ਲੁਧਿਆਣਾ (31 ਮਾਰਚ, 2012 – ਸਿੱਖ ਸਿਆਸਤ): 1947 ਤੋਂ ਹੁਣ ਤੱਕ ਸਰਕਾਰੀਆਂ ਸੰਗੀਨਾਂ ਦਾ ਮੂੰਹ ਹਮੇਸ਼ਾਂ ਸਿੱਖਾਂ ਵਲ ਹੀ ਰਿਹਾ ਹੈ ਅਤੇ ਫਾਂਸੀਆਂ ਦੇ ਰੱਸੇ, ਜੇਲ਼੍ਹਾਂ ਦੀਆਂ ਕੋਠੜੀਆਂ ਤੇ ਬੰਦੂਕਾਂ ਦੀਆਂ ਗੋਲੀਆਂ ਨੇ ਹਮੇਸ਼ਾ ਸਿੱਖਾਂ ਲਈ ਗੁਲਾਮੀ ਦਾ ਰੱਸਾ ਹੋਰ ਪੀਂਡਾ ਕੀਤਾ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਕੇਂਦਰੀ ਜੇਲ੍ਹ ਲੁਧਿਆਣਾ ‘ਚੋਂ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਗੁਰਦਾਸਪੁਰ ਗੋਲੀ ਕਾਂਡ ਨੇ ਇਸ ਗੱਲ ਨੂੰ ਮੁੜ ਦੁਹਰਾ ਕੇ ਪੱਕਾ ਕਰ ਦਿੱਤਾ ਹੈ ਕਿ ਭਾਰਤੀ ਸਟੇਟ ਜਾਂ ਉਸਦੀ ਸਰਪ੍ਰਸਤੀ ਹਾਸਲ ਪੰਜਾਬ ਸਰਕਾਰ ਦੀ ਸਿੱਖਾਂ ਪ੍ਰਤੀ ਬੇ-ਇਨਸਾਫੀ ਤੇ ਧੱਕੇ ਦੀਆਂ ਨੀਤੀਆਂ ਨੇ ਸਿੱਖਾਂ ਦਾ ਘਾਣ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਕਿਉਂਕਿ ਗੁਰਦਾਸਪੁਰ ਵਿਚ ਹਿੰਦੂਤਵੀਂ ਭੀੜ ਤੇ ਸਿੱਖ ਨੌਜਾਵਾਨਾਂ ਨੂੰ ਖਿੰਡਾਉਂਣ ਸਮੇਂ ਪੁਲਿਸ ਵਲੋਂ ਸੰਗੀਨਾਂ ਦਾ ਮੂੰਹ ਸਿੱਖਾਂ ਵੱਲ ਹੀ ਰੱਖਿਆ ਗਿਆ ਤੇ ਉਸ ਤੋਂ ਵੀ ਵੱਧ ਸਿਤਮਜਰੀਫੀ ਦੀ ਗੱਲ ਇਹ ਹੈ ਕਿ ਇਸ ਗੋਲੀ ਕਾਂਡ ਲਈ ਅਸਲ ਜਿੰਮੇਵਾਰ ਉੱਚ ਪੁਲਿਸ ਅਧਿਕਾਰੀ ਮੌਕੇ ਉੱਤੇ ਹਾਜ਼ਰ ਹੋਣ ਦੇ ਬਾਵਜੂਦ ਬਲੀ ਦੇ ਬੱਕਰੇ ਹੇਠਲੇ ਕਰਮਚਾਰੀਆਂ ਨੂੰ ਬਣਾ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਅਕਾਲੀ ਸਰਕਾਰ ਤੇ ਸੰਤ ਸਮਾਜ ਨੂੰ ਇਸ ਗੋਲੀ ਕਾਂਡ ਲਈ ਅਸਲ ਦੋਸ਼ੀ ਉੱਚ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜਿਹਨਾਂ ਨੇ ਅਮਨ ਕਾਨੂੰਨ ਲਈ ਨਹੀਂ ਸਗੋਂ ਆਪਣੀ ਮੁਤੱਸਬੀ ਸੋਚ ਤਹਿਤ ਜਾਣ-ਬੁਝ ਕੇ ਅਜਿਹਾ ਕਾਰਾ ਕੀਤਾ ਹੈ।
ਉਹਨਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਪੰਥਕ ਧਿਰਾਂ ਦਾ ਇਕੱਠ ਬਲਾ ਕੇ ਸਿੱਖਾਂ ਦੇ ਗਲ ਪਏ ਗੁਲਾਮੀ ਦੇ ਜੂਲੇ ਨੂੰ ਲਾਹੁਣ ਲਈ ਅਗਲੇਰੇ ਪ੍ਰੋਗਰਾਮ ਦੇਣ।