋਟਾਂ ਬਟੋਰਨ ਦਾ ਸਾਧਨ ਹੀ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਾਦਲ ਦਲ ਹਰ ਗੈਰ ਸਿੱਖ ਆਗੂ ਦੇ ਸਿਰ ‘ਤੇ ਦਸਤਾਰ ਬੰਨਵਾ ਕੇ ਉਸਨੂੰ ਸਿੱਖ ਹਿਤੈਸ਼ੀ ਹੋਣ ਦਾ ਪ੍ਰਭਾਵ ਦਿੰਦੇ ਹਨ ਪਰ ਦਰਬਾਰ ਸਾਹਿਬ ਦੀ ਮਰਿਆਦਾ ਦਾ ਮਾਣ ਰੱਖਣ ਖਾਤਿਰ ਨਰਿੰਦਰ ਮੋਦੀ ਨੂੰ ਸਿਰ ‘ਤੇ ਪਟਕਾ ਜਾਂ ਰੁਮਾਲ ਬੰਨਣ ਲਈ ਵੀ ਪ੍ਰੇਰ ਨਹੀਂ ਸਕੇ। ਕਾਲਾਬੂਲਾ ਨੇ ਤਾੜਨਾ ਕੀਤੀ ਹੈ ਕਿ ਸਿੱਖ ਕੌਮ ਦੇ ਕੇਂਦਰੀ ਅਸਥਾਨ ਦੀ ਮਰਿਆਦਾ ਨਾਲ ਖਿਲਵਾੜ ਕਰਨਾ ਕੌਮ ਦੇ ਵਡੇਰੇ ਹਿੱਤਾਂ ਵਿੱਚ ਨਹੀਂ ਹੈ ਤੇ ਇਸਦਾ ਖਮਿਆਜ਼ਾ ਬਾਦਲਾਂ ਨੂੰ ਭੁਗਤਣਾ ਹੀ ਪਵੇਗਾ।
ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਨਰਿੰਦਰ ਮੋਦੀ ਦੇ ਨਾਲ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ, ਉੱਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਪੁਲਿਸ ਕਮਿਸ਼ਨਰ ਲੋਕ ਨਾਥ ਆਂਗਰਾ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਮੁੱਖ ਸਕੱਤਰ ਹਰਚਰਨ ਸਿੰਘ, ਕਾਰਜਕਾਰਣੀ ਮੈਂਬਰ ਰਾਮ ਸਿੰਘ, ਮੈਂਬਰ ਮਨਜੀਤ ਸਿੰਘ, ਰਜਿੰਦਰ ਸਿੰਘ ਮਹਿਤਾ ਅਤੇ ਬਾਵਾ ਸਿੰਘ ਗੁਮਾਨਪੁਰਾ ਤੇ ਕਮੇਟੀ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
ਸਬੰਧਤ ਖ਼ਬਰ: ਮੋਦੀ ਦੀ ਦਰਬਾਰ ਸਾਹਿਬ ਆਮਦ ਵੇਲੇ ਮਰਯਾਦਾ ਦੀ ਉਲੰਘਣਾ ਨਾਕਾਬਲੇ ਬਰਦਾਸ਼ਤ: ਯੂਨਾਇਟਿਡ ਖ਼ਾਲਸਾ ਦਲ ਯੂ.ਕੇ. …
3 ਦਸੰਬਰ ਦੀ ਰਾਤ ਤਕਰੀਬਨ 8.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਫਗਾਨ ਰਾਸ਼ਟਰਪਤੀ ਅਸ਼ਰਫ ਘਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਹਰਮਿਸਰਤ ਕੌਰ ਬਾਦਲ ਸਮੇਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਤਕਰੀਬਨ ਸਾਰੇ ਭਾਰਤੀ ਚੈਨਲਾਂ ‘ਤੇ ਇਸ ਫੇਰੀ ਨੂੰ ਲਾਈਵ ਦਿਖਾਇਆ ਜਾ ਰਿਹਾ ਸੀ। ਕੁਝ ਚਿਰ ਬਾਅਦ ਹੀ ਲੋਕਾਂ ਨੇ ਆਪਣੇ ਫੋਨ ‘ਤੇ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਪਾਉਣੀ ਸ਼ੁਰੂ ਕਰ ਦਿੱਤੀ ਜੋ ਲਗਾਤਾਰ ਸ਼ੇਅਰ ਹੋ ਰਹੀ ਹੈ।