May 29, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਇਕ ਫੌਜੀ ਅਫ਼ਸਰ ਗੋਗੋਈ ਵੱਲੋਂ ਇਕ ਕਸ਼ਮੀਰੀ ਨੌਜਵਾਨ ਨੂੰ ‘ਮਨੁੱਖੀ ਢਾਲ’ ਵਜੋਂ ਵਰਤਣ ਦੀ ਹਮਾਇਤ ਕਰਦਿਆਂ ਭਾਰਤੀ ਜ਼ਮੀਨੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਨੂੰ ‘ਲੁਕਵੀਂ ਜੰਗ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹੜੀ ਨਵੇਂ ਤਰੀਕਿਆਂ ਨਾਲ ਲੜਨੀ ਪਵੇਗੀ।
ਭਾਰਤ ਸਰਕਾਰ ਦੀ ਖ਼ਬਰ ਏਜੰਸੀ ਪ੍ਰੈਸ ਟਰੱਸਟ ਆਫ ਇੰਡੀਆ (PTI) ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਜਨਰਲ ਰਾਵਤ ਨੇ ਕਿਹਾ ਕਿ ਜਿਸ ਸਮੇਂ ਮਨੁੱਖੀ ਢਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਤਾਂ ਮੇਜਰ ਲੀਤੁਲ ਗੋਗੋਈ ਨੂੰ ਸਨਮਾਨ ਦੇਣ ਦਾ ਮੁੱਖ ਮੰਤਵ ਭਾਰਤੀ ਫੌਜ ਦੇ ਨੌਜਵਾਨ ਅਫ਼ਸਰਾਂ ਦਾ ਮਨੋਬਲ ਉੱਚਾ ਕਰਨਾ ਹੈ, ਜਿਨ੍ਹਾਂ ਨੂੰ ਅਲਹਿਦਗੀ ਦੀ ਲਹਿਰ ਵਾਲੇ ਇਲਾਕਿਆਂ ਵਿੱਚ ਮੁਸ਼ਕਲ ਮਾਹੌਲ ਵਿੱਚ ਕੰਮ ਕਰਨਾ ਪੈ ਰਿਹਾ ਹੈ। ਇਸ ਮੁੱਦੇ ਉਤੇ ਮੀਡੀਆ ਵਿੱਚ ਆਈਆਂ ਜਨਰਲ ਦੀਆਂ ਸਭ ਤੋਂ ਵਿਆਪਕ ਟਿੱਪਣੀਆਂ ਵਿੱਚ ਉਨ੍ਹਾਂ ਕਿਹਾ, “ਇਹ ਅਸਿੱਧੀ ਜੰਗ ਹੈ ਅਤੇ ਅਸਿੱਧੀ ਲੜਾਈ ਲੁਕਵੀਂ ਹੁੰਦੀ ਹੈ। ਇਹ ਲੁਕਵੇਂ ਤਰੀਕੇ ਨਾਲ ਹੀ ਲੜੀ ਜਾਵੇਗੀ। ਦੁਸ਼ਮਣ ਵੱਲੋਂ ਸਿੱਧਾ ਤੁਹਾਡਾ ਸਾਹਮਣਾ ਕਰਨ ਵਾਲੀ ਲੜਾਈ ਦੇ ਨਿਯਮ ਹਨ। ਜਦੋਂ ਲੁਕਵੀਂ ਜੰਗ ਦੀ ਗੱਲ ਆਉਂਦੀ ਹੈ ਤਾਂ ਇਸ ਵਿੱਚ ਨਿਵੇਕਲੇ ਤਰੀਕੇ ਸਾਹਮਣੇ ਆਉਂਦੇ ਹਨ। ਤੁਸੀਂ ਨਵੇਂ ਤਰੀਕਿਆਂ ਨਾਲ ਹੀ ਇਹ ਲੁਕਵੀਂ ਜੰਗ ਲੜੋਗੇ।”
ਸਬੰਧਤ ਖ਼ਬਰ:
ਕਸ਼ਮੀਰ ‘ਚ 1989 ਤੋਂ ਹੁਣ ਤਕ 5 ਹਜ਼ਾਰ ਫੌਜੀਆਂ ਸਣੇ 40 ਹਜ਼ਾਰ ਜਾਨਾਂ ਗਈਆਂ: ਭਾਰਤੀ ਗ੍ਰਹਿ ਮੰਤਰਾਲਾ …
ਪਿਛਲੇ ਮਹੀਨੇ ਰੋਸ ਪ੍ਰਦਰਸ਼ਨਾਂ ਅਤੇ ਪੱਥਰਬਾਜ਼ੀ ਤੋਂ ਬਚਣ ਲਈ ਇਕ ਕਸ਼ਮੀਰੀ ਨੌਜਵਾਨ (ਜੋ ਕਿ ਪੱਥਰਬਾਜ਼ੀ ‘ਚ ਸ਼ਾਮਲ ਨਹੀਂ ਸੀ) ਨੂੰ ਫੌਜ ਦੀ ਜੀਪ ਨਾਲ ਬੰਨ੍ਹਣ ਵਾਲੇ ਗੋਗੋਈ ਨੂੰ ਜ਼ਮੀਨੀ ਫੌਜ ਮੁਖੀ ਵੱਲੋਂ ਪ੍ਰਸੰਸਾ ਪੱਤਰ ਦੇਣ ਦੀ ਦੁਨੀਆ ਭਰ ਦੇ ਮਨੁੱਖੀ ਅਧਿਕਾਰ ਕਾਰਕੁਨਾਂ, ਕਸ਼ਮੀਰੀ ਗਰੁੱਪਾਂ ਨੇ ਨਿੰਦਾ ਕੀਤੀ।
ਜਨਰਲ ਰਾਵਤ ਨੇ ਕਿਹਾ, “ਲੋਕ ਸਾਡੇ ਪੱਥਰ ਮਾਰਦੇ ਹਨ, ਸਾਡੇ ਉਤੇ ਪੈਟਰੋਲ ਬੰਬ ਸੁੱਟਦੇ ਹਨ। ਜੇ ਮੇਰਾ ਕੋਈ ਜਵਾਨ ਮੈਨੂੰ ਪੁੱਛਦਾ ਹੈ ਕਿ ਅਸੀਂ ਕੀ ਕਰੀਏ, ਤਾਂ ਕੀ ਮੈਂ ਇਹ ਕਹਾਂ ਕਿ ਮੌਤ ਦਾ ਇੰਤਜ਼ਾਰ ਕਰ? ਮੈਂ ਵਧੀਆ ਜਿਹਾ ਤਾਬੂਤ ਲੈ ਕੇ ਆਵਾਂਗਾ ਅਤੇ ਤੁਹਾਡੀਆਂ ਲਾਸ਼ਾਂ ਨੂੰ ਪੂਰੇ ਸਨਮਾਨ ਨਾਲ ਤੁਹਾਡੇ ਘਰ ਭੇਜਾਂਗਾ। ਮੈਨੂੰ ਉਥੇ ਤਾਇਨਾਤ ਆਪਣੇ ਜਵਾਨਾਂ ਦਾ ਮਨੋਬਲ ਬਰਕਰਾਰ ਰੱਖਣਾ ਪਵੇਗਾ। ਰਾਜ ਵਿੱਚ ਸੁਰੱਖਿਆ ਚੁਣੌਤੀ ਦੀ ਗੁੰਝਲ ਬਾਰੇ ਗੱਲ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਭਾਰਤੀ ਫੌਜੀ ਦਸਤਿਆਂ ਲਈ ਸਥਿਤੀ ਉਦੋਂ ਵੱਧ ਸੁਖਾਵੀਂ ਹੁੰਦੀ ਹੈ, ਜਦੋਂ ਮੁਜ਼ਾਹਰਾਕਾਰੀ ਪੱਥਰ ਦੀ ਬਜਾਏ ਹਥਿਆਰ ਚਲਾਉਣ। ਉਨ੍ਹਾਂ ਕਿਹਾ ਕਿ “ਮੈਂ ਚਾਹੁੰਦਾ ਹਾਂ ਕਿ ਇਹ ਲੋਕ ਪੱਥਰ ਦੀ ਥਾਂ ਸਾਡੇ ਉਤੇ ਹਥਿਆਰ ਚਲਾਉਣ। ਉਦੋਂ ਮੈਂ ਬਹੁਤ ਖ਼ੁਸ਼ ਹੋਵਾਂਗਾ। ਉਦੋਂ ਹੀ ਮੈਂ ਉਹ ਚੀਜ਼ ਕਰ ਸਕਾਂਗਾ, ਜੋ ਮੈਂ ਕਰ ਸਕਦਾ ਹਾਂ।” ਜੰਮੂ ਕਸ਼ਮੀਰ ਵਿੱਚ ਲੰਮਾ ਸਮਾਂ ਤਾਇਨਾਤ ਰਹੇ ਜਨਰਲ ਰਾਵਤ ਨੇ ਕਿਹਾ ਕਿ ਜੇ ਕਿਸੇ “ਮੁਲਕ” ਦੀ ਜਨਤਾ ਫੌਜ ਤੋਂ ਨਹੀਂ ਡਰਦੀ ਤਾਂ ਉਸ ਦੇਸ਼ ਦਾ ਸਰਬਨਾਸ਼ ਹੋ ਜਾਂਦਾ ਹੈ।
ਸਬੰਧਤ ਖ਼ਬਰ:
ਕੈਪਟਨ ਅਮਰਿੰਦਰ ਨੇ ਕਸ਼ਮੀਰ ‘ਚ ਭਾਰਤੀ ਫੌਜ ਦੇ ਅਤਿਆਚਾਰਾਂ ਦੀ ਹਮਾਇਤ ਕੀਤੀ …
ਜ਼ਮੀਨੀ ਫੌਜ ਮੁਖੀ ਨੇ ਕਿਹਾ ਕਿ “ਦੁਸ਼ਮਣ ਤੁਹਾਡੇ ਤੋਂ ਜ਼ਰੂਰ ਭੈਅ ਖਾਣ ਅਤੇ ਤੁਹਾਡੇ ਲੋਕ ਵੀ ਤੁਹਾਡੇ ਤੋਂ ਡਰਨ। ਜਦੋਂ ਸਾਨੂੰ ਕਾਨੂੰਨ ਤੇ ਵਿਵਸਥਾ ਲਾਗੂ ਕਰਨ ਲਈ ਸੱਦਿਆ ਜਾਂਦਾ ਹੈ ਤਾਂ ਸਥਿਤੀ ਅਜਿਹੀ ਹੋਵੇ ਕਿ ਲੋਕ ਸਾਥੋਂ ਡਰਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
People Must ‘Fear’ Indian Army, ‘Innovative’ Ways Needed To Fight In Kashmir : General Bipin Rawat …
Related Topics: All News Related to Kashmir, Human Rights Abuse, Indian Army